ਹੁਣ ਟਰੰਪ ਦਾ ਦਬਾਅ ਬਰਦਾਸ਼ਤ ਨਹੀਂ ਕਰਾਂਗੇ: ਇਰਾਨ

ਇਰਾਨ ਨੇ ਅੱਜ ਕਿਹਾ ਹੈ ਕਿ ਅਮਰੀਕਾ ਹੁਣ ਉਸ ਸਥਿਤੀ ਵਿੱਚ ਨਹੀਂ ਰਿਹਾ ਕਿ ਉਹ ਦੂਜੇ ਦੇਸ਼ਾਂ &rsquoਤੇ ਆਪਣੇ ਫੈਸਲੇ ਥੋਪ ਸਕੇ ਜਾਂ ਉਨ੍ਹਾਂ ਨੂੰ ਇਹ ਦੱਸੇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਤਹਿਰਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਇਰਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਰੇਜ਼ਾ ਤਲਾਏਈ-ਨਿਕ ਨੇ ਰਸਮੀ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਡੋਨਲਡ ਟਰੰਪ ਦੇ ਕਿਸੇ ਵੀ ਤਰ੍ਹਾਂ ਦੇ ਦਬਾਅ ਅੱਗੇ ਹੁਣ ਗੋਡੇ ਨਹੀਂ ਟੇਕਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨੂੰ ਆਪਣੀਆਂ ਗਲਤ ਮੰਗਾਂ ਨੂੰ ਤੁਰੰਤ ਛੱਡਣਾ ਪਵੇਗਾ।

ਇਹ ਅਹਿਮ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕਾ, ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਨਾਲ ਸਬੰਧਤ ਇਰਾਨ ਦੇ ਇੱਕ ਨਵੇਂ ਪ੍ਰਸਤਾਵ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਵਰਤਮਾਨ ਵਿੱਚ ਅਮਰੀਕਾ, ਇਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਲਾਗੂ ਹੈ ਪਰ ਇਸ ਲੰਮੇ ਸੰਘਰਸ਼ ਨੂੰ ਸਥਾਈ ਤੌਰ 'ਤੇ ਖ਼ਤਮ ਕਰਨ ਲਈ ਚੱਲ ਰਹੀ ਗੱਲਬਾਤ ਵਿੱਚ ਅਜੇ ਤੱਕ ਕੋਈ ਨਿਰਣਾਇਕ ਨਤੀਜਾ ਸਾਹਮਣੇ ਨਹੀਂ ਆਇਆ ਹੈ। ਦੂਜੇ ਪਾਸੇ, ਖੇਤਰੀ ਹਾਲਾਤ ਨੂੰ ਦੇਖਦੇ ਹੋਏ ਲੈਬਨਾਨ ਵਿੱਚ ਵੀ ਸੁਰੱਖਿਆ ਪ੍ਰਬੰਧ ਸਖ਼ਤ ਹਨ ਅਤੇ ਉੱਥੋਂ ਦੀ ਪੁਲੀਸ ਵੀ ਪੂਰੀ ਤਰ੍ਹਾਂ ਚੌਕਸ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।