ਡਰੋਨ ਬਣਾਉਣ ਵਾਲੀ ਫੈਕਟਰੀ ‘ਤੇ ਹਮਲਾ, 6 ਗ੍ਰਿਫ਼ਤਾਰ

 
ਲੈਸਟਰ (ਇੰਗਲੈਂਡ), 26 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)- ਲੈਸਟਰਸ਼ਾਇਰ ਦੇ ਬ੍ਰਾਊਨਸਟੋਨ ਇਲਾਕੇ ਵਿੱਚ ਸਥਿਤ ਡਰੋਨ ਬਣਾਉਣ ਵਾਲੀ ਇਕ ਫੈਕਟਰੀ &lsquoਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਬੀਤੇ ਦਿਨ ਸਵੇਰੇ ਕਰੀਬ 3 ਵਜੇ ਇਕ ਵਾਹਨ ਫੈਕਟਰੀ ਦੇ ਮੁੱਖ ਦਰਵਾਜ਼ੇ ਨਾਲ ਟਕਰਾ ਦਿੱਤਾ ਗਿਆ ਅਤੇ ਕੁਝ ਲੋਕ ਛੱਤ &lsquoਤੇ ਚੜ੍ਹ ਕੇ ਪ੍ਰਦਰਸ਼ਨ ਕਰਨ ਲੱਗ ਪਏ।
ਪੁਲਿਸ ਦੇ ਅਨੁਸਾਰ ਇਸ ਮਾਮਲੇ ਵਿੱਚ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ &lsquoਤੇ ਜ਼ਬਰਦਸਤੀ ਅੰਦਰ ਦਾਖ਼ਲ ਹੋਣ ਅਤੇ ਤੋੜਫੋੜ ਕਰਨ ਦੇ ਦੋਸ਼ ਲਗਾਏ ਗਏ ਹਨ। ਇਹ ਸਾਰੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਹਨ ਅਤੇ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ।
ਘਟਨਾ ਨੂੰ ਗੰਭੀਰ ਮੰਨਦਿਆਂ ਦਹਿਸ਼ਤਗਰਦੀ ਰੋਕਥਾਮ ਨਾਲ ਜੁੜੀਆਂ ਜਾਂਚ ਏਜੰਸੀਆਂ ਵੀ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਪੁਲਿਸ ਹਰ ਪਾਸੇ ਤੋਂ ਪਤਾ ਲਗਾ ਰਹੀ ਹੈ ਕਿ ਇਸ ਹਮਲੇ ਦੇ ਪਿੱਛੇ ਅਸਲ ਕਾਰਨ ਕੀ ਸਨ।
ਜਾਣਕਾਰੀ ਅਨੁਸਾਰ ਇਹ ਫੈਕਟਰੀ ਡਰੋਨ ਤਿਆਰ ਕਰਦੀ ਹੈ ਅਤੇ ਇਸ ਨੂੰ ਇਕ ਵਿਦੇਸ਼ੀ ਰੱਖਿਆ ਸਾਜ਼ੋ-ਸਾਮਾਨ ਬਣਾਉਣ ਵਾਲੀ ਕੰਪਨੀ ਨੇ ਆਪਣੇ ਅਧੀਨ ਕਰ ਲਿਆ ਸੀ। ਇਹ ਸੰਸਥਾ ਫੌਜ ਨੂੰ ਇਸ ਤਰ੍ਹਾਂ ਦੇ ਸਾਜ਼ੋ-ਸਾਮਾਨ ਮੁਹੱਈਆ ਕਰਦੀ ਹੈ।
ਇਸ ਘਟਨਾ ਦੀ ਜ਼ਿੰਮੇਵਾਰੀ ਇਕ ਗਰੁੱਪ ਨੇ ਲਈ ਹੈ, ਜਿਸ ਨੇ ਦਾਅਵਾ ਕੀਤਾ ਕਿ ਫੈਕਟਰੀ ਇਕ ਵਿਦੇਸ਼ੀ ਦੇਸ਼ ਨਾਲ ਜੁੜੀ ਹੋਈ ਹੈ, ਪਰ ਸੰਬੰਧਿਤ ਸੰਸਥਾ ਨੇ ਇਹ ਦੋਸ਼ ਨਕਾਰ ਦਿੱਤੇ ਹਨ। ਸੰਸਥਾ ਦੇ ਬੁਲਾਰੇ ਨੇ ਕਿਹਾ ਕਿ ਉਹ ਉਸ ਦੇਸ਼ ਦੀ ਫੌਜ ਨੂੰ ਕੋਈ ਸਪਲਾਈ ਨਹੀਂ ਕਰਦੇ।
ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਗਲਤ ਜਾਣਕਾਰੀ ਫੈਲਾ ਕੇ ਹੋਰਾਂ ਨੂੰ ਭੜਕਾ ਰਹੇ ਹਨ, ਜਿਸ ਨਾਲ ਕਾਨੂੰਨ ਦੇ ਖ਼ਿਲਾਫ਼ ਕੰਮ ਹੋ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।