ਅੰਮ੍ਰਿਤਪਾਲ ਦੇ ਸਾਥੀ 'ਪ੍ਰਧਾਨ ਮੰਤਰੀ ਬਾਜੇਕੇ' ਨੇ ਬਠਿੰਡਾ ਜੇਲ੍ਹ ਪ੍ਰਸ਼ਾਸਨ 'ਤੇ ਤੰਗ-ਪਰੇਸ਼ਾਨ ਕਰਨ ਦੇ ਲਗਾਏ ਦੋਸ਼ ਆਡਿਓ ਕਲਿੱਪਾਂ ਵਾਇਰਲ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ, ਜਿਸ ਨੂੰ ਪ੍ਰਧਾਨ ਮੰਤਰੀ ਬਾਜੇਕੇ ਵਜੋਂ ਜਾਣਿਆ ਜਾਂਦਾ ਹੈ, ਨੇ ਬਠਿੰਡਾ ਜੇਲ੍ਹ ਦੇ ਪ੍ਰਸ਼ਾਸਨ 'ਤੇ ਪਰੇਸ਼ਾਨ ਕਰਨ ਅਤੇ ਧਾਰਮਿਕ ਬੇਅਦਬੀ ਕਰਨ ਦੇ ਦੋਸ਼ ਲਗਾਏ ਹਨ। ਉਸ ਦੀਆਂ ਲਗਪਗ ਤਿੰਨ-ਤਿੰਨ ਮਿੰਟਾਂ ਦੀਆਂ ਦੋ ਆਡੀਓ ਕਲਿੱਪਾਂ ਸੋਮਵਾਰ ਨੂੰ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿੱਚ ਉਸ ਨੇ ਇਹ ਗੱਲਾਂ ਕਹੀਆਂ ਹਨ।
ਉਹ ਇਸ ਵੇਲੇ ਜੇਲ੍ਹ ਵਿੱਚ ਆਪਣੇ ਚਾਰ ਕਥਿਤ ਸਾਥੀਆਂ ਨਾਲ ਬੰਦ ਹੈ। ਉਸ ਦੀ ਇੱਕ ਆਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਆਪਣੇ ਪਰਿਵਾਰ ਦੇ ਇੱਕ ਮੈਂਬਰ (ਮਾਤਾ) ਨਾਲ ਗੱਲ ਕਰਦਿਆਂ ਇਸ ਰਿਕਾਰਡਿੰਗ ਨੂੰ ਵਾਇਰਲ ਕਰਨ ਲਈ ਕਹਿ ਰਿਹਾ ਹੈ। ਇਸ ਗੱਲਬਾਤ ਦੌਰਾਨ ਬਾਜੇਕੇ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਜੇਲ੍ਹ ਦੇ ਅੰਦਰ ਬਣੇ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਸ ਨੂੰ ਇਕੱਲਿਆਂ ਰੱਖਿਆ ਜਾ ਰਿਹਾ ਹੈ।