ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ: ਸਿੱਖ ਲੀਡਰਸ਼ਿਪ ਦੀ ਤ੍ਰਾਸਦੀ ਅਤੇ ਭਵਿੱਖ

ਆਗੂ ਕੌਮ ਦੀ ਪਛਾਣ ਹੁੰਦੇ ਹਨ| ਗੁਰਬਾਣੀ ਵੀ ਸਿਖਾਉਂਦੀ ਹੈ- ਤਖ਼ਤਿ ਬਹੈ ਤਖ਼ਤੈ ਕੀ ਲਾਇਕ ਅਰਥਾਤ ਜਿਹੜਾ ਤਖ਼ਤ ਤੇ ਬੈਠੇ, ਉਹ ਯੋਗਤਾ ਵਾਲਾ ਹੋਵੇ| ਅੰਨ੍ਹਾ ਆਗੂ ਨਾ ਕੇਵਲ ਆਪ ਭਟਕਦਾ ਹੈ, ਸਗੋਂ ਪੂਰੀ ਕੌਮ ਨੂੰ ਵੀ ਰਾਹ ਤੋਂ ਭਟਕਾ ਦਿੰਦਾ ਹੈ| ਇਤਿਹਾਸ ਸਾਫ਼ ਦੱਸਦਾ ਹੈ ਕਿ ਜਦੋਂ ਵੀ ਕੌਮ ਨੂੰ ਦੂਰਦਰਸ਼ੀ ਤੇ ਨੀਤੀਵਾਨ ਆਗੂ ਮਿਲੇ, ਉਹ ਉਚਾਈਆਂ &rsquoਤੇ ਪਹੁੰਚੀ ਪਰ ਜਦੋਂ ਸਵਾਰਥੀ ਲੀਡਰਸ਼ਿਪ ਹਾਵੀ ਹੋਈ, ਤਾਂ ਪਤਨ ਵੀ ਨਿਸ਼ਚਿਤ ਹੋਇਆ|
ਦਸਮ ਪਾਤਸ਼ਾਹ ਜੀ ਨੇ ਪੂਜਾ ਅਕਾਲ ਕੀ, ਦੀਦਾਰ ਖ਼ਾਲਸਾ ਕੇ, ਪਰਚਾ ਸ਼ਬਦ ਕਾ ਦੇ ਸਿਧਾਂਤ ਰਾਹੀਂ ਜੀਵਨ ਦਾ ਮੂਲ ਮੰਤਰ ਦਿੱਤਾ| ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਗੇ ਕਰਕੇ ਜ਼ੁਲਮ ਦਾ ਨਾਸ਼ ਕਰਨ ਲਈ ਪੰਜਾਬ  ਹੀ ਨਹੀਂ ਭੇਜਿਆ, ਸਗੋਂ ਖ਼ਾਲਸਾ ਰਾਜ ਦੀ ਬੁਨਿਆਦ ਰੱਖੀ| 1708 ਤੋਂ 1716 ਦਾ ਸਮਾਂ ਭਾਵੇਂ ਛੋਟਾ ਸੀ, ਪਰ ਇਸ ਵਿੱਚ ਹੀ ਹਲੇਮੀ ਰਾਜ, ਨਿਆਂ-ਪ੍ਰਧਾਨ ਪ੍ਰਬੰਧ, ਕਿਸਾਨਾਂ ਦੀ ਮੁਕਤੀ ਅਤੇ ਗੁਰੂ ਦੇ ਨਾਮ ਉਪਰ ਕਰੰਸੀ ਤੱਕ ਦੀ ਸਥਾਪਨਾ ਕਰ ਦਿੱਤੀ ਗਈ| ਇਹ ਇਸ ਸਪੱਸ਼ਟ ਸੰਦੇਸ਼ ਦੀ ਪਾਲਣਾ ਸੀ ਕਿ ਰਾਜ ਬਿਨਾਂ ਨਹਿ ਧਰਮ ਚਲੈ ਹੈ| ਸਿੱਖ ਲਈ ਧਰਮ ਅਤੇ ਰਾਜ ਦੋਵੇਂ ਅਟੁੱਟ ਹਨ|
ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਵੀ ਮਿਸਲਾਂ ਦੇ ਸਰਦਾਰਾਂ ਨੇ ਨਵਾਬ ਕਪੂਰ ਸਿੰਘ, ਸੁਲਤਾਨ-ਉਲ-ਕੌਮ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਚੜ੍ਹਤ ਸਿੰਘ ਆਦਿ ਦੀ ਅਗਵਾਈ ਹੇਠ ਖ਼ਾਲਸਾ ਸ਼ਕਤੀ ਨੂੰ ਇੱਕਜੁੱਟ ਤੇ ਮਜ਼ਬੂਤ ਰੱਖਿਆ| 1783 ਵਿੱਚ ਦਿੱਲੀ ਤੇ ਕਬਜ਼ਾ ਅਤੇ ਲਾਹੌਰ ਤੇ ਰਾਜ ਇਸੇ ਸ਼ਕਤੀ ਦੀ ਮਿਸਾਲ ਸੀ| ਮਹਾਰਾਜਾ ਰਣਜੀਤ ਸਿੰਘ ਨੇ 1799 ਤੋਂ 1839 ਤੱਕ ਇੱਕ ਮਜ਼ਬੂਤ ਤੇ ਧਰਮ-ਨਿਰਪੱਖ ਰਾਜ ਕਾਇਮ ਕੀਤਾ, ਜਿੱਥੇ ਹਰ ਵਰਗ ਨੂੰ ਇਨਸਾਫ਼ ਮਿਲਦਾ ਸੀ|
ਪਰ ਇਸੇ ਦੌਰ ਵਿੱਚ ਅੰਗਰੇਜ਼ ਹਕੂਮਤ ਵੀ ਭਾਰਤ ਵਿੱਚ ਮਜ਼ਬੂਤ ਹੋ ਰਹੀ ਸੀ| ਉਹ ਸਿਰਫ਼ ਜੇਤੂ ਹੀ ਨਹੀਂ, ਸਗੋਂ ਚਾਣਕਿਆ ਨੀਤੀ ਦੇ ਮਾਹਿਰ ਵੀ ਸਨ| ਉਨ੍ਹਾਂ ਨੇ ਸਿੱਖਾਂ ਦੀਆਂ ਕਮਜ਼ੋਰੀਆਂ ਨੂੰ ਸਮਝ ਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ| ਮਿਸਲ ਕਾਲ ਵਿੱਚ ਜਿੱਥੇ ਗਿਆਰਾਂ ਮਿਸਲਾਂ ਦੇ ਸਰਦਾਰ ਇੱਕਜੁੱਟ ਸਨ, ਉੱਥੇ ਹੀ ਪਟਿਆਲਾ  ਰਿਆਸਤ ਫੁਲਕੀਆਂ ਘਰਾਣਾ ਅਬਦਾਲੀ ਦਾ ਗੁਲਾਮ ਵੀ ਸੀ| ਉਸ ਪਰਿਵਾਰ ਤੇ ਕੁਝ ਹੋਰ ਸਿੱਖਾਂ ਨੂੰ ਅੰਗਰੇਜ਼ਾਂ ਨੇ ਆਪਣੇ ਨਾਲ ਜੋੜ ਕੇ ਸਿੱਖਾਂ ਦੀ ਏਕਤਾ ਨੂੰ ਖ਼ਤਮ ਕਰ ਦਿੱਤਾ| ਨਤੀਜੇ ਵਜੋਂ, ਸਿੱਖ ਰਾਜ ਦੀ ਹੱਦ ਸਤਲੁਜ ਤੱਕ ਸੀਮਿਤ ਰਹਿ ਗਈ| ਪਰ ਮਹਾਬਲੀ ਰਣਜੀਤ ਸਿੰਘ ਨੇ ਖ਼ਾਲਸਾ ਸ਼ਕਤੀ ਦਾ ਝੰਡਾ ਬੁਲੰਦ ਰੱਖਿਆ| ਜੇਕਰ ਆਪਣੇ ਅੰਗਰੇਜ਼ਾਂ ਦੇ ਪਿੱਠੂ ਨਾ ਬਣਦੇ, ਤਾਂ ਮਹਾਰਾਜਾ ਦਿੱਲੀ ਫ਼ਤਿਹ ਕਰਨ ਦੇ ਸਮਰੱਥ ਵੀ ਸੀ ਅਤੇ ਉਸ ਦੇ ਬੇਹੱਦ ਨੇੜੇ ਵੀ ਪਹੁੰਚ ਗਿਆ ਸੀ|
