ਖਾਲਸਾ ਸਾਜਨਾ ਦਿਵਸ ਦੇ ਸਬੰਧ ਚ ਲੈਸਟਰ ਚ ਸਜਾਇਆ ਗਿਆ ਵਿਸਾਲ ਨਗਰ ਕੀਰਤਨ

* ਵੱਡੀ ਗਿਣਤੀ ਚ ਸੰਗਤਾਂ ਨੇ ਕੀਤੀ ਸਮੂਲੀਅਤ,ਸੰਗਤਾਂ ਵੱਲੋ ਅਨੇਕਾਂ ਪ੍ਰਕਾਰ ਦੇ ਲੰਗਰਾ ਦੇ ਲਗਾਏ ਗਏ ਅਨੇਕਾਂ ਸਟਾਲ
ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਵਿਸਾਲ ਨਗਰ ਕੀਰਤਨ ਬੜੀ ਸ਼ਰਧਾ, ਉਤਸ਼ਾਹ ਅਤੇ ਚੜ੍ਹਦੀ ਕਲਾ ਦੇ ਮਾਹੌਲ ਵਿੱਚ ਸਜਾਇਆ ਗਿਆ। ਇਹ ਨਗਰ ਕੀਰਤਨ ਸਵੇਰੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਹੋਲੀ ਬੋਨ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਵਿੱਚ ਅਰੰਭ ਹੋਇਆ।
ਅਰੰਭ ਸਮੇਂ ਸੰਗਤਾਂ ਵੱਲੋਂ ਅਰਦਾਸ ਕੀਤੀ ਗਈ ਅਤੇ ਗੁਰਬਾਣੀ ਕੀਰਤਨ ਦੀ ਮਧੁਰ ਧੁਨ ਨਾਲ ਸਾਰਾ ਮਾਹੌਲ ਰੂਹਾਨੀ ਰੰਗ ਵਿੱਚ ਰੰਗਿਆ ਗਿਆ। ਪੰਜ ਪਿਆਰੇ ਪੂਰੇ ਖਾਲਸਾਈ ਬਾਣੇ ਵਿੱਚ ਸਜੇ ਹੋਏ ਪਾਲਕੀ ਸਾਹਿਬ ਦੇ ਅੱਗੇ ਅੱਗੇ ਚੱਲ ਰਹੇ ਸਨ,
ਨਗਰ ਕੀਰਤਨ ਸ਼ਹਿਰ ਦੀਆਂ ਵੱਖ-ਵੱਖ ਸੜਕਾਂ, ਟਾਊਨ ਅਤੇ ਇਲਾਕਿਆਂ ਵਿੱਚੋਂ ਬੜੀ ਸ਼ਾਨ ਨਾਲ ਗੁਜ਼ਰਦਾ ਹੋਇਆ ਦੁਪਹਿਰ ਤਿੰਨ ਵਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ, ਈਸਟ ਪਾਰਕ ਰੋਡ ਵਿਖੇ ਪਹੁੰਚ ਕੇ ਸੰਪੰਨ ਹੋਇਆ। ਰਸਤੇ ਵਿੱਚ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਜੈਕਾਰਿਆਂ ਨਾਲ ਮਾਹੌਲ ਗੂੰਜਦਾ ਰਿਹਾ।
ਨਗਰ ਕੀਰਤਨ ਦੌਰਾਨ ਥਾਂ-ਥਾਂ ਤੇ ਸੰਗਤਾਂ ਵੱਲੋਂ ਬੜੀ ਪ੍ਰੇਮ ਭਾਵਨਾ ਨਾਲ ਲੰਗਰਾਂ ਦੇ ਵਿਸ਼ਾਲ ਪ੍ਰਬੰਧ ਕੀਤੇ ਗਏ। ਸੇਵਾਦਾਰਾਂ ਵੱਲੋਂ ਚਾਹ, ਦੁੱਧ, ਮਿੱਠਿਆਈਆਂ, ਫਲ, ਪਕੌੜੇ ਅਤੇ ਹੋਰ ਕਈ ਕਿਸਮਾਂ ਦੇ ਪ੍ਰਸਾਦ ਦੀ ਸੇਵਾ ਕੀਤੀ ਗਈ। ਹਰ ਆਉਣ ਵਾਲੇ ਨੂੰ ਬਿਨਾ ਕਿਸੇ ਭੇਦਭਾਵ ਦੇ ਲੰਗਰ ਵਰਤਾਇਆ ਗਿਆ।
ਇਸ ਮੌਕੇ ਤੇ ਗੁਰੂ ਦੀਆ ਲਾਡਲੀਆ ਫੋਜਾ ਨਿਹੰਗ ਸਿੰਘਾ
