ਕਾਸ਼ ਪਟੇਲ ਵੱਲੋਂ ਮੈਗਜ਼ੀਨ ਵਿਰੁੱਧ 25 ਕਰੋੜ ਡਾਲਰ ਦਾ ਮਾਨਹਾਨੀ ਦਾਅਵਾ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਐਫ ਬੀ ਆਈ ਮੁਖੀ ਕਾਸ਼ ਪਟੇਲ ਨੇ  ਦ ਐਟਲਾਂਟਿਕ ਮੈਗਜ਼ੀਨ ਵੱਲੋਂ ਇਕ ਸਮਾਗਮ ਦੌਰਾਨ ਉਸ ਦੇ ਵਿਵਹਾਰ ਸਬੰਧੀ ਛਾਪੀ ਰਿਪੋਰਟ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ ਤੇ 25 ਕਰੋੜ ਡਾਲਰ ਦਾ ਮਾਨਹਾਨੀ ਦਾਅਵਾ ਕੀਤਾ ਹੈ। ਮੈਗਜ਼ੀਨ ਤੇ ਸਟਾਫ ਮੈਂਬਰ ਸਾਰਾਹ ਫਿਟਜ਼ਪੈਟਰਿਕ ਵਿੁਰੱਧ ਦਾਇਰ ਪਟੀਸ਼ਨ ਵਿੱਚ ਪ੍ਰਕਾਸ਼ਿਤ ਤੱਥਾਂ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਰਿਪਰੋਟ ਵਿੱਚ ਕਿਹਾ ਗਿਆ ਹੈ ਕਿ ਜਿਆਦਾ ਸ਼ਰਾਬ ਪੀਣ ਕਾਰਨ ਪਟੇਲ ਨੂੰ ਕੋਈ ਹੋਸ਼ ਨਹੀਂ ਰਹੀ ਤੇ ਉਸ ਨੇ ਗਲਤ ਵਿਵਹਾਰ ਕੀਤਾ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਰਿਪੋਰਟ ਘੜੀ ਗਈ ਹੈ ਤੇ ਇਸ ਦਾ ਮਕਸਦ ਪਟੇਲ ਦੇ ਕਿਰਦਾਰ ਨੂੰ ਨੁਕਸਾਨ ਪਹੁੰਚਾਉਣਾ ਹੈ ਤਾਂ ਜੋ ਉਸ ਨੂੰ ਅਹੁੱਦੇ ਤੋਂ ਹਟਣ ਲਈ ਮਜਬੂਰ ਕੀਤਾ ਜਾ ਸਕੇ। ਦੂਸਰੇ ਪਾਸੇ ਮੈਗਜ਼ੀਨ ਨੇ ਕਿਹਾ ਹੈ ਕਿ ਉਹ ਆਪਣੇ ਆਪ ਤੇ ਆਪਣੇ ਪੱਤਰਕਾਰਾਂ ਦਾ ਪੂਰੀ ਤਾਕਤ ਨਾਲ ਬਚਾਅ ਕਰਨਗੇ। ਮੈਗਜ਼ੀਨ ਅਨੁਸਾਰ ਰਿਪੋਰਟ ਵਿੱਚ ਕੁਝ ਵੀ ਗਲਤ ਨਹੀਂ ਹੈ ਜੋ ਹੋਇਆ ਹੈ ਉਹ ਹੀ ਪ੍ਰਕਾਸ਼ਿਤ ਕੀਤਾ ਗਿਆ ਹੈ।