ਵਿਸ਼ਵ ਦੇ ਮਹਾਨ ਖਿਡਾਰੀ- ਸੁਰ ਸਿੰਘ ਦਾ ਕੋਹੇਨੂਰ ਕਰਤਾਰ ਸਿੰਘ


ਪ੍ਰਿੰ. ਸਰਵਣ ਸਿੰਘ

ਕਰਤਾਰ ਦੇ ਨਾਂ ਵਿੱਚ ਹੀ ਬਖ਼ਸ਼ ਹੈ। ਪਹਿਲਵਾਨ ਕਰਤਾਰ ਸਿੰਘ ਕੁਸ਼ਤੀ ਦਾ ਵਿਸ਼ਵ ਵੈਟਰਨ ਚੈਂਪੀਅਨ ਭਾਵ ਰੁਸਤਮੇ ਜ਼ਮਾਂ ਹੈ। ਉਸ ਨੇ ਤਿੰਨ ਓਲੰਪਿਕ ਖੇਡਾਂ, ਇਕ ਪ੍ਰੀ ਓਲੰਪਿਕ, ਤਿੰਨ ਏਸ਼ਿਆਈ ਖੇਡਾਂ, ਤਿੰਨ ਕਾਮਨਵੈਲਥ ਖੇਡਾਂ, ਤਿੰਨ ਏਸ਼ਿਆਈ ਚੈਂਪੀਅਨਸ਼ਿਪਾਂ ਤੇ ਸਤਾਰਾਂ ਵਰਲਡ ਵੈਟਰਨ ਚੈਂਪੀਅਨਸ਼ਿਪਾਂ ''ਚ ਭਾਗ ਲਿਆ ਜਿਨ੍ਹਾਂ ''ਚੋਂ ਸੋਨੇ, ਚਾਂਦੀ ਤੇ ਕਾਂਸੀ ਦੇ 25 ਤਗ਼ਮੇ ਜਿੱਤੇ। ਉਹ ਮਾਝੇ ਦਾ ਮਾਣ ਹੈ ਤੇ ਸੁਰ ਸਿੰਘ ਦੀ ਸ਼ਾਨ। ਪੰਜਾਬ ਕੇਸਰੀ ਤੋਂ ਲੈ ਕੇ ਭਾਰਤ ਕੁਮਾਰ, ਭਾਰਤ ਕੇਸਰੀ, ਮਹਾਪੌਰ ਕੇਸਰੀ, ਭਾਰਤ ਮੱਲ ਸਮਰਾਟ, ਰੁਸਤਮੇ ਹਿੰਦ ਤੇ ਰੁਸਤਮੇ ਜ਼ਮਾਂ ਤਕ ਦੇ ਖ਼ਿਤਾਬ ਉਹਦੇ ਨਾਂ ਚੜ੍ਹ ਚੁੱਕੇ ਹਨ। ਪੰਜਾਬ ਸਰਕਾਰ ਨੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਤੇ ਭਾਰਤ ਸਰਕਾਰ ਨੇ ਅਰਜਨ ਅਵਾਰਡ ਅਤੇ ਪਦਮ ਸ਼੍ਰੀ ਪੁਰਸਕਾਰ ਨਾਲ ਨਿਵਾਜਿਆ ਹੈ। ਉਹਨੂੰ ਪ੍ਰੈਜ਼ੀਡੈਂਟ ਪੁਲੀਸ ਮੈਡਲ, ਫੀਲਾ ਦਾ ਫੇਅਰ ਪਲੇਅ ਅਵਾਰਡ ਅਤੇ ਫੀਲਾ ਵੱਲੋਂ ਅੰਤਰਰਾਸ਼ਟਰੀ ਕੁਸ਼ਤੀਆਂ ''ਚ ਸ਼ਾਨਦਾਰ ਯੋਗਦਾਨ ਪਾਉਣ ਲਈ &lsquoਲਾਈਫ ਟਾਈਮ ਅਚੀਵਮੈਂਟ ਅਵਾਰਡ&rsquo ਦਿੱਤਾ ਗਿਆ। ਉਹ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਆਨਰੇਰੀ ਸਕੱਤਰ ਜਨਰਲ ਤੇ ਪੰਜਾਬ ਕੁਸ਼ਤੀ ਸੰਘ ਦਾ ਪ੍ਰਧਾਨ ਰਿਹਾ। ਉਸ ਨੇ 2012 ਵਿੱਚ ਹੋਈ ਸਤਾਰ੍ਹਵੀਂ ਵਿਸ਼ਵ ਵੈਟਰਨ ਕੁਸ਼ਤੀ ਚੈਂਪੀਅਨਸ਼ਿਪ ''ਚੋਂ ਸੋਲ੍ਹਵੀਂ ਵਾਰ ਗੋਲਡ ਮੈਡਲ ਜਿੱਤਿਆ ਸੀ ਜੋ ਵਿਲੱਖਣ ਰਿਕਾਰਡ ਹੈ। ਇੰਜ ਉਹ ਸੋਲਾਂ ਸਾਲ ਸਾਰੀ ਦੁਨੀਆ ''ਤੇ ਲੱਤ ਫੇਰਦਾ ਰਿਹਾ!
ਉਹਦਾ ਜਨਮ ਹਿੰਦ-ਪਾਕਿ ਬਾਰਡਰ ਨੇੜਲੇ ਪਿੰਡ ਸੁਰ ਸਿੰਘ ਵਿੱਚ ਹੋਇਆ ਸੀ। ਦੇਸ਼ ਵੰਡ ਤੋਂ ਪਹਿਲਾਂ ਇਹ ਪਿੰਡ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਵਿੱਚ ਪੈਂਦਾ ਸੀ। ਵੰਡ ਪਿੱਛੋਂ ਇਸ ਨੂੰ ਜ਼ਿਲ੍ਹਾ ਅੰਮ੍ਰਿਤਸਰ ਤੇ ਹੁਣ ਜ਼ਿਲ੍ਹਾ ਤਰਨਤਾਰਨ ਲੱਗਦੈ। ਢਾਡੀਆਂ, ਰਾਗੀਆਂ, ਕਵੀਸ਼ਰਾਂ, ਯੋਧਿਆਂ, ਦੇਸ਼ਭਗਤਾਂ, ਭਲਵਾਨਾਂ ਤੇ ਲੇਖਕਾਂ ਨੇ ਸੁਰ ਸਿੰਘ ਦੀ ਬੜੀ ਵਡਿਆਈ ਕਰਵਾਈ ਹੈ। ਗੁਰੂ ਹਰਗੋਬਿੰਦ ਸਾਹਿਬ ਸਮੇਂ ਲਾਹੌਰ ਦੇ ਕਿਲੇ ''ਚੋਂ ਘੋੜਿਆਂ ਦੀਆਂ ਰਾਵੀ ''ਚ ਛਾਲਾਂ ਲੁਵਾ ਕੇ ਲੈ ਆਉਣ ਵਾਲਾ ਭਾਈ ਬਿਧੀ ਚੰਦ ਇਸੇ ਪਿੰਡ ਦਾ ਸੀ। ਪੰਜਾਬੀ ਕਹਾਣੀ ਦਾ ਸ਼ਾਹਸਵਾਰ ਵਰਿਆਮ ਸਿੰਘ ਸੰਧੂ ਵੀ ਉਥੋਂ ਦਾ ਹੀ ਹੈ ਜਿਸ ਨੇ ਕਰਤਾਰ ਸਿੰਘ ਦੀ ਜੀਵਨੀ &lsquoਕੁਸ਼ਤੀ ਦਾ ਧਰੂ-ਤਾਰਾ ਕਰਤਾਰ&rsquo ਲਿਖੀ। ਜੀਹਨੇ ਪਹਿਲਵਾਨ ਕਰਤਾਰ ਸਿੰਘ ਨੂੰ ਅੰਦਰੋਂ ਬਾਹਰੋਂ ਜਾਨਣਾ ਹੋਵੇ ਉਹ ਇਹ ਪੁਸਤਕ ਪੜ੍ਹ ਲਵੇ।
ਵਰਿਆਮ ਸੰਧੂ ਨੇ ਲਿਖਿਆ: ਕਰਤਾਰ ਭਲਵਾਨ ਮੇਰਾ ਗਰਾਈਂ ਹੈ| ਅੰਮਿ੍ਰਤਸਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਸੁਰ ਸਿੰਘ ਦਾ ਜੰਮ&ndashਪਲ| ਸਿੱਖ ਗੁਰੂਆਂ, ਸਿੱਖ ਸੂਰਮਿਆਂ ਅਤੇ ਗ਼ਦਰੀ ਯੋਧਿਆਂ ਦੀਆਂ ਇਤਿਹਾਸਕ ਯਾਦਾਂ ਸੰਭਾਲੀ ਬੈਠਾ ਪਿੰਡ| 1978 ਵਿੱਚ ਜਦੋਂ ਕਰਤਾਰ ਪਹਿਲੀ ਵਾਰ ਏਸ਼ੀਅਨ ਖੇਡਾਂ ਬੈਂਕਾਕ ਤੋਂ ਸੋਨ&ndashਤਮਗ਼ਾ ਜਿਤ ਕੇ ਲਿਆਇਆ ਸੀ ਤਾਂ ਪੂਰੇ ਪਿੰਡ ਵੱਲੋਂ ਉਹਦੇ ਮਾਣ ਸਤਿਕਾਰ ਵਿੱਚ ਭਰਪੂਰ ਸਮਾਗਮ ਕੀਤਾ ਗਿਆ| ਕਰਤਾਰ ਤੇ ਉਹਦੇ ਨਾਲ ਆਏ ਭਲਵਾਨਾਂ ਤੇ ਕੋਚਾਂ ਨੂੰ ਸਵਾਗਤੀ ਕਮੇਟੀ ਵੱਲੋਂ ਤੁਛ ਭੇਟਾ ਦਿੰਦਿਆਂ ਮੈਂ ਇੱਕ ਗੱਲ ਸੁਣਾਈ ਸੀ:
ਮੇਰਾ ਇੱਕ ਮਾਮਾ ਆਪਣੇ ਵੇਲਿਆਂ ਦਾ ਚੰਗਾ ਭਲਵਾਨ ਸੀ| ਇੱਕ ਵਾਰ ਉਹ ਆਪਣੇ ਪਿੰਡੋਂ ਵੀਹ ਤੀਹ ਕੋਹ ਦੂਰ ਕਿਸੇ ਪਿੰਡ ਛਿੰਝ ''ਤੇ ਘੁਲਣ ਲਈ ਗਿਆ| ਉਹਦੇ ਹੀ ਪਿੰਡ ਦਾ ਕੋਈ ਹੋਰ ਬੰਦਾ, ਜਿਹੜਾ ਛਿੰਝ ਵਾਲੇ ਪਿੰਡ ਦੇ ਨੇੜੇ ਕਿਸੇ ਰਿਸ਼ਤੇਦਾਰੀ ''ਚ ਮਿਲਣ ਗਿਲਣ ਗਿਆ ਸੀ, ਘੋਲ ਵੇਖਣ ਲਈ ਉੱਥੇ ਆਇਆ| ਜਦੋਂ ਮੇਰਾ ਮਾਮਾ ਦੂਜੇ ਭਲਵਾਨ ਨਾਲ ਘੁਲ ਰਿਹਾ ਸੀ ਤਾਂ ਉਹਦੇ ਪਿੰਡ ਦਾ ਵਸਨੀਕ ਵੀ ਆਪਣੇ ਮਨ ਵਿੱਚ ਨਾਲ ਦੀ ਨਾਲ ਘੁਲ ਰਿਹਾ ਸੀ| ਆਖ਼ਰ ਜਦੋਂ ਮੇਰੇ ਮਾਮੇ ਨੇ ਵਿਰੋਧੀ ਭਲਵਾਨ ਨੂੰ ਧਰਤੀ ''ਤੇ ਪਿਠ ਪਰਨੇ ਸੁੱਟ ਲਿਆ ਤਾਂ ਉਹਦੇ ਗਰਾਈਂ ਨੇ ਛਾਲ ਮਾਰੀ ਤੇ ਸੰਤੋੜ ਮੇਰੇ ਮਾਮੇ ਵੱਲ ਭੱਜ ਉੱਠਾ| ਜਾ ਕੇ ਮੇਰੇ ਮਾਮੇ ਨੂੰ ਹਿੱਕ ਨਾਲ ਘੁੱਟ ਕੇ ਧਰਤੀ ਤੋਂ ਉੱਚਾ ਚੁੱਕ ਲਿਆ| ਪਿੱਛੋਂ ਆਪਣੀ ਜੇਬ ਵਿੱਚ ਹੱਥ ਮਾਰਿਆ| ਗਰੀਬ ਜੱਟ ਸੀ| ਉਦੋਂ ਲੋਕਾਂ ਕੋਲ ਪੈਸੇ ਹੁੰਦੇ ਵੀ ਕਿੱਥੇ ਸਨ! ਜੇਬ ਵਿੱਚੋਂ ਸਿਰਫ਼ ਇੱਕ ਅਠਿਆਨੀ ਨਿਕਲੀ| ਉਸ ਨੇ ਉਹੀ ਅਠਿਆਨੀ ਮੇਰੇ ਮਾਮੇ ਦੀ ਮੁੱਠ ਵਿੱਚ ਦਿੱਤੀ ਤੇ ਫਿਰ ਉਹਦੀ ਮੁੱਠ ਮੀਚਦਿਆਂ ਕਹਿਣ ਲੱਗਾ, &ldquoਬਘੇਲ ਸਿਅ੍ਹਾਂ! ਇਹ ਮੁੱਠ ਤੂੰ ਮੀਟੀ ਰੱਖ! ਇਹ ਨਾ ਵੇਖ! ਇਹਦੇ ਵਿੱਚ ਹੈ ਕੀ&hellip ਮੇਰੇ ਕੋਲ ਹੈ ਈ ਇਹੋ ਕੁੱਝ ਸੀ ਵੀਰ ਮੇਰਿਆ&hellip ਮੇਰੇ ਕੋਲੋਂ ਤੇਰੇ ਜਿੱਤਣ ਦਾ ਚਾਅ ਠੱਲਿ੍ਹਆ ਨਹੀਂ ਗਿਆ&hellip ਬੱਸ ਇਸ ਚਾਅ ''ਚ ਈ ਭੱਜਾ ਆਇਆਂ... ਇਸ ਲਈ ਤੂੰ ਇਹ ਮੁੱਠੀ ਬੰਦ ਹੀ ਰੱਖ&hellip ਤੇ ਮੇਰੇ ਖੁੱਲ੍ਹੇ ਦਿਲ ਵੱਲ ਵੇਖ&hellip।&rdquo
ਇਹ ਕਹਾਣੀ ਸੁਣਾ ਕੇ ਮੈਂ ਕਰਤਾਰ ਨੂੰ ਕਿਹਾ ਸੀ, &lsquo&lsquoਭਲਵਾਨ ਜੀ ਮੈਂ ਅਤੇ ਮੇਰੇ ਪਿੰਡ ਵਾਲੇ ਤੁਹਾਡੀ ਏਡੀ ਮਹਾਨ ਜਿੱਤ ਦੀ ਖ਼ੁਸ਼ੀ ਵਿੱਚ ਮਾਣ&ndashਸਨਮਾਨ ਵਜੋਂ ਜੋ ਕੁੱਝ ਤੁਹਾਨੂੰ ਭੇਟ ਕਰ ਰਹੇ ਹਾਂ&hellip ਉਹ ਤਾਂ ਤੁਸੀਂ ਮੁੱਠੀ ਵਿੱਚ ਬੰਦ ਹੀ ਰੱਖੋ&hellip ਉਹਨੂੰ ਖੋਲ੍ਹ ਕੇ ਨਾ ਵੇਖੋ ਕਿ ਇਸ ਵਿੱਚ ਕੀ ਹੈ? ਵੇਖਣਾ ਹੈ ਤਾਂ ਸਾਡੇ ਪਿਆਰ ਨਾਲ ਨੱਕੋ-ਨੱਕ ਭਰੇ ਦਿਲ ਵੇਖੋ&hellip ਸਾਡਾ ਚਾਅ ਵੇਖੋ&hellip ਸਾਡਾ ਮਾਣ ਵੇਖੋ &hellip।&rdquo
ਅੱਜ ਉਸੇ ਹੀ ਪਿਆਰ ਤੇ ਮਾਣ ਵਿੱਚ ਭਰ ਕੇ ਮੈਂ ਇਹ ਪੁਸਤਕ ਕਰਤਾਰ ਦੇ ਹੱਥਾਂ ਵਿੱਚ ਦੇ ਕੇ ਕਹਿਣਾ ਚਾਹੁੰਦਾ ਹਾਂ, &ldquoਭਲਵਾਨ ਜੀ! ਅੱਜ ਆਪਣੀਆਂ ਉਹਨਾਂ ਬੰਦ ਮੁੱਠਾਂ ਨੂੰ ਖੋਲੋ੍ਹ&hellip ਤੇ ਇਸ ਪੁਸਤਕ ਨੂੰ ਵੇਖੋ ਤੇ ਵਿਖਾਓ ਵੀ&hellip ਜਿਸ ਵਿੱਚ ਤੁਹਾਡੇ ਗਰਾਈਂ, ਤੁਹਾਡੇ ਵੱਡੇ ਭਰਾ ਦਾ ਪਿਆਰ ਉਲੱਦਿਆ ਪਿਆ ਹੈ!&rdquo
ਅਖ਼ੀਰ ਵਿੱਚ ਮੈਂ ਆਪਣੇ ਮਹਾਨ ਪਿੰਡ ਸੁਰ ਸਿੰਘ ਅੱਗੇ ਆਪਣਾ ਸੀਸ ਨਿਵਾਉਂਦਾ ਹਾਂ ਜਿਸ ਦੀ ਮੁਹੱਬਤ ਨੇ ਆਪਣੇ ਇਸ ਮਹਾਨ ਪੁੱਤ ਬਾਰੇ ਆਪਣੇ ਇਸ ਲੇਖਕ ਪੁੱਤ ਕੋਲੋਂ ਕੁੱਝ ਸ਼ਬਦ ਲਿਖਵਾਏ ਹਨ|
ਮੇਰੇ ਪਿਆਰੇ ਤੇ ਮਾਣ&ndashਮੱਤੇ ਪਿੰਡ! ਮੇਰੇ ਪਿੰਡ ਦੇ ਪਿਆਰੇ ਤੇ ਮੋਹ&ndashਭਿੱਜੇ ਲੋਕੋ! ਇਤਿਹਾਸ ਬਨਾਉਣ ਵਾਲੇ ਤੇ ਇਤਿਹਾਸ ਲਿਖਣ ਵਾਲੇ ਤੁਹਾਡੇ ਬੱਚੇ ਤੁਹਾਡੇ ਵਿਹੜਿਆਂ ਵਿੱਚ ਪਲਦੇ ਤੇ ਖੇਡਦੇ ਰਹਿਣ ਤੇ ਫਿਰ ਇੱਕ ਦਿਨ ਇੰਜ ਹੀ ਚਮਕ ਉੱਠਣ&hellip ਉੱਚੇ ਨੀਲੇ ਅੰਬਰਾਂ ਵਿੱਚ ਧਰੂ ਤਾਰਾ ਬਣ ਕੇ&hellip ਤੁਹਾਡੇ ਕਰਤਾਰ ਵਾਂਗ|
*
ਕਰਤਾਰ ਦਾ ਜਨਮ ਸਾਧਾਰਨ ਕਿਸਾਨ ਕਰਨੈਲ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਹੋਇਆ। ਸਕੂਲ ਦੇ ਸਰਟੀਫਿਕੇਟ ਮੁਤਾਬਿਕ ਉਹਦੀ ਜਨਮ ਤਾਰੀਖ 7 ਅਕਤੂਬਰ 1953 ਲਿਖੀ ਹੈ ਜਦ ਕਿ ਅਸਲੀ ਜਨਮ ਮਿਤੀ 15 ਜਨਵਰੀ 1953 ਹੈ। ਲੋਹੜੀ ਤੋਂ ਦੋ ਦਿਨ ਪਿੱਛੋਂ ਜੰਮਿਆ ਹੋਣ ਕਰਕੇ ਉਹਦੀ ਲੋਹੜੀ ਮਨਾਉਣ ਲਈ ਸਾਲ ਭਰ ਉਡੀਕ ਕਰਨੀ ਪਈ ਸੀ। ਉਸ ਦੇ ਪਿਤਾ ਮਾਝੇ ਦੇ ਆਮ ਬਜ਼ੁਰਗਾਂ ਵਾਂਗ ਕੁਸ਼ਤੀਆਂ ਦੇ ਸ਼ੌਂਕੀ ਸਨ। ਕਰਤਾਰ ਹੋਰੀਂ ਪੰਜ ਭਰਾ ਹਨ ਤੇ ਦੋ ਭੈਣਾਂ ਜਿਨ੍ਹਾਂ ''ਚੋਂ ਤਿੰਨ ਭਰਾਵਾਂ ਨੇ ਕੁਸ਼ਤੀਆਂ ''ਚ ਨਾਂ ਚਮਕਾਇਆ। ਉਹਨਾਂ ਦੇ ਤਾਏ ਦਾ ਪੁੱਤਰ ਜੋਗਿੰਦਰ ਸਿੰਘ ਵੀ ਤਕੜਾ ਭਲਵਾਨ ਸੀ। ਕਰਤਾਰ ਸਿੰਘ ਦੇ ਛੋਟੇ ਭਰਾ ਸਰਵਣ ਸਿੰਘ ਤੇ ਭਤੀਜੇ ਰਣਧੀਰ ਸਿੰਘ ਨੇ ਵੀ ਕੌਮੀ ਤੇ ਕੌਮਾਂਤਰੀ ਪੱਧਰ ''ਤੇ ਮੈਡਲ ਜਿੱਤੇ। ਵੱਡਾ ਭਰਾ ਗੁਰਚਰਨ ਸਿੰਘ ਢਿੱਲੋਂ ਕੁਸ਼ਤੀ ਕੋਚ ਰਿਹਾ। ਉਹਤੋਂ ਵੱਡੇ ਅਮਰ ਸਿੰਘ ਨੂੰ ਵੀ ਘੋਲਾਂ ਦਾ ਸ਼ੌਂਕ ਸੀ। ਕਰਤਾਰ ਉਤੇ ਕੁਦਰਤ ਏਨੀ ਬਲਿਹਾਰ ਰਹੀ ਕਿ ਉਹ ਫਤਿਹ ''ਤੇ ਫਤਿਹ ਹਾਸਲ ਕਰਦਾ ਗਿਆ। ਉਹ ਸਕੂਲਾਂ ਕਾਲਜਾਂ ਤੋਂ ਏਸ਼ਿਆਈ ਤੇ ਕਾਮਨਵੈੱਲਥ ਖੇਡਾਂ ਅਤੇ ਵਿਸ਼ਵ ਵੈਟਰਨ ਕੁਸ਼ਤੀ ਚੈਂਪੀਅਨਸ਼ਿਪਾਂ ਤਕ ਦੀਆਂ ਗੁਰਜਾਂ ਸਾਂਭੀ ਬੈਠਾ ਹੈ। ਬੈਠਾ ਕਿਥੇ! ਅਜੇ ਵੀ ਰੋਜ਼ਾਨਾ ਕਸਰਤ ਕਰਦਾ ਨਵੀਂ ਪੀੜ੍ਹੀ ਨੂੰ ਕੁਸ਼ਤੀਆਂ ਦੇ ਲੜ ਲਾਈ ਜਾ ਰਿਹੈ।
ਉਹ ਸੁਰ ਸਿੰਘ ਤੋਂ ਕੁਸ਼ਤੀ ਸਿੱਖ ਕੇ 1970 ''ਚ ਸਕੂਲਾਂ ਦਾ ਨੈਸ਼ਨਲ ਚੈਂਪੀਅਨ ਬਣਿਆ ਸੀ। ਫਿਰ ਖ਼ਾਲਸਾ ਕਾਲਜ ਅੰਮ੍ਰਿਤਸਰ ਦਾਖਲਾ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਭਾਰਤ ਦੀਆਂ ਕੁਲ ਯੂਨੀਵਰਸਿਟੀਆਂ ਦਾ ਚੈਂਪੀਅਨ ਬਣਿਆ। 1973 ''ਚ ਮਾਸਕੋ ਦੇ ਵਿਸ਼ਵ ਯੂਨੀਵਰਸਿਟੀ ਕੁਸ਼ਤੀ ਮੁਕਾਬਲਿਆਂ ਵਿੱਚ ਗਿਆ। 1974 ''ਚ ਗੁਰੂ ਹਨੂਮਾਨ ਜੀ ਨੂੰ ਉਸਤਾਦ ਧਾਰਿਆ ਤੇ ਸਬਜ਼ੀ ਮੰਡੀ ਦਿੱਲੀ ਦੇ ਅਖਾੜੇ ਵਿਚ ਕੁਸ਼ਤੀਆਂ ਦੀ ਕਰੜੀ ਸਿਖਲਾਈ ਲਈ। 1976 ''ਚ ਉਹ ਕੁਸ਼ਤੀ ਦੇ ਸਿਰ ''ਤੇ ਬੀ.ਐੱਸ.ਐੱਫ. ਵਿੱਚ ਇੰਸਪੈਕਟਰ ਭਰਤੀ ਹੋ ਗਿਆ। 1978 ''ਚੋਂ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਨੇ ਉਸ ਨੂੰ ਡੀ.ਐੱਸ.ਪੀ. ਬਣਵਾ ਦਿੱਤਾ। 1981 ''ਚ ਉਹ ਪੰਜਾਬ ਪੁਲਿਸ ਵਿੱਚ ਚਲਾ ਗਿਆ ਤੇ ਡੀ.ਐੱਸ.ਪੀ. ਤੋਂ ਤਰੱਕੀ ਕਰਦਾ ਆਈ.ਜੀ. ਦੇ ਅਹੁਦੇ ਤੋਂ ਰਿਟਾਇਰ ਹੋਇਆ। ਵਿੱਚੋਂ ਉਹ ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਟਰ ਵੀ ਰਿਹਾ।
ਉਸ ਨੇ ਪਿੰਡਾਂ ਦੀਆਂ ਛਿੰਝਾਂ ਤੋਂ ਕੁਸ਼ਤੀ ਮੁਕਾਬਲੇ ਸ਼ੁਰੂ ਕੀਤੇ ਸਨ ਤੇ ਰਵਾਇਤੀ ਦਾਅ ਢਾਕ ਮਾਰਨਾ, ਹਫ਼ਤਾ ਚਾੜ੍ਹਨਾ, ਧੋਬੀ ਪਾਟ, ਨਕਾਲ, ਬਗਲ ਡੁੱਬ, ਗਾਧਾਲੋਟ, ਪੁਠੀ ਸਿਧੀ ਸਾਲਤੋ ਤੇ ਮੋੜਾ ਮਾਰਨ ਦੀ ਮੁਹਾਰਤ ਹਾਸਲ ਕੀਤੀ ਸੀ। ਬਾਅਦ ਵਿੱਚ ਉਸ ਨੇ ਗੱਦੇ ਦੇ ਦਾਅ ਭਾਰਨਦਾਜ, ਪੱਟ ਖਿਚਣਾ, ਫਿਤਲੇ ਤੇ ਟੰਗੀ ਆਦਿ ਵੀ ਸਿੱਖੇ ਤੇ ਰਵਾਂ ਕੀਤੇ। ਕਰਤਾਰ ਦੀਆਂ ਜਿੱਤਾਂ ਦਾ ਦੌਰ 1968 ਤੋਂ ਸ਼ੁਰੂ ਹੁੰਦੈ। ਉਸ ਨੇ ਪਹਿਲੀ ਕੁਸ਼ਤੀ ਸੁਰ ਸਿੰਘ ਦੀ ਛਿੰਝ ''ਚ ਜਿੱਤੀ। 1978 ''ਚ ਏਸ਼ਿਆਈ ਖੇਡਾਂ ''ਚੋਂ ਗੋਲਡ ਮੈਡਲ ਜਿੱਤਿਆ ਤਾਂ ਕੁਸ਼ਤੀ ਕੋਚਾਂ ਨੂੰ ਲੱਗਣ ਲੱਗਾ ਕਿ ਉਹ ਓਲੰਪਿਕ ਖੇਡਾਂ ਨੂੰ ਵੀ ਪਵੇਗਾ।
ਪਹਿਲਾਂ ਉਸ ਨੇ ਪਹਿਲਵਾਨ ਦਾਰਾ ਸਿੰਘ ਨੂੰ ਉਸਤਾਦ ਧਾਰਿਆ ਜਿਸ ਨੇ ਉਸ ਨੂੰ ਗੁਰੂ ਹਨੂਮਾਨ ਜੀ ਦੇ ਲੜ ਲਾ ਦਿੱਤਾ। ਗੁਰੂ ਹਨੂਮਾਨ ਦੇ ਸਬਜ਼ੀ ਮੰਡੀ ਦਿੱਲੀ ਦੇ ਅਖਾੜੇ ਵਿਚ ਉਸ ਨੇ ਬੜੀ ਸਖ਼ਤ ਮਿਹਨਤ ਕੀਤੀ। ਉਥੇ ਹੀ ਮੇਰਾ ਉਸ ਨਾਲ ਪਹਿਲੀ ਵਾਰ ਮੇਲ ਹੋਇਆ। ਸਵੇਰੇ ਸਵੱਖਤੇ ਹੀ ਮੈਂ ਗੁਰੂ ਹਨੂਮਾਨ ਦੇ ਅਖਾੜੇ ਪਹੁੰਚ ਗਿਆ ਸਾਂ। ਅਖਾੜੇ ਦਾ ਦਰ ਨੀਵਾਂ ਸੀ। ਨਿਓਂ ਕੇ ਲੰਘਣ ਸਾਰ ਮੈਨੂੰ ਘੋਨ ਮੋਨ ਪਹਿਲਵਾਨਾਂ ਦੀਆਂ ਟੋਲੀਆਂ ਨਜ਼ਰੀਂ ਪਈਆਂ। ਹਾਤਾ ਭਲਵਾਨਾਂ ਨਾਲ ਭਰਿਆ ਹੋਇਆ ਸੀ। ਅਲੂੰਏਂ ਪੱਠੇ ਕੂੰਡਿਆਂ ਵਿੱਚ ਸ਼ਰਦਾਈਆਂ ਰਗੜ ਰਹੇ ਸਨ। ਕਿਧਰੇ ਡੰਡ ਬੈਠਕਾਂ ਲੱਗ ਰਹੀਆਂ ਸਨ ਤੇ ਕਿਧਰੇ ਮੱਲਾਂ ਦੇ ਜੋੜ ਅਖਾੜੇ ਦੀ ਮਿੱਟੀ ਵਿਚ ਲਥਪਥ ਸਨ। ਕੁਝ ਪਹਿਲਵਾਨ ਰੱਸੇ ਉਤੇ ਚੜ੍ਹਨ ਦੀਆਂ ਕਸਰਤਾਂ ਕਰ ਰਹੇ ਸਨ ਤੇ ਕੁਝ ਅੰਦਰ ਗੱਦੇ ਉਤੇ ਕੁਸ਼ਤੀ ਦੇ ਨਵੇਂ ਦਾਅ ਪੇਚ ਸਿੱਖ ਰਹੇ ਸਨ। ਅਖਾੜਾ ਮੁੜ੍ਹਕੇ ''ਚ ਭਿੱਜਿਆ ਪਿਆ ਸੀ ਜਿਸ ''ਚੋਂ ਹੁੰਮਸ ਭਰੀ ਤੇਲੀਆ ਮਹਿਕ ਆ ਰਹੀ ਸੀ।
ਗੁਰੂ ਹਨੂਮਾਨ ਜੀ ਦੀ ਉਸ ਟਕਸਾਲ ਵਿੱਚ ਹੱਡ ਮਾਸ ਦੇ ਪਠੀਰ ਫੌਲਾਦੀ ਜੁੱਸਿਆਂ ''ਚ ਢਾਲੇ ਜਾ ਰਹੇ ਸਨ। ਮੈਂ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਕਰਤਾਰ ਸਿੰਘ ਬਾਰੇ ਪੁਛਿਆ। ਉਨ੍ਹਾਂ ਮੈਨੂੰ ਬੈਂਚ ''ਤੇ ਬਿਠਾ ਕੇ ਇੱਕ ਪੱਠੇ ਨੂੰ ਦੁੱਧ ਲਿਆਉਣ ਲਈ ਕਿਹਾ ਤੇ ਪੁੱਛਣ ਲੱਗੇ, &ldquoਕਿਆ ਆਪ ਕਰਤਾਰ ਸਿੰਘ ਕੇ ਭਾਈ ਹੈਂ?&rdquo
ਜਦੋਂ ਮੈਂ ਦੱਸਿਆ ਕਿ ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਦਾ ਸ਼ੌਂਕ ਹੈ ਤਾਂ ਉਨ੍ਹਾਂ ਨੇ ਮੈਨੂੰ ਕਰਤਾਰ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਕਰਤਾਰ ਉਦੋਂ ਹਾਲ ਅੰਦਰ ਕੁਸ਼ਤੀ ਦੇ ਗੱਦੇ ਉਤੇ ਕੋਚ ਕੋਲੋਂ ਕੁਝ ਸਿੱਖ ਰਿਹਾ ਸੀ ਤੇ ਗੁਰੂ ਜੀ ਉਹਦੀ ਸਿਖਲਾਈ ਵਿੱਚ ਵਿਘਨ ਨਹੀਂ ਸੀ ਪਾਉਣਾ ਚਾਹੁੰਦੇ। ਉਹਦੇ ਵਿਹਲੇ ਹੋਣ ਤਕ ਉਨ੍ਹਾਂ ਨੇ ਮੈਨੂੰ ਗੱਲੀਂ ਬਾਤੀਂ ਪਰਚਾਈ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਕਰਤਾਰ ਦੀ ਸਾਦਗੀ, ਨਿਮਰਤਾ, ਨੇਕਚਲਣੀ, ਭਲਮਾਣਸੀ ਤੇ ਭਲਵਾਨੀ ਲਗਨ ਦੀਆਂ ਗੱਲਾਂ ਕੀਤੀਆਂ। ਉਹਦੇ ਭੋਲੇLਪਨ ਦੀ ਇਕ ਹਾਸੇ ਵਾਲੀ ਗੱਲ ਵੀ ਸੁਣਾ ਦਿੱਤੀ ਕਿ ਕਰਤਾਰ ਨੂੰ ਪਿੰਡੋਂ ਆਏ ਦੋਸਤਾਂ ਨੇ ਸਿਨਮੇ ਦੀਆਂ ਟਿਕਟਾਂ ਲਿਆਉਣ ਲਈ ਕਿਹਾ ਤਾਂ ਉਹ ਸਬਜ਼ੀ ਮੰਡੀ ਰੇਲਵੇ ਸਟੇਸ਼ਨ ਤੋਂ ਟਿਕਟਾਂ ਲੈਣ ਵਾਲੀ ਕਤਾਰ ਵਿਚ ਜਾ ਲੱਗਾ ਸੀ! ਸਿਨਮਾ ਫੇਰ ਕਿੱਥੋਂ ਵੇਖ ਲੈਂਦੇ?
ਕਰਤਾਰ ਭਲਵਾਨ ਹਾਲ ਅੰਦਰੋਂ ਬਾਹਰ ਆਇਆ ਤਾਂ ਉਹਦੇ ਗੋਰੇ ਬਦਨ ਤੋਂ ਪਸੀਨਾ ਵਹਿ ਰਿਹਾ ਸੀ ਅਤੇ ਭਖਿਆ ਹੋਇਆ ਤਾਂਬੇਰੰਗੀ ਭਾਅ ਮਾਰ ਰਿਹਾ ਸੀ। ਉਦਣ ਸ਼ਾਮ ਤਕ ਮੈਂ ਕਰਤਾਰ ਹੋਰਾਂ ਕੋਲ ਰਿਹਾ ਤੇ ਖੁੱਲ੍ਹ ਕੇ ਗੱਲਾਂ ਬਾਤਾਂ ਹੋਈਆਂ। ਉਹਦਾ ਬਚਪਨ ਡੰਗਰ ਚਾਰਦਿਆਂ ਤੇ ਖੇਤਾਂ ''ਚ ਕੰਮ ਕਰਦਿਆਂ ਆਮ ਕਿਸਾਨ ਮੁੰਡਿਆਂ ਵਾਂਗ ਬੀਤਿਆ ਸੀ। ਉਹਦੇ ਅੰਦਰ ਛੁਪੇ ਰੁਸਤਮ ਦਾ ਉਦੋਂ ਕਿਸੇ ਨੂੰ ਖ਼ਾਬ ਖਿਆਲ ਵੀ ਨਹੀਂ ਸੀ। ਸਾਡੇ ਅਜੋਕੇ ਬੱਚਿਆਂ ਅੰਦਰ ਕੀ ਕੁਝ ਛੁਪਿਐ, ਉਹਦਾ ਵੀ ਸਾਨੂੰ ਕਿੰਨਾ ਕੁ ਪਤਾ ਹੈ?
ਕਰਤਾਰ ਮਿੱਟੀ ਦੇ ਅਖਾੜੇ, ਓਲੰਪਿਕ ਸਟਾਈਲ ਤੇ ਫਰੀ ਸਟਾਈਲ ਤਿੰਨੇ ਕਿਸਮਾਂ ਦੀਆਂ ਕੁਸ਼ਤੀਆਂ ਦਾ ਮਾਹਿਰ ਹੈ। ਉਸ ਨੇ 1970 ਤੋਂ 2012 ਤਕ ਕੁਲ ਦੁਨੀਆ ਗਾਹੀ ਤੇ ਸੈਂਕੜੇ ਕੁਸ਼ਤੀਆਂ ਲੜੀਆਂ। ਉਹ ਸਿਓਲ ਦੀਆਂ ਏਸ਼ਿਆਈ ਖੇਡਾਂ-1986 ''ਚੋਂ ਗੋਲਡ ਮੈਡਲ ਜਿੱਤਣ ਵਾਲਾ ਭਾਰਤ ਦਾ ਇਕੋ ਇਕ ਮਰਦ ਖਿਡਾਰੀ ਸੀ। ਜਦੋਂ ਉਹ ਏਸ਼ੀਆ ਦਾ ਚੈਂਪੀਅਨ ਬਣ ਕੇ ਚੰਡੀਗੜ੍ਹ ਮੁੜਿਆ ਤਾਂ ਪੰਜਾਬ ਦੀ ਕੈਬੀਨਿਟ ਮੀਟਿੰਗ ਚੱਲ ਰਹੀ ਸੀ। ਵਜ਼ੀਰਾਂ ਨੇ ਖੜ੍ਹੇ ਹੋ ਕੇ ਏਸ਼ੀਆ ਦੇ ਰੁਸਤਮ ਦਾ ਸਵਾਗਤ ਕੀਤਾ। ਫਿਰ ਪੰਜਾਬ ਸਰਕਾਰ ਨੇ ਕਰਤਾਰ ਸਿੰਘ ਨੂੰ ਕਾਰ ਭੇਟ ਕੀਤੀ। ਮੁੱਖ ਮੰਤਰੀ ਨੇ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਉਸ ਨੂੰ ਕਾਰ ਦੀਆਂ ਚਾਬੀਆਂ ਸੌਂਪੀਆਂ ਤਾਂ ਦਰਸ਼ਕਾਂ ਦੀ ਮੰਗ ਉਤੇ ਕਰਤਾਰ ਸਿੰਘ ਨੇ ਕਾਰ ''ਤੇ ਚੜ੍ਹ ਕੇ ਸਟੇਡੀਅਮ ਦਾ ਚੱਕਰ ਲਾਇਆ। ਉਹ ਨਜ਼ਾਰਾ ਤੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਉਹਦਾ ਇਰਾਨ ਦੇ ਓਲੰਪੀਅਨ ਪਹਿਲਵਾਨ ਨੂੰ ਢਾਹ ਕੇ ਉਹਦੀ ਹਿੱਕ ''ਤੇ ਬੁੱਕਣ ਦਾ ਨਜ਼ਾਰਾ ਮੇਰੇ ਚੇਤਿਆਂ ''ਚ ਅਜੇ ਵੀ ਤਰੋ-ਤਾਜ਼ਾ ਹਨ।
ਉਸ ਨੇ ਦੁਨੀਆ ਦੇ ਦਰਜਨਾਂ ਦੇਸ਼ ਤੇ ਸੈਂਕੜੇ ਸ਼ਹਿਰ ਵੇਖੇ ਹਨ ਅਤੇ ਕੌਮੀ ਤੇ ਕੌਮਾਂਤਰੀ ਕੁਸ਼ਤੀਆਂ ''ਚੋਂ ਸੋਨੇ, ਚਾਂਦੀ ਤੇ ਤਾਂਬੇ ਦੇ ਵੀਹਾਂ ਤਗ਼ਮੇ ਜਿੱਤੇ ਹਨ। ਉਹ ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ ਵਿਚ ਭਾਰਤੀ ਦਲਾਂ ਦਾ ਝੰਡਾਬਰਦਾਰ ਰਿਹਾ। ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਦੇ ਅਨੇਕ ਅਦਾਰਿਆਂ ਨੇ ਪਹਿਲਵਾਨ ਕਰਤਾਰ ਸਿੰਘ ਦਾ ਮਾਨ ਸਨਮਾਨ ਕੀਤਾ ਹੈ।