ਵੱਲੋਂ ਗਤਕਾ ਦੇ ਜੌਹਰ ਵੀ ਵਿਖਾਏ ਗਏ, ਜਿਨ੍ਹਾਂ ਨੇ ਸਿੱਖ ਯੋਧਾ ਪਰੰਪਰਾ ਦੀ ਸ਼ਾਨ ਨੂੰ ਦਰਸਾਇਆ ਅਤੇ ਦਰਸ਼ਕਾਂ ਵੱਲੋਂ ਉਨ੍ਹਾਂ ਦੀ ਭਰਪੂਰ ਸਰਾਹਨਾ ਕੀਤੀ ਗਈ।
ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ &rsquoਤੇ ਪੰਜਾਬ ਤੋਂ ਪਹੁੰਚੇ ਪੰਥ ਪ੍ਰਸਿੱਧ ਕਵੀਸਰ ਭਾਈ ਮਨਜੀਤ ਸਿੰਘ ਸੋਹੀ ਦੇ ਜਥੇ ਨੇ ਹਾਜ਼ਰੀ ਭਰੀ। ਉਨ੍ਹਾਂ ਵੱਲੋਂ ਗੁਰੂ ਸਾਹਿਬਾਨ ਦੇ ਮਹਾਨ ਇਤਿਹਾਸ ਨੂੰ ਕਵੀਸ਼ਰੀ ਰੂਪ ਵਿੱਚ ਬੜੀ ਭਾਵਨਾਤਮਕ ਢੰਗ ਨਾਲ ਪੇਸ਼ ਕੀਤਾ ਗਿਆ ਅਤੇ ਸੰਗਤਾਂ ਨੂੰ ਰੂਹਾਨੀ ਅਨੰਦ ਨਾਲ ਨਿਹਾਲ ਕੀਤਾ ਗਿਆ।
ਇਸ ਵਿਸਾਲ ਧਾਰਮਿਕ ਸਮਾਗਮ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਹਰ ਪਾਸੇ ਖਾਲਸਾਈ ਬਾਣੇ ਵਿੱਚ ਸਜੇ ਸਿੱਖ ਭਾਈਚਾਰੇ ਦੀ ਏਕਤਾ, ਪਿਆਰ ਅਤੇ ਭਰਾਤਰੀ ਭਾਵਨਾ ਦੀ ਸੁੰਦਰ ਝਲਕ ਦੇਖਣ ਨੂੰ ਮਿਲੀ।
ਨਗਰ ਕੀਰਤਨ ਦੋਰਾਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਦੇ ਪ੍ਰਧਾਨ ਸ ਅਜਮੇਰ ਸਿੰਘ ਬਸਰਾ, ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਦੇ ਪ੍ਰਧਾਨ ਗੁਰਨਾਮ ਸਿੰਘ ਨਵਾ ਸਹਿਰ, ਸਾਬਕਾ ਪ੍ਰਧਾਨ ਅਤੇ ਤੀਰ ਗਰੁੱਪ ਦੇ ਮੁੱ ਬੁਲਾਰੇ ਰਾਜਮਨਵਿੰਦਰ ਸਿੰਘ ਰਾਜਾ ਕੰਗ, ਜਨਰਲ ਸਕੱਤਰ ਸਤਵਿੰਦਰ ਸਿੰਘ ਦਿਓਲ, ਸਟੇਜ ਸਕੱਤਰ ਮੁਖਤਿਆਰ ਸਿੰਘ ਸਮੇਤ ਵੱਡੀ ਗਿਣਤੀ ਚ ਸੰਗਤਾ ਹਾਜਿਰ ਸਨ, ਨਗਰ ਕੀਰਤਨ ਦੋਰਾਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੇਵਾਦਾਰਾਂ ਵੱਲੋਂ ਸੁਚੱਜੇ ਪ੍ਰਬੰਧ ਕੀਤੇ ਗਏ, ਜਿਸ ਨਾਲ ਪੂਰਾ ਨਗਰ ਕੀਰਤਨ ਬੜੀ ਸ਼ਾਂਤੀ ਅਤੇ ਸਫਲਤਾ ਨਾਲ ਸੰਪੰਨ ਹੋਇਆ। ਇਹ ਵਿਸਾਲ ਨਗਰ ਕੀਰਤਨ ਸਿੱਖ ਕੌਮ ਦੀ ਏਕਤਾ, ਸੇਵਾ ਭਾਵਨਾ ਅਤੇ ਗੁਰੂ ਪ੍ਰਤੀ ਅਟੁੱਟ ਸ਼ਰਧਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ।