ਆਮ ਆਦਮੀ ਪਾਰਟੀ ਨੂੰ ਝਟਕਾ - ਚੋਰਾਂ ਨੂੰ ਮੋਰ ਪੈ ਗਏ

ਰਾਘਵ ਚੱਢੇ ਦੇ ਸਿਆਸੀ ਧਮਾਕੇ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਗਹਿਰੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਗਏ ਹਨ| ਪੰਜਾਬ ਸਰਕਾਰ ਲਈ ਵੀ ਖ਼ਤਰੇ ਦੀ ਘੰਟੀ ਵੱਜ ਗਈ ਹੈ| ਇਸ ਧਮਾਕੇ ਨੇ ਸਿਆਸੀ ਸਮੀਕਰਨ ਹੀ ਬਦਲ ਦਿੱਤੇ ਹਨ| ਜਿਸ ਤਰ੍ਹਾਂ ਹਵਾ ਦੇ ਬੁਲੇ ਦੀ ਵਾਂਗ ਇਹ ਪਾਰਟੀ ਹੋਂਦ ਵਿੱਚ ਆਈ ਸੀ,  ਉਸੇ ਤਰ੍ਹਾਂ ਵਰਤਮਾਨ ਸਿਆਸੀ ਘਟਨਾਵਾਂ ਤੋਂ ਬਾਅਦ ਇਉਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹ ਪਾਰਟੀ ਬਿਖਰਕੇ ਤੀਲਾ - ਤੀਲਾ ਹੋ ਜਾਵੇਗੀ, ਕਿਉਂਕਿ ਇਹ ਪਾਰਟੀ ਸਿਧਾਂਤਹੀਣ ਹੈ, ਵੱਖ - ਵੱਖ ਵਿਚਾਰਧਾਰਾਵਾਂ ਵਾਲੇ ਸਿਆਸਤਦਾਨ ਲਾਲਚ ਹਿੱਤ ਸਿਆਸੀ ਤਾਕਤ &rsquoਤੇ ਕਬਜ਼ਾ ਕਰਨ ਲਈ ਇਕੱਠੇ ਹੋਏ ਸਨ| ਇਸ ਪਾਰਟੀ ਦਾ ਨਾ ਕੋਈ ਸੰਵਿੰਧਾਨ, ਨਾ ਕੋਈ ਆਧਾਰ, ਨਾ ਕੋਈ ਪਾਰਟੀ ਕੇਡਰ ਅਤੇ ਨਾ ਹੀ ਕੋਈ ਅਸੂਲ ਹਨ| ਐਧਰੋਂ ਓਧਰੋਂ ਇਕੱਠੀ ਕੀਤੀ ਸਿਧਾਂਤਹੀਣ ਸਿਆਸਤਦਾਨਾ ਦੀ ਭੀੜ ਹੈ, ਜਿਨ੍ਹਾਂ ਦੀ ਉਨ੍ਹਾਂ ਦੀਆਂ ਪਾਰਟੀਆਂ ਵਿੱਚ ਪੁੱਛ ਪੜਤਾਲ ਹੀ ਨਹੀਂ ਸੀ, ਭਾਵ ਉਨ੍ਹਾਂ ਨੂੰ ਕੋਈ ਬੇਰਾਂ ਵੱਟੇ ਵੀ ਪੁੱਛਦਾ ਨਹੀਂ ਸੀ| ਦੂਜੀਆਂ ਪਾਰਟੀਆਂ ਵਿੱਚੋਂ ਲਾਲਚੀ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਉਸਦੀ ਮਜ਼ਬੂਰੀ ਸੀ| ਇਨ੍ਹਾਂ ਨੂੰ ਆਪੋ ਧਾਪੀ ਪਈ ਹੋਈ ਹੈ| ਰਾਘਵ ਚੱਢੇ ਦੇ ਐਲਾਨਨਾਮੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਕਿਉਂਕਿ ਉਹ ਸਿਆਸੀ ਤਾਕਤ ਦੇ ਚੁਬਾਰੇ ਵਿੱਚ ਚੜ੍ਹਕੇ ਲੋਕਾਂ ਦੇ ਦਿੱਤੇ ਅਥਾਹ ਫਤਵੇ ਦਾ ਵਿਸ਼ਵਾਸ਼ਘਾਤ ਕਰ ਰਿਹਾ ਸੀ| ਸਿਆਸੀ ਤਾਕਤ ਦਾ ਘੁਮੰਡ ਹੀ ਉਸਦੇ ਸਿਰ ਨੂੰ ਚੜ੍ਹਕੇ ਬੋਲਦਾ ਸੀ| ਪੰਜਾਬ ਨੂੰ ਉਹ ਆਪਣੀ ਜੱਦੀ ਜਾਇਦਾਦ ਸਮਝਣ ਲੱਗ ਪਿਆ ਸੀ| ਪੰਜਾਬ ਤੋਂ ਬਾਹਰੋਂ ਲਿਆਕੇ ਪੰਜਾਬੀਆਂ ਦੀ ਹਿੱਕ ਤੇ ਬਿਠਾ ਦਿੱਤੇ, ਉਸਨੇ ਪੰਜਾਬੀਆਂ ਦੀ ਅਣਖ ਨੂੰ ਵੰਗਾਰਿਆ ਸੀ ਤੇ ਫਿਰ ਉਸਦੇ ਚਹੇਤਿਆਂ ਨੇ ਹੀ ਅਰਵਿੰਦ ਕੇਜਰੀਵਾਲ ਨੂੰ ਸਬਕ ਸਿਖਾ ਦਿੱਤਾ| ਸਿਆਸਤ ਦੇ ਨਸ਼ੇ ਵਿੱਚ ਘੂਕ ਸੁੱਤੇ ਅਰਵਿੰਦ ਕੇਜਰੀਵਾਲ ਤੇ ਅਚਾਨਕ ਚੋਰਾਂ ਤੇ ਮੋਰ ਪੈ ਗਏ| ਕੱਚ ਦੇ ਘਰਾਂ ਵਿੱਚ ਰਹਿੰਦਿਆਂ ਅਰਵਿੰਦ ਕੇਜਰੀਵਾਲ ਦੂਜਿਆਂ ਦੇ ਪੱਥਰ ਮਾਰਦਾ ਰਿਹਾ| ਉਹੀ ਪੱਥਰਾਂ ਨੇ ਹੀ ਉਸਦੇ ਸਿਆਸੀ ਸ਼ੀਸ਼ ਮਹਿਲ ਨੂੰ ਮਲੀਆ ਮੇਟ ਕਰ ਦਿੱਤਾ| ਹੁਣ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਦਿੱਲੀ ਵਾਲੇ ਘਰ ਖਾਲ੍ਹੀ ਕਰਨੇ ਪੈਣਗੇ| ਉਹ ਦੂਜੇ ਸੂਬਿਆਂ ਦੇ ਵਿਅਕਤੀਆਂ ਨੂੰ ਪੰਜਾਬ ਵਿੱਚ ਅਹੁਦਿਆਂ ਨਾਲ ਨਿਵਾਜ਼ਕੇ ਪੰਜਾਬੀਆਂ ਦੇ ਜ਼ਖਮਾਂ ਤੇ ਲੂਣ ਛਿੜਕਦਾ ਰਿਹਾ| ਹੁਣ ਜਦੋਂ ਉਸਦੇ ਜ਼ਖਮ &rsquoਤੇ ਲੂਣ ਪਿਆ ਤਾਂ ਰਿਸਦੇ ਜ਼ਖ਼ਮਾਂ ਨਾਲ ਤੜਪ ਰਿਹਾ ਹੈ| ਉਸਦਾ ਦਿੱਤਾ ਨੁਸਖਾ ਪੁੱਠਾ ਪੈ ਗਿਆ| ਹੁਣ ਉਹ ਕਹਿ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਅਪ੍ਰੇਸ਼ਨ ਲੋਟਸ ਹੈ,  ਪ੍ਰੰਤੂ ਜਦੋਂ ਉਹ ਦੂਜੀਆਂ ਪਾਰਟੀਆਂ ਵਿੱਚ ਸੰਨ੍ਹ ਲਾ ਰਿਹਾ ਸੀ ਤਾਂ ਉਸਨੂੰ ਸੋਚਣਾ ਚਾਹੀਦਾ ਸੀ ਕਿ ਉਸਦੇ ਨੰਗੇ ਸਿਰ ਤੇ ਵੀ ਗੜੇ ਪੈ ਸਕਦੇ ਹਨ| 
