ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹਰਭਜਨ ਸਿੰਘ ਦੀ ਰਿਹਾਇਸ਼ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਹਰ ਰੋਸ ਕੀਤਾ ਪ੍ਰਦਰਸ਼ਨ

ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸ਼ਨਿੱਚਰਵਾਰ ਨੂੰ ਸੰਸਦ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਰਿਹਾਇਸ਼ ਅਤੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੀ ਮਾਲਕੀ ਵਾਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਕੈਂਪਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਹ ਦੋਵੇਂ ਆਗੂ ਸ਼ੁੱਕਰਵਾਰ ਨੂੰ ਪੰਜ ਹੋਰ ਸੰਸਦ ਮੈਂਬਰਾਂ ਸਮੇਤ 'ਆਪ' ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਜਲੰਧਰ ਦੇ ਛੋਟੀ ਬਾਰਾਦਰੀ ਇਲਾਕੇ ਵਿੱਚ ਸਥਿਤ ਹਰਭਜਨ ਸਿੰਘ ਦੇ ਘਰ ਦੇ ਬਾਹਰ 'ਆਪ' ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਮੇਅਰ ਵਿਨੀਤ ਧੀਰ ਅਤੇ ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਕੀਤੀ।ਪ੍ਰਦਰਸ਼ਨਕਾਰੀਆਂ ਨੇ ਦੋਵਾਂ ਆਗੂਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਵਰਕਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ 'ਤੇ ਦੋਵਾਂ ਨੂੰ 'ਗੱਦਾਰ' ਦੱਸਿਆ ਗਿਆ ਸੀ। ਇੰਨਾ ਹੀ ਨਹੀਂ, ਗੁੱਸੇ ਵਿੱਚ ਆਏ ਵਰਕਰਾਂ ਨੇ ਹਰਭਜਨ ਸਿੰਘ ਦੀ ਰਿਹਾਇਸ਼ ਦੇ ਬਾਹਰ 'ਗੱਦਾਰ' ਸ਼ਬਦ ਵੀ ਲਿਖ ਦਿੱਤਾ।