ਗਿਣਮਿਥ ਕੇ ਹੋਈ ਲੜਾਈ ਵਿੱਚ 2 ਮੁੰਡਿਆਂ ਦੀ ਮੌਤ ਤੇ 5 ਜਖਮੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਇੱਕ ਮਿਡਲ ਸਕੂਲ ਨਾਲ ਲੱਗਦੇ ਨਾਰਥ ਕੈਰੋਲੀਨਾ ਪਬਲਿਕ ਪਾਰਕ ਵਿੱਚ ਗਿਣਮਿਥਕੇ ਹੋਈ ਲੜਾਈ ਜੋ ਬਾਅਦ ਵਿੱਚ ਗੋਲੀਬਾਰੀ ਵਿੱਚ ਬਦਲ ਗਈ, 2 ਨੌਜਵਾਨਾਂ ਦੀ ਮੌਤ ਹੋ ਗਈ ਤੇ 5 ਹੋਰ ਜਖਮੀ ਹੋ ਗਏ। ਇਹ ਜਾਣਕਾਰੀ ਵਿੰਸਟਨ- ਸਲੇਮ ਪੁਲਿਸ ਨੇ ਜਾਰੀ ਇਕ ਬਿਆਨ ਵਿੱਚ ਦਿੱਤੀ ਹੈ। ਪੁਲਿਸ ਕੈਪਟਨ ਕੈਵਿਨ ਬਰਨਸ ਨੇ ਦੱਸਿਆ ਕਿ ਸਵੇਰ ਵੇਲੇ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਨਬਾਲਗ ਮੁੰਡਿਆਂ ਦੀ ਪਛਾਣ 17 ਸਾਲਾ ਏਰੂਬੇ ਰੋਮੇਰੋ ਮੈਡੀਨਾ ਤੇ 16 ਸਾਲਾ ਡੈਨੀਅਲ ਜਿਮੇਨੇਜ਼ ਮਿਲੀਅਨ ਵਜੋਂ ਹੋਈ ਹੈ। ਇਨਾਂ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਉਨਾਂ ਕਿਹਾ ਕਿ ਜਖਮੀ 5 ਨੌਜਵਾਨਾਂ ਵਿਚ 4 ਲੜਕੀਆਂ ਤੇ ਇਕ ਲੜਕਾ ਹੈ ਜਿਨਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਇਨਾਂ ਸਾਰਿਆਂ ਦੀ ਉਮਰ 14 ਤੋਂ 19 ਸਾਲ ਦੇ ਦਰਮਿਆਨ ਹੈ। ਪੁਲਿਸ ਨੇ ਇਨਾਂ ਦੀ ਪਛਾਣ ਕਰ ਲਈ ਪਰੰਤੂ ਨਾਂ ਜਨਤਿਕ ਨਹੀਂ ਕੀਤੇ ਹਨ। ਘਟਨਾ ਸਬੰਧੀ ਅਜੇ
ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।