ਆਮ ਆਦਮੀ ਪਾਰਟੀ ਅੰਨਾ ਹਜ਼ਾਰੇ ਦੇ ਭਰਿਸ਼ਟਾਚਾਰ ਵਿਰੁੱਧ ਚਲਾਏ ਗਏ ਅੰਦੋਲਨ ਵਿੱਚੋਂ ਨਿਕਲੀ ਸੀ| ਅਸਲ ਵਿੱਚ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੇ ਸ਼ਾਤਰ ਦਿਮਾਗ ਦੀ ਉਪਜ ਸੀ| ਅੰਨਾ ਹਜ਼ਾਰੇ ਦੇ ਵਿਰੋਧ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨੇ ਬਗ਼ਾਬਤ ਕਰਕੇ ਆਮ ਆਦਮੀ ਪਾਰਟੀ ਬਣਾਈ ਸੀ| ਭਰਿਸ਼ਟਾਚਾਰ ਖ਼ਤਮ ਕਰਨ ਦੇ ਨਾਮ ਤੇ ਲੋਕਾਂ ਨੂੰ ਵਰਗਲਾਕੇ ਸਾਫ ਸੁਥਰਾ ਪ੍ਰਸਸ਼ਾਨ ਦੇਣ ਦਾ ਲਾਲੀਪੋਪ ਦੇਣ ਦਾ ਸਪਨਾ ਵਿਖਾਕੇ ਬਦਲਾਅ ਲਿਆਉਣ ਵਾਲੀ ਸਰਕਾਰ ਬਣਾਈ ਸੀ| ਨਵੀਂ ਪਾਰਟੀ ਹੋਣ ਕਰਕੇ ਆਮ ਆਦਮੀ ਪਾਰਟੀ ਦਾ ਆਪਣਾ ਕੋਈ ਕੇਡਰ ਨਹੀਂ ਸੀ| ਇਸ ਲਈ ਅਰਵਿੰਦ ਕੇਜਰੀਵਾਲ ਨੇ ਦੂਜੀਆਂ ਪਾਰਟੀਆਂ ਦੇ ਬੁਖਲਾਹਟ ਵਿੱਚ ਆਏ ਹੋਏ ਲਾਲਚੀ ਸਿਆਸੀ ਤਾਕਤ ਦੇ ਭੁੱਖੇ ਤੇ ਕੱਢੇ - ਵੱਢੇ ਸਿਆਸਤਦਾਨਾ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਸੀ| ਇਨ੍ਹਾਂ ਵਿੱਚ ਕੁਝ ਵਿਦਵਾਨ ਪੜ੍ਹੇ ਲਿਖੇ ਡਾਕਟਰ, ਵਕੀਲ, ਕਾਨੂੰਨਦਾਨ, ਪੱਤਰਕਾਰ, ਸਮਾਜ ਸੇਵਕ ਅਤੇ ਉਚ ਅਹੁਦਿਆਂ ਤੇ ਕੰਮ ਕਰਨ ਵਾਲੇ ਅਗਾਂਹਵਧੂ ਨਿਆਇਕ ਅਧਿਕਾਰੀ ਵੀ ਸ਼ਾਮਲ ਸਨ, ਪ੍ਰੰਤੂ ਅਰਵਿੰਦ ਕੇਜਰੀਵਾਲ ਨੇ ਅਜਿਹੇ ਲੋਕਾਂ ਜਿਨ੍ਹਾਂ ਵਿੱਚ ਪ੍ਰਸ਼ਾਂਤ ਭੂਸ਼ਣ, ਯੋਗਿੰਦਰ ਯਾਦਵ,  ਐਡਮਿਰਲ ਰਾਮ ਦਾਸ, ਕਿਰਨ ਬੇਦੀ, ਐਚ ਐਸ ਫੂਲਕਾ, ਸੁੱਚਾ ਸਿੰਘ ਛੋਟੇਪੁਰ, ਡਾ ਧਰਮਵੀਰ ਗਾਂਧੀ, ਸੁਖਪਾਲ ਸਿੰਘ ਖਹਿਰਾ  ਅਤੇ ਗੁਰਪ੍ਰੀਤ ਸਿੰਘ ਘੁੱਗੀ ਅਦਿ ਸ਼ਾਮਲ ਸਨ, ਨੂੰ ਪੜਾਅਵਾਰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾਕੇ ਆਪਣੀ ਤਾਨਾਸ਼ਾਹੀ ਦਾ ਸਬੂਤ ਦੇ ਦਿੱਤਾ ਸੀ| ਕੁਝ ਲੋਕ ਆਪਣੇ ਆਪ ਹੀ ਪਾਰਟੀ ਨਾਲੋਂ ਨਾਤਾ ਤੋੜ ਗਏ ਸਨ| ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਾ ਲਈ ਸੀ,  ਪ੍ਰੰਤੂ ਫੋਕੇ ਵਾਅਦੇ ਬਹੁਤਾ ਸਮਾਂ ਲੋਕਾਂ ਨੂੰ ਭਰਮਾ ਨਾ ਸਕੇ , ਅਖੀਰ ਦਿੱਲੀ ਜਦੋਂ ਹੱਥੋਂ ਗੁਆ ਲਈ ਤਾਂ ਆਮ ਆਦਮੀ ਪਾਰਟੀ ਦੇ ਬਰਸਾਤੀ ਡੱਡੂ ਦੂਜੀਆਂ ਪਾਰਟੀਆਂ ਵਿੱਚ ਛਾਲਾਂ ਮਾਰ ਗਏ| ਪੰਜਾਬ ਵਿੱਚ ਵੀ  2022 ਵਿੱਚ ਆਮ ਆਦਮੀ ਪਾਰਟੀ ਨੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਬਣਾ ਲਈ| ਜਦੋਂ ਅਰਵਿੰਦ ਕੇਜਰੀਵਾਲ ਦਿੱਲੀ ਵਿੱਚੋਂ ਚੋਣ ਹਾਰ ਗਿਆ ਤਾਂ ਆਪਣੇ ਸਾਰੇ ਸਾਥੀਆਂ ਨੂੰ ਲੈ ਕੇ ਪੰਜਾਬ ਵਿੱਚ ਅਸਿੱਧੇ ਢੰਗ ਨਾਲ ਰਾਜ ਕਰਨ ਲੱਗ ਪਿਆ| ਭਗਵੰਤ ਸਿੰਘ ਮਾਨ ਨੂੰ ਆਜ਼ਾਦਾਨਾ ਤੌਰ &rsquoਤੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਸੀ| ਉਹ ਸਿਰਫ ਨਾਮ ਦਾ ਹੀ ਮੁੱਖ ਮੰਤਰੀ ਰਹਿ ਗਿਆ ਸੀ| ਜਿਸ ਕਰਕੇ ਪੰਜਾਬੀਆਂ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ| ਚੁਣੇ ਹੋਏ ਨੁਮਾਇੰਦਿਆਂ ਦੀ ਅਣਵੇਖੀ ਦਾ ਨਤੀਜਾ ਅਰਵਿੰਦ ਕੇਜਰੀਵਾਲ ਨੂੰ ਭੁਗਤਣਾ ਪੈ ਰਿਹਾ ਹੈ| ਫਿਰ ਦੂਜੀਆਂ ਪਾਰਟੀਆਂ ਵਿੱਚੋਂ ਲਿਆਂਦੀ ਸਿਆਸੀ ਰਹਿੰਦ ਖੂੰਹਦ ਆਪਣੇ ਅਸਲੀ ਰੂਪ ਵਿੱਚ ਆ ਗਈ ਹੈ, ਕਿਉਂਕਿ ਜਿਹੜਾ ਸਿਆਸਤਦਾਨ ਤਾਕਤ ਦੀ ਭੁੱਖ ਕਰਕੇ ਆਪਣੀ ਮਾਂ ਪਾਰਟੀ ਦਾ ਨਹੀਂ ਹੋ ਸਕਿਆ, ਉਹ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਕਿਵੇਂ ਬਣ ਸਕਦਾ ਸੀ| ਇਮਾਨਦਾਰੀ ਦੀ ਡਾਊਂਡੀ ਪਿੱਟਣ ਵਾਲੀ ਸਰਕਾਰ ਦੇ ਪੰਜਾਬ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਇੱਕ ਦਰਜਨ ਤੋਂ ਵਧੇਰੇ ਮੰਤਰੀ/ਵਿਧਾਨਕਾਰ ਭਰਿਸ਼ਟਾਚਾਰ ਦੀ ਲਪੇਟ ਵਿੱਚ ਆ ਚੁੱਕੇ ਹਨ| ਕਈਆਂ ਨੂੰ ਜੇਲ੍ਹ ਵਿੱਚ ਜਾਣਾ ਪਿਆ ਤੇ ਇਸ ਸਮੇਂ ਇੱਕ ਮੰਤਰੀ ਅਤੇ ਦੋ ਵਿਧਾਨਕਾਰ ਅਜੇ ਵੀ ਜੇਲ੍ਹ ਵਿੱਚ ਬੰਦ ਹਨ| ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਦਿੱਲੀ ਦੇ ਹੋਰ ਕਈ ਮੰਤਰੀ ਜੇਲ੍ਹ ਵਿੱਚ ਬੰਦ ਰਹੇ ਹਨ| ਇਮਾਨਦਾਰ ਪਾਰਟੀ ਦਾ ਭਾਂਡਾ ਸ਼ਰੇ ਬਾਜ਼ਾਰ ਵਿੱਚ ਫੁੱਟ ਚੁੱਕਾ ਹੈ| ਤਾਜ਼ਾ ਘਟਨਾਕਰਮ ਜਿਸ ਵਿੱਚ ਆਮ ਆਦਮੀ ਪਾਰਟੀ ਦੇ 10 ਵਿੱਚੋਂ 7 ਰਾਜ ਸਭਾ ਦੇ ਮੈਂਬਰਾਂ ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ, ਹਰਭਜਨ ਸਿੰਘ, ਵਿਕਰਮ ਸਿੰਘ ਸਾਹਨੀ, ਰਾਜਿੰਦਰ ਗੁਪਤਾ ਅਤੇ ਸਵਾਤੀ ਮਾਲੀਵਾਲ ਨੇ ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜ ਲਿਆ  ਹੈ| ਇਨ੍ਹਾਂ ਅਮੀਰਜ਼ਾਦਿਆਂ ਨੂੰ ਟਿਕਟਾਂ ਪੰਜਾਬੀਆਂ ਦੇ ਹੱਕਾਂ ਨੂੰ ਛਿੱਕੇ ਤੇ ਟੰਗਕੇ ਦਿੱਤੀਆਂ ਸਨ| ਉਦੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੇ ਧੋਖਾ ਦਿੱਤਾ ਤੇ ਗਦਾਰੀ ਕੀਤੀ ਸੀ| ਇਨ੍ਹਾਂ ਵਿੱਚੋਂ ਤਿੰਨ ਰਾਘਵ ਚੱਢਾ, ਅਸ਼ੋਕ ਮਿਤਲ ਅਤੇ ਸੰਦੀਪ ਪਾਠਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ| ਪੰਜਾਬ ਵਿੱਚੋਂ ਚੁਣੇ ਗਏ 7 ਮੈਂਬਰਾਂ ਵਿੱਚੋਂ 6 ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਗਏ ਹਨ| ਪੰਜਾਬ ਵਿੱਚੋਂ ਸਿਰਫ ਇੱਕ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਆਮ ਆਦਮੀ ਪਾਰਟੀ ਵਿੱਚ ਰਹਿ ਗਿਆ ਹੈ| ਦਿੱਲੀ ਵਿੱਚੋਂ ਚੁਣੇ ਗਏ ਤਿੰਨ ਮੈਂਬਰਾਂ ਵਿੱਚੋਂ ਇੱਕ ਸਵਾਤੀ ਮਾਲੀਵਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ| ਸੰਜੇ ਸਿੰਘ ਅਤੇ ਨਰਾਇਣ ਦੱਤ ਗੁਪਤਾ ਦੋ ਮੈਂਬਰ ਰਹਿ ਗਏ ਹਨ| ਥੋੜ੍ਹੇ ਦਿਨ ਪਹਿਲਾਂ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਡਿਪਟੀ ਨੇਤਾ ਰਾਘਵ ਚੱਢਾ ਦੀ ਥਾਂ ਅਸ਼ੋਕ ਮਿੱਤਲ ਨੂੰ ਡਿਪਟੀ ਨੇਤਾ ਬਣਾਇਆ ਸੀ| ਅਸ਼ੋਕ ਮਿਤਲ ਵੀ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਗਏ ਹਨ| ਇਹ ਬਗ਼ਾਬਤ ਰਾਘਵ ਚੱਢਾ ਨੂੰ ਡਿਪਟੀ ਨੇਤਾ ਤੋਂ ਹਟਾਉਣ ਤੋਂ ਬਾਅਦ ਹੋਈ ਸਮਝੀ ਜਾਂਦੀ ਹੈ| ਵੈਸੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੀ ਕਨਸੋਅ ਪਿਛਲੇ ਇੱਕ ਸਾਲ ਤੋਂ ਆ ਰਹੀ ਸੀ| ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਡਿਪਟੀ ਨੇਤਾ ਤੋਂ ਹਟਾਉਣ ਤੋਂ ਬਾਅਦ ਇਹ ਕਨਸੋਅ ਭਾਂਬੜ ਬਣਕੇ ਸਾਹਮਣੇ ਆਈ ਹੈ| ਐਂਟੀ ਡਿਫੈਕਸ਼ਨ ਕਾਨੂੰਨ ਅਨੁਸਾਰ ਜੇਕਰ ਕਿਸੇ ਪਾਰਟੀ ਦੇ ਕੁਲ ਮੈਂਬਰਾਂ ਦਾ ਦੋ ਤਿਹਾਈ ਹਿੱਸਾ ਮੈਂਬਰ ਪਾਰਟੀ ਤੋਂ ਅਸਤੀਫਾ ਦਿੰਦੇ ਹਨ ਤਾਂ ਇਹ ਕਾਨੂੰਨ ਉਨ੍ਹਾਂ ਤੇ ਲਾਗੂ ਨਹੀਂ ਹੁੰਦਾ| ਇਸ ਕਰਕੇ ਇਹ ਕਾਨੂੰਨ ਇਨ੍ਹਾਂ ਸਤ ਮੈਂਬਰਾਂ &lsquoਤੇ ਲਾਗੂ ਨਹੀਂ ਹੁੰਦਾ ਤੇ ਉਹ ਰਾਜ ਸਭਾ ਦੇ ਮੈਂਬਰ ਬਣੇ ਰਹਿਣਗੇ| ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨਤੇ  ਇਹ ਕਹਾਵਤ ਪੂਰੀ ਢੁਕਦੀ ਹੈ ਕਿ &lsquoਅਬ ਪਛਤਾਇਆਂ ਕੀ ਬਣੇ ਜਬ ਚਿੜੀਆ ਚਚੁ ਗਈ ਖੇਤ&rsquo|
ਉਜਾਗਰ ਸਿੰਘ