ਲਿਉਜੀਆਨਾ ਦੇ ਮਾਲ ਵਿੱਚ ਦੋ ਧੜਿਆਂ ਵਿਚਾਲੇ ਗੋਲੀਬਾਰੀ ਵਿੱਚ ਇਕ ਮੌਤ ਤੇ 5 ਜ਼ਖਮੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਲਿਉਜੀਆਨਾ ਵਿੱਚ ਬੈਟਨ ਰੌਗ ਵਿਖੇ ਮਾਲ ਵਿੱਚ ਹੋਈ ਗੋਲੀਬਾਰੀ ਵਿੱਚ ਇਕ ਵਿਅਕਤੀ ਦੇ ਮਾਰੇ ਜਾਣ ਤੇ 5 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਅਨੁਸਾਰ 5 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਮਾਮਲਾ ਅਜੇ ਜਾਂਚ ਅਧੀਨ ਹੈ। ਬੈਟਨ ਰੌਗ ਪੁਲਿਸ ਮੁਖੀ ਥਾਮਸ ਮੋਰਸ ਜੂਨੀਅਰ ਨੇ ਕਿਹਾ ਹੈ ਕਿ ਦੋ ਧੜਿਆਂ ਵਿਚ ਸ਼ਾਮਿਲ ਲੋਕਾਂ ਨੇ ਕਿਸੇ ਮੁੱਦੇ ਤੇ ਹੋਈ ਬਹਿਸ ਉਪਰੰਤ ਇਕ ਦੂਸਰੇ ਉਪਰ ਗੋਲੀਆਂ ਚਲਾ ਦਿੱਤੀਆਂ। ਮਾੜੀ ਗੱਲ ਇਹ ਰਹੀ ਕਿ ਕੁਝ ਨਿਰਦੋਸ਼ ਲੋਕ ਵੀ ਗੋਲੀਆਂ ਦੀ ਮਾਰ ਹੇਠ ਆ ਗਏ। ਗੋਲਬਾਰੀ ਉਪਰੰਤ ਲੋਕ ਆਪਣਾ ਬਚਾ ਕਰਨ ਲਈ ਇਧਰ ਉਧਰ ਲੁਕ ਗਏ। ਪੁਲਿਸ ਮੁਖੀ ਅਨੁਸਾਰ ਅਜੇ ਇਹ ਸਾਫ ਨਹੀਂ ਹੈ ਕਿ ਕੁਲ ਕਿੰਨੇ ਲੋਕ ਗੋਲੀਬਾਰੀ ਵਿੱਚ ਸ਼ਾਮਿਲ ਸਨ। ਜਾਂਚਕਾਰ ਸੀ ਸੀ ਟੀ ਵੀ ਦੀ ਫੁੱਟਜ ਵੇਖ ਰਹੇ ਹਨ ਤੇ ਮੌਕੇ ਦੇ ਗਵਾਹਾਂ ਦੇ ਬਿਆਨ ਲਏ ਜਾ ਰਹੇ ਹਨ ਤਾਂ ਜੋ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ। ਸ਼ੱਕੀ
ਵਿਅਕਤੀਆਂ ਨੂੰ ਕਾਬੂ ਕਰਨ ਲਈ ਡਰੋਨ ਤੇ ਹੈਲੀਕਾਪਟਰ ਦੀ ਮੱਦਦ ਵੀ ਲਈ ਜਾ ਰਹੀ ਹੈ।