ਕਰਤਾਰ ਦਾ ਕੱਦ ਪੰਜ ਫੁਟ ਦਸ ਇੰਚ ਹੈ ਤੇ ਵਜ਼ਨ ਨੱਬੇ ਕਿਲੋ ਤੋਂ ਸੌ ਕਿਲੋ ਵਿਚਾਲੇ ਰਿਹਾ। ਛਾਤੀ ਦਾ ਘੇਰਾ ਅਠਤਾਲੀ ਇੰਚ। ਰੰਗ ਗੋਰਾ, ਠੋਡੀ ''ਚ ਪੈਂਦਾ ਟੋਆ, ਨੈਣ ਨਕਸ਼ ਮਨਮੋਹਣੇ, ਜੁੱਸਾ ਸਡੌਲ ਤੇ ਚਿਹਰਾ ਮੰਦ ਮੰਦ ਮੁਸਕ੍ਰਾਉਂਦਾ। 70ਵਿਆਂ ''ਚ ਪੁੱਜ ਕੇ ਵੀ ਉਹ 50ਵਿਆਂ ਦਾ ਜੁਆਨ ਵਿਖਾਈ ਦਿੰਦਾ ਹੈ। ਸੋਹਣਾ ਸੁਨੱਖਾ ਯੂਸਫ਼ ਵਰਗਾ ਹੈ। ਦਰਸ਼Lਕ ਉਹਦੇ ਦਰਸ਼ਨਾਂ ਨੂੰ ਤਾਂਘਦੇ ਰਹਿੰਦੇ ਹਨ। ਉਹਦਾ ਵਿਆਹ 1985 ''ਚ ਬੀਬੀ ਗੁਰਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਇਕ ਪੁੱਤਰ ਤੇ ਦੋ ਧੀਆਂ ਹਨ। ਅਜੋਕਾ ਟਿਕਾਣਾ 210 ਚੀਮਾ ਨਗਰ, ਜਲੰਧਰ ਵਿੱਚ ਹੈ।
ਉਹਦੇ ਸਮੁੱਚੇ ਜੀਵਨ ''ਤੇ ਝਾਤ ਮਾਰੀਏ ਤਾਂ ਪਤਾ ਲੱਗਦੈ ਕਿ ਇਕ ਸਾਧਾਰਨ ਪਰਿਵਾਰ ਦਾ ਬੱਚਾ ਆਪਣੀ ਮਿਹਨਤ ਦੇ ਬਲਬੂਤੇ ਕੁਛ ਦਾ ਕੁਛ ਕਰ ਸਕਦੈ। ਉਹਦਾ ਆਲਾ ਦੁਆਲਾ ਪਹਿਲਵਾਨੀ ਵਾਲਾ ਹੋਣ ਕਰਕੇ ਉਹ ਬਚਪਨ ਵਿੱਚ ਹੀ ਘੁਲਣ ਲੱਗ ਪਿਆ ਸੀ ਜਿਸ ਨਾਲ ਉਸ ਦਾ ਜੁੱਸਾ ਹੋਰ ਤਕੜਾ ਹੁੰਦਾ ਗਿਆ। ਉਹਦੇ ਤਾਏ ਦਾ ਪੁੱਤਰ ਜੋਗਿੰਦਰ ਸਿੰਘ ਤੇ ਕਰਤਾਰ ਦਾ ਵੱਡਾ ਭਰਾ ਅਮਰ ਸਿੰਘ ਬਾਹਰਲੀ ਹਵੇਲੀ ਵਿਚ ਅਖਾੜਾ ਪੁੱਟ ਕੇ ਜੋLਰ ਕਰਿਆ ਕਰਦੇ ਸਨ। ਉਹਨਾਂ ਦੀ ਰੀਸੇ ਛੋਟੇ ਭਰਾ ਗੁਰਚਰਨ ਤੇ ਕਰਤਾਰ ਵੀ ਇਕ ਦੂਜੇ ਨਾਲ ਖਹਿਣ ਲੱਗ ਪਏ ਤੇ ਪਹਿਲਵਾਨੀ ਦੇ ਰਾਹ ਪੈ ਗਏ। ਇਸ ਲਈ ਲੋੜ ਹੈ, ਪੰਜਾਬ ਦਾ ਮਾਹੌਲ ਜੁੱਸੇ ਸਿਹਤਮੰਦ ਤੇ ਤਕੜੇ ਬਣਾਉਣ ਵਾਲਾ ਬਣਾਇਆ ਜਾਵੇ ਤਾਂ ਕਿ ਮਾਰੂ ਨਸ਼ਿਆਂ ਦੇ ਕੋਹੜ ਤੋਂ ਪਠੀਰਾਂ ਤੇ ਨੌਜੁਆਨਾਂ ਨੂੰ ਜਾ ਸਕੇ।
ਜਿਹੜੇ ਕਹਿੰਦੇ ਹਨ ਕਿ ਖੇਡਾਂ ਵਿੱਚ ਕੁਝ ਨਹੀਂ ਪਿਆ ਉਹ ਕਰਤਾਰ ਸਿੰਘ ਦੀ ਰੀਸ ਕਰ ਲੈਣ। ਉਸ ਨੂੰ ਤੜਕੇ ਚਾਰ ਵਜੇ ਉਠਦਾ ਤੇ ਤਿੰਨ ਘੰਟੇ ਦੀ ਸਖ਼ਤ ਮਿਹਨਤ ਮਾਰਦਾ ਵੇਖਣ। ਤਕਾਲੀਂ ਦੋ ਘੰਟੇ ਫਿਰ ਮਿੱਟੀ ਨਾਲ ਮਿੱਟੀ ਹੁੰਦਾ ਜਾਚਣ। ਵੇਖ ਲਓ ਉਹਦੇ ਪਹਿਲਵਾਨ ਬਣਨ ਨਾਲ ਸਮੁੱਚੇ ਪਰਿਵਾਰ ਨੂੰ ਰੰਗ ਭਾਗ ਲੱਗੇ। ਤਿੰਨ ਭਰਾ ਤੇ ਦੋ ਭਤੀਜੇ ਕੁਸ਼ਤੀਆਂ ''ਚ ਪੈ ਕੇ ਉੱਚੇ ਅਹੁਦਿਆਂ ''ਤੇ ਪੁੱਜੇ। ਇਕ ਆਈ.ਜੀ. ਦੂਜਾ ਐਸ.ਪੀ. ਤੇ ਤੀਜਾ ਕੌਮਾਂਤਰੀ ਕੁਸ਼ਤੀ ਕੋਚ। ਭਤੀਜਾ ਕਸਟਮ ਅਫਸਰ। ਹੁਣ ਉਹ ਜਿਧਰ ਵੀ ਜਾਂਦਾ ਹੈ ਕਰਤਾਰ ਕਰਤਾਰ ਹੁੰਦੀ ਹੈ।
ਪਰਨਿਚਪਿਅਲਸਅਰੱਅਨਸਨਿਗਹ@ਗਮਅਲਿ।ਚੋਮ