ਸ਼ੇਰੇ-ਪੰਜਾਬ ਦੇ ਅਕਾਲ ਚਲਾਣੇ ਨਾਲ ਸਿੱਖ ਸਮਰਾਜ ਦਾ ਸੂਰਜ ਹੀ ਅਸਤ ਨਹੀਂ ਹੋਇਆ, ਸਗੋਂ ਸਾਜ਼ਿਸ਼ਾਂ ਰਾਹੀਂ ਉਨ੍ਹਾਂ ਦਾ ਪਰਿਵਾਰ ਵੀ ਖ਼ਤਮ ਕਰ ਦਿੱਤਾ ਗਿਆ| ਸ਼ਾਹ ਮੁਹੰਮਦ ਇਸ ਸਥਿਤੀ ਨੂੰ ਸਪੱਸ਼ਟ ਕਰਦਾ ਹੈ:
ਪਿੱਛੇ ਇੱਕ ਸਰਕਾਰ ਦੇ ਖੇਡ ਚੱਲੀ, 
ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ|
ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ, 
ਸਭੋ ਕਤਲ ਹੋਏ ਵਾਰੋ ਵਾਰ ਮੀਆਂ|
ਸਿਰ ਤੇ ਫ਼ੌਜ ਦੇ ਰਿਹਾ ਨਾ ਕੋਈ ਕੁੰਡਾ, 
ਹੋਇਆ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ|
ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, 
ਭੂਤ ਮੰਡਲੀ ਹੋਈ ਤਿਆਰ ਮੀਆਂ|
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਖ਼ਤਮ ਕਰਨਾ ਜਾਂ ਵਿਦੇਸ਼ ਭੇਜਣਾ ਇੱਕ ਵੱਡੀ ਸਾਜ਼ਿਸ਼ ਸੀ| ਕੀ ਕੌਮ ਦੇ ਇਤਿਹਾਸਕਾਰਾਂ ਨੇ ਇਸ ਬਾਰੇ ਗੰਭੀਰ ਖੋਜ ਕੀਤੀ ਹੈ? ਇਸ ਦੇ ਨਾਲ ਹੀ ਅੰਗਰੇਜ਼ ਹਕੂਮਤ ਨੇ ਸਿੱਖ ਧਾਰਮਿਕ ਆਗੂਆਂ ਦਾ ਇੱਕ ਅਜਿਹਾ ਵਰਗ ਪੈਦਾ ਕੀਤਾ, ਜਿਸ ਨੇ ਗੁਰਮਤਿ ਦੇ ਮੂਲ ਸਿਧਾਂਤਾਂ ਨੂੰ ਛੱਡ ਕੇ ਅਕਾਲ ਦੇ ਪੁਜਾਰੀਆਂ ਨੂੰ ਕਰਮਕਾਂਡਾਂ ਵੱਲ ਲਾ ਦਿੱਤਾ| ਸ਼ਬਦ ਗੁਰੂ ਦੀ ਥਾਂ ਦੇਹਧਾਰੀ ਬਾਬਿਆਂ ਨੇ ਲੈ ਲਈ, ਜਿਸ ਨਾਲ ਸਿੱਖੀ ਦੀ ਅਸਲ ਰੂਹ ਕਮਜ਼ੋਰ ਹੋਈ|
ਸਿੰਘ ਸਭਾ ਲਹਿਰ ਨੇ ਇਸ ਗਿਰਾਵਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅੰਗਰੇਜ਼ਾਂ ਨੇ ਉਸ ਵਿੱਚ ਵੀ ਫੁੱਟ ਪਾ ਦਿੱਤੀ| ਚੀਫ਼ ਖ਼ਾਲਸਾ ਦੀਵਾਨ ਵਰਗੀਆਂ ਸੰਸਥਾਵਾਂ ਬਣੀਆਂ, ਪਰ ਉਹ ਵੀ ਕੌਮ ਨੂੰ ਇੱਕ ਮਜ਼ਬੂਤ ਦਿਸ਼ਾ ਦੇਣ ਵਿੱਚ ਅਸਫ਼ਲ ਰਹੀਆਂ| ਗੁਰਦੁਆਰਾ ਸੁਧਾਰ ਲਹਿਰ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ, ਪਰ ਆਖ਼ਰਕਾਰ ਗੁਰਦੁਆਰਾ ਪ੍ਰਬੰਧ ਵੀ ਸਿਆਸੀ ਪ੍ਰਭਾਵ ਹੇਠ ਆ ਗਿਆ|
ਆਜ਼ਾਦੀ ਤੋਂ ਬਾਅਦ ਵੀ ਹਾਲਾਤ ਬਹੁਤ ਵੱਖਰੇ ਨਹੀਂ ਰਹੇ| ਅਕਾਲੀ ਆਗੂ ਕਾਂਗਰਸ ਦੇ ਪ੍ਰਭਾਵ ਹੇਠ ਆ ਗਏ ਅਤੇ ਕੌਮੀ ਮਸਲਿਆਂ ਨੂੰ ਨਿੱਜੀ ਸਿਆਸਤ ਲਈ ਵਰਤਿਆ ਗਿਆ| ਜਾਤ-ਪਾਤ ਦੇ ਖ਼ਿਲਾਫ਼ ਮਾਣਸ ਕੀ ਜਾਤ ਸਭੈ ਏਕੈ ਪਹਿਚਾਨਬੋ ਦਾ ਹੋਕਾ ਦੇਣ ਵਾਲਾ ਪੰਥ ਅੱਜ ਖ਼ੁਦ ਜਾਤਾਂ ਵਿੱਚ ਵੰਡਿਆ ਗਿਆ ਹੈ|
ਸਿੱਖ ਦਾਨੀ ਵੀ ਹੈ ਤੇ ਬਹਾਦਰ ਵੀ| ਉਹ ਸਵਾ ਲਾਖ ਸੇ ਏਕ ਲੜਾਊਂ ਦੇ ਬਚਨ ਪੂਰੇ ਕਰਦਾ ਆਇਆ ਹੈ| ਉਹ ਸਾਰਾਗੜ੍ਹੀ ਵਿੱਚ ਕੇਵਲ 21 ਹੋ ਕੇ 10,000 ਅਫ਼ਗਾਨੀਆਂ ਨੂੰ ਮਾਤ ਦੇ ਸਕਦਾ ਹੈ, ਪਰ ਜਦੋਂ ਆਪਸ ਵਿੱਚ ਮਿਲ ਕੇ ਕੌਮ ਲਈ ਨੀਤੀ ਘੜਨ ਦੀ ਵਾਰੀ ਆਉਂਦੀ ਹੈ, ਤਾਂ ਮੈਦਾਨ ਅਕਸਰ ਸਵਾਰਥੀ ਲੋਕਾਂ ਲਈ ਖਾਲੀ ਛੱਡ ਦਿੱਤਾ ਜਾਂਦਾ ਹੈ| ਸ਼ਮਸ਼ੀਰ ਦੀ ਲੜਾਈ ਜਿੱਤ ਕੇ ਵੀ ਅਸੀਂ ਵਿਚਾਰ ਅਤੇ ਤਰਕ ਦੀ ਲੜਾਈ ਕਿਉਂ ਹਾਰ ਜਾਂਦੇ ਹਾਂ? ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਬਹੁਤੇ ਆਗੂ ਕੁਰਸੀ ਦੀ ਖ਼ਾਤਰ ਪੰਥ ਦੀ ਪਿੱਠ ਵਿੱਚ ਛੁਰਾ ਮਾਰ ਕੇ ਦੂਜੇ ਪਾਸੇ ਜਾ ਖੜ੍ਹੇ ਹੋਏ| ਅਜੋਕੇ ਸੰਦਰਭ ਵਿੱਚ ਸ਼ਾਹ ਮੁਹੰਮਦ ਦੀਆਂ ਇਹ ਸਤਰਾਂ ਢੁਕਦੀਆਂ ਹਨ:
ਲਹਿਣਾ ਸਿੰਘ ਸਿਰਦਾਰ ਮਜੀਠੀਆ ਸੀ,
ਵੱਡਾ ਅਕਲ ਦਾ ਕੋਟ ਕਮਾਲ ਮੀਆਂ|
ਮਹਾਂਬਲੀ ਸਿਰਦਾਰ ਸੀ ਪੰਥ ਵਿਚੋਂ, 
ਡਿੱਠੀ ਬਣੀ ਕੁਚਲਣੀ ਚਾਲ ਮੀਆਂ|
ਦਿਲ ਆਪਣੇ ਬੈਠ ਵਿਚਾਰ ਕਰਦਾ, 
ਏਥੇ ਕਈਆਂ ਦੇ ਹੋਣਗੇ ਕਾਲ ਮੀਆਂ|
ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ, 
ਸਾਰਾ ਛੱਡ ਕੇ ਦੰਗ ਦਵਾਲ ਮੀਆਂ|
ਅੱਜ ਦੁਨੀਆ ਭਰ ਵਿੱਚ ਸਿੱਖ ਹਰ ਖੇਤਰ ਵਿੱਚ ਮੋਹਰੀ ਹਨ, ਪਰ ਕੌਮੀ ਪੱਧਰ ਤੇ ਇੱਕ ਸਾਂਝੀ ਨੀਤੀ ਦੀ ਘਾਟ ਹੈ| ਪੰਜਾਬ ਵਿੱਚ ਅਸੀਂ ਲੋਕਤੰਤਰ ਦੇ ਤਿੰਨਾਂ ਥੰਮ੍ਹਾਂ-ਵਿਧਾਨਪਾਲਿਕਾ, ਨੌਕਰਸ਼ਾਹੀ ਅਤੇ ਨਿਆਂਪਾਲਿਕਾ-ਵਿੱਚ ਪਛੜਦੇ ਜਾ ਰਹੇ ਹਾਂ| ਅੱਜ ਲੜਾਈ ਤੇਗ਼ ਚਲਾਉਣ ਦੀ ਨਹੀਂ, ਸਗੋਂ ਵਿਚਾਰ ਅਤੇ ਸਮਰਪਿਤ ਅਗਵਾਈ ਦੀ ਹੈ|
ਸ਼ਾਹ ਮੁਹੰਮਦ ਦੇ ਸ਼ਬਦਾਂ ਵਿੱਚ:
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, 
ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ..
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, 
ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ|
ਇਹ ਕਵਿਤਾ ਸਿਰਫ਼ ਇਤਿਹਾਸ ਨਹੀਂ, ਸਗੋਂ ਇੱਕ ਸਬਕ ਹੈ ਕਿ ਇੱਕਜੁੱਟਤਾ ਅਤੇ ਯੋਗ ਆਗੂ ਤੋਂ ਬਿਨਾਂ ਸਭ ਤੋਂ ਬਹਾਦਰ ਕੌਮ ਵੀ ਹਾਰ ਸਕਦੀ ਹੈ| ਅੱਜ ਲੋੜ ਹੈ ਅਜਿਹੇ ਆਗੂਆਂ ਦੀ ਜੋ ਨੀਅਤ, ਨੀਤੀ ਅਤੇ ਨਿਸ਼ਕਾਮਤਾ ਨਾਲ ਕੌਮ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣ| ਆਓ, ਵਿੱਦਿਆ ਅਤੇ ਗਿਆਨ ਦੇ ਚਾਨਣ ਰਾਹੀਂ ਨੌਜਵਾਨੀ ਨੂੰ ਅੱਗੇ ਤੋਰੀਏ ਅਤੇ ਕੌਮੀ ਫ਼ੈਸਲਿਆਂ ਲਈ ਇੱਕ ਸਦੀਵੀ ਵਿਦਵਾਨ ਸੰਸਥਾ ਬਣਾਈਏ| ਅੱਜ ਦੀ ਅਸਲ ਲੜਾਈ ਵਿਚਾਰ ਦੀ ਲੜਾਈ ਹੈ|
ਇਕਬਾਲ ਸਿੰਘ ਲਾਲਪੁਰਾ