ਸ: ਹਰੀ ਸਿੰਘ ਨਲੂਏ ਦੀ 30 ਅਪ੍ਰੈਲ 1837 ਨੂੰ ਹੋਈ ਸ਼ਹਾਦਤ ਨੂੰ ਯਾਦ ਕਰਦਿਆਂ, 1836 ਵਿੱਚ ਹਰੀ ਸਿੰਘ ਨਲੂਏ ਨੇ ਦੱਰ੍ਹਾ ਖ਼ੈਬਰ ਦਾ ਰਸਤਾ ਰੋਕਣ ਲਈ ਜਮਰੌਦ ਕਿਲ੍ਹੇ ਦੀ ਉਸਾਰੀ ਕੀਤੀ

ਸ। ਹਰੀ ਸਿੰਘ ਨਲੂਏ ਦਾ ਜਨਮ ਸ। ਗੁਰਦਿਆਲ ਸਿੰਘ ਗੁਜਰਾਂਵਾਲੇ ਸ਼ੁੱਕਰਚੱਕੀਆ ਮਿਸਲ ਦੇ ਕੁਮੇਦਾਨ ਦੇ ਘਰ 1791 ਈਸਵੀ ਨੂੰ ਹੋਇਆ । ਸ। ਗੁਰਦਿਆਲ ਸਿੰਘ ਨੇ ਯੋਗ ਸਮੇਂ ਆਪਣੇ ਪੁੱਤਰ ਦੀ ਵਿੱਦਿਆ ਲਈ ਇਕ ਵਿਦਵਾਨ ਸਿੰਘ ਅਤੇ ਇਕ ਚੰਗਾ ਫ਼ਾਜ਼ਲ ਮੌਲਵੀ ਘਰ ਵਿੱਚ ਹੀ ਪੜ੍ਹਾਉਣ ਲਈ ਰੱਖ ਦਿੱਤਾ । ਸਿੰਘ ਜੀ ਬਾਲਕ ਹਰੀ ਸਿੰਘ ਨੂੰ ਗੁਰਮੁਖੀ ਵਿੱਚ ਧਾਰਮਿਕ ਵਿੱਦਿਆ ਦਿੰਦੇ ਅਤੇ ਮੌਲਾਨਾ ਜੀ ਫ਼ਾਰਸੀ ਪੜ੍ਹਾਉਂਦੇ ਸਨ । ਹਰੀ ਸਿੰਘ ਅਜੇ ਸੱਤ ਸਾਲ ਦੇ ਹੀ ਹੋਏ ਸਨ ਕਿ ਪਿਤਾ ਸ। ਗੁਰਦਿਆਲ ਸਿੰਘ ਜੀ ਦਾ ਸਾਯਾ ਸਿਰ ਤੋਂ ਉੱਠ ਗਿਆ । ਸ। ਹਰੀ ਸਿੰਘ ਨੇ ਆਪਣੇ ਮਾਮਿਆਂ ਦੇ ਘਰ ਪਰਵਰਿਸ਼ ਪਾਈ ।
ਸ। ਹਰੀ ਸਿੰਘ ਨੂੰ ਨਿੱਕੇ ਹੁੰਦਿਆਂ ਤੋਂ ਹੀ ਕੁਦਰਤ ਨੇ ਬੜੀ ਵਚਿੱਤਰ ਬੁੱਧੀ ਅਤੇ ਰੌਸ਼ਨ ਦਿਮਾਗ ਦਿੱਤਾ ਸੀ । 14-15 ਸਾਲ ਦੀ ਉਮਰ ਵਿੱਚ ਹੀ ਉਸ ਨੇ ਲਗਭਗ ਸਾਰੇ ਜੰਗੀ ਕਰਤਬਾਂ ਵਿੱਚ ਪੂਰੀ-ਪੂਰੀ ਨਿਪੁੰਨਤਾ ਪ੍ਰਾਪਤ ਕਰ ਲਈ ਸੀ । ਜੰਗੀ ਹੁਨਰਾਂ ਦੇ ਨਾਲ-ਨਾਲ ਕਰਤਾਰ ਨੇ ਆਪ ਨੂੰ ਐਸਾ ਮਨਮੋਹਣਾ ਸਰੂਪ ਅਤੇ ਸੁਡੌਲ, ਬਲਵਾਨ ਤੇ ਫੁਰਤੀਲਾ ਸਰੀਰ ਬਖ਼ਸ਼ਿਆ ਸੀ ਕਿ ਵੇਖਣ ਵਾਲਾ ਇਕ ਨਿਗਾਹ ਵਿੱਚ ਹੀ ਆਪ &lsquoਤੇ ਮੋਹਿਤ ਹੋ ਜਾਂਦਾ ਸੀ ।
ਜੰਗੀ ਕਰਤਬਾਂ ਦੇ ਨਾਲ-ਨਾਲ ਆਪ ਗੁਰਮੁਖੀ ਦੁਆਰਾ ਧਾਰਮਿਕ ਵਿੱਦਿਆ ਅਤੇ ਫ਼ਾਰਸੀ ਦੀ ਜੁਬਾਨਦਾਨੀ ਅਤੇ ਖੁਸ਼ਖ਼ਤ ਲਿਖਤ ਲਈ ਵੀ ਆਪ ਆਪਣੇ ਸਮੇਂ ਦੇ ਵੱਡੇ ਸੁੰਦਰ ਲਿਖਾਰੀ ਤੇ ਫ਼ਾਜ਼ਲ ਵਿਦਵਾਨ ਸਨ । ਪਸ਼ਤੋ (ਅਫ਼ਗ਼ਾਨ) ਵਿੱਚ ਆਪ ਐਸੀ ਰਵਾਨਗੀ ਨਾਲ ਬੋਲਿਆ ਕਰਦੇ ਸਨ ਕਿ ਸੁਣਨ ਵਾਲੇ ਅਚੰਭਤ ਹੋ ਜਾਂਦੇ ਸਨ ।
ਸੰਨ 1805 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬਸੰਤੀ ਦਰਬਾਰ ਦੇ ਇਕੱਠ ਵਿੱਚ ਹਰੀ ਸਿੰਘ ਨੇ ਆਪਣੇ ਜੰਗੀ-ਕਰਤਬਾਂ ਦਾ ਕਮਾਲ ਵਿਖਾਲਿਆ ਤਾਂ ਮਹਾਰਾਜਾ ਜੀ ਨੇ ਆਪ ਨੂੰ ਫ਼ੌਜੇ-ਖ਼ਾਸ ਵਿੱਚ ਲੈ ਲਿਆ ਤੇ ਕੁਝ ਦਿਨਾਂ ਉਪਰੰਤ ਆਪ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਵੇਖ ਕੇ ਆਪ ਨੂੰ ਸ਼ੇਰ ਦਿਲ ਨਾਮੀ ਰਜਮੈਂਟ ਵਿੱਚ ਸਰਦਾਰੀ ਦੇ ਦਿੱਤੀ ।
1813 ਵਾਲੀ ਹਜ਼