ਨਸਲੀ ਹਮਲੇ ਵਿੱਚ ਸਿੱਖ ਮਹਿਲਾ ਨਾਲ ਜਬਰ-ਜਨਾਹ ਕਰਨ ਵਾਲੇ ਨੂੰ ਉਮਰ ਕੈਦ

 ਲੈਸਟਰ (ਇੰਗਲੈਂਡ), 24 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)- ਵੈਸਟ ਮਿਡਲੈਂਡਜ਼ ਦੇ ਵਾਲਸਾਲ ਵਿੱਚ ਸਿੱਖ ਮਹਿਲਾ ਨਾਲ ਨਸਲੀ ਨਫਰਤ ਦੇ ਤਹਿਤ ਦਰਿੰਦਗੀ ਭਰਿਆ ਹਮਲਾ ਅਤੇ ਜਬਰ-ਜਨਾਹ ਕਰਨ ਵਾਲੇ ਦੋਸ਼ੀ ਜੌਨ ਐਸ਼ਬੀ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਨਾਲ ਨਸਲਵਾਦੀ ਤੱਤਾਂ ਲਈ ਸਖ਼ਤ ਸੰਦੇਸ਼ ਗਿਆ ਹੈ।
ਅਦਾਲਤੀ ਕਾਰਵਾਈ ਦੌਰਾਨ ਇਹ ਗੱਲ ਖ਼ਾਸ ਤੌਰ &lsquoਤੇ ਸਾਹਮਣੇ ਆਈ ਕਿ ਇਹ ਹਮਲਾ ਧਾਰਮਿਕ ਅਤੇ ਨਸਲੀ ਨਫਰਤ ਨਾਲ ਪ੍ਰੇਰਿਤ ਸੀ। ਦੋਸ਼ੀ ਨੇ ਪੀੜਤਾ ਨੂੰ ਬੱਸ ਤੋਂ ਪਿਛਾ ਕਰਦੇ ਹੋਏ ਉਸਦੇ ਘਰ ਤੱਕ ਜਾ ਕੇ ਹਮਲਾ ਕੀਤਾ, ਜਿੱਥੇ ਉਸ ਨਾਲ ਜਬਰ-ਜਨਾਹ, ਗਲਾ ਘੁੱਟਣ ਅਤੇ ਲੁੱਟਮਾਰ ਵਰਗੀਆਂ ਘਿਨੌਣੀਆਂ ਕਰਤੂਤਾਂ ਕੀਤੀਆਂ ਗਈਆਂ। ਅਦਾਲਤ ਵਿੱਚ ਦੱਸਿਆ ਗਿਆ ਕਿ ਦੋਸ਼ੀ ਨੇ ਹਮਲੇ ਦੌਰਾਨ ਨਸਲੀ ਅਤੇ ਧਾਰਮਿਕ ਗਾਲਾਂ ਕੱਢਦਿਆਂ ਆਪਣੇ ਆਪ ਨੂੰ &ldquoਗੋਰਾ&rdquo ਅਤੇ &ldquoਉੱਚ&rdquo ਦਰਸਾਉਣ ਦੀ ਕੋਸ਼ਿਸ਼ ਕੀਤੀ। ਉਹ ਪੀੜਤਾ ਨੂੰ ਗਲਤਫਹਿਮੀ ਨਾਲ ਮੁਸਲਮਾਨ ਸਮਝਦਾ ਰਿਹਾ ਅਤੇ ਇਸੇ ਨਫਰਤ ਨਾਲ ਹਮਲਾ ਕੀਤਾ ਗਿਆ। ਜੱਜ ਵੱਲੋਂ ਦੋਸ਼ੀ ਨੂੰ &ldquoਖ਼ਤਰਨਾਕ ਅਤੇ ਨਸਲਵਾਦੀ ਮਨੋਵਿਰਤੀ ਵਾਲਾ ਵਿਅਕਤੀ&rdquo ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਵਿੱਚ ਘੱਟੋ-ਘੱਟ ਕਈ ਸਾਲਾਂ ਦੀ ਸਜ਼ਾ ਕੱਟਣੀ ਲਾਜ਼ਮੀ ਹੋਵੇਗੀ। ਸਿੱਖ ਸੰਸਥਾਵਾਂ ਅਤੇ ਕਮਿਊਨਿਟੀ ਆਗੂਆਂ ਨੇ ਕਿਹਾ ਹੈ ਕਿ ਇਹ ਫੈਸਲਾ ਨਿਆਂ ਲਈ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਨਾਲ ਨਸਲੀ ਹਿੰਸਾ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਮਿਲਦੀ ਹੈ ਕਿ ਅਜਿਹੇ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਇਹ ਮਾਮਲਾ ਯੂਕੇ ਭਰ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਅਤੇ ਇਸ ਫ਼ੈਸਲੇ ਨਾਲ ਪੀੜਤਾ ਨੂੰ ਇਨਸਾਫ਼ ਮਿਲਣ ਦੀ ਉਮੀਦ ਜਤਾਈ ਗਈ ਹੈ।