ਕੰਗਨਾ ਰਣੌਤ ਮਾਣਹਾਨੀ ਮਾਮਲੇ ‘ਚ ਨਹੀਂ ਪੇਸ਼ ਹੋ ਸਕਿਆ ਗਵਾਹ, ਹੁਣ ਅਗਲੀ ਸੁਣਵਾਈ 12 ਨੂੰ

ਮਾਣਹਾਨੀ ਮਾਮਲੇ ਵਿਚ ਸਾਂਸਦ ਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਦੀ ਬਠਿੰਡਾ ਵਿਚ ਅੱਜ ਤੈਅ ਪੇਸ਼ੀ ਦੌਰਾਨ ਸੁਣਵਾਈ ਅੱਗੇ ਨਹੀਂ ਵਧ ਸਕੀ। ਇਸ ਦੌਰਾਨ ਨਾ ਤਾਂ ਕੰਗਨਾ ਖੁਦ ਅਦਾਲਤ ਵਿਚ ਹਾਜਰ ਹੋਈ ਤੇ ਨਾ ਹੀ ਇਸ ਮਾਮਲੇ ਵਿਚ ਗਵਾਹ ਪੇਸ਼ ਹੋ ਸਕੇ, ਜਿਸ ਕਰਕੇ ਅਦਾਲਤ ਨੇ ਅਗਲੀ ਸੁਣਵਾਈ ਲਈ 12 ਮਈ ਦੀ ਤਰੀਕ ਤੈਅ ਕੀਤੀ ਹੈ।

ਸੁਣਵਾਈ ਦੌਰਾਨ ਕੰਗਨਾ ਦੇ ਪਾਸਪੋਰਟ ਜ਼ਬਤ ਕਰਨ ਦੇ ਮੁੱਦੇ &lsquoਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣ ਵਾਲੀ ਸੀ। ਉਨ੍ਹਾਂ ਦੇ ਵਕੀਲ ਨੇ ਮਾਣਹਾਨੀ ਮਾਮਲੇ ਦੇ ਮੁੱਖ ਗਵਾਹ ਕਿਸਾਨ ਸੁਰਜੀਤ ਸਿੰਘ ਫੂਲ ਤੋਂ ਪੁੱਛਗਿੱਛ ਕਰਨੀ ਸੀ। ਹਾਲਾਂਕਿ, ਸੁਰਜੀਤ ਸਿੰਘ ਫੂਲ ਸਿਹਤ ਠੀਕ ਨਾ ਹੋਣ ਕਾਰਨ ਪੇਸ਼ ਨਹੀਂ ਹੋ ਸਕੇ, ਜਦਕਿ ਗੁਰਪ੍ਰੀਤ ਸਿੰਘ ਦੀ ਗਵਾਹੀ ਵੀ ਅੱਜ ਦਰਜ ਨਹੀਂ ਹੋ ਸਕੀ।


ਮਾਤਾ ਮਹਿੰਦਰ ਕੌਰ ਦੇ ਵਕੀਲ ਰਘੁਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਕੰਗਨਾ ਰਣੌਤ ਦੇ ਵਕੀਲ ਨੇ ਪਹਿਲਾਂ ਸੁਰਜੀਤ ਸਿੰਘ ਦੀ ਗਵਾਹੀ ਦੀ ਗੱਲ ਕਹੀ ਸੀ। ਸੁਰਜੀਤ ਸਿੰਘ ਦੀ ਗੈਰ-ਹਾਜਰੀ ਕਾਰਨ ਕੰਗਨਾ ਰਣੌਤ ਦੇ ਵਕੀਲ ਨੇ ਬੇਬੇ ਮਹਿੰਦਰ ਕੌਰ ਤੇ ਇੱਕ ਹੋਰ ਗਵਾਹ ਤੋਂ ਸਵਾਲ-ਜਵਾਬ ਲਈ ਅਗਲੀ ਤਰੀਕ ਮੰਗੀ।

ਇਸ ਦੌਰਾਨ, ਸ਼ਿਕਾਇਤਕਰਤਾ ਪੱਖ ਦੀ ਇੱਕ ਬਜ਼ੁਰਗ ਔਰਤ ਮਹਿੰਦਰ ਕੌਰ ਦੇ ਪਤੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਦਾਲਤ ਉਨ੍ਹਾਂ ਨੂੰ ਇਨਸਾਫ਼ ਦੇਵੇਗੀ, ਪਰ ਜੇ ਉਨ੍ਹਾਂ ਨੂੰ ਰਾਹਤ ਨਹੀਂ ਮਿਲਦੀ, ਤਾਂ &ldquoਕੁਦਰਤ ਜ਼ਰੂਰ ਇਨਸਾਫ਼ ਦੇਵੇਗੀ।&rdquo ਮਾਮਲੇ ਦੀ ਅਗਲੀ ਸੁਣਵਾਈ 12 ਮਈ ਨੂੰ ਹੋਣੀ ਹੈ, ਜਿੱਥੇ ਗਵਾਹਾਂ ਦੇ ਪੇਸ਼ ਹੋਣ ਅਤੇ ਗਵਾਹੀਆਂ ਦਰਜ ਕੀਤੇ ਜਾਣ ਦੀ ਉਮੀਦ ਹੈ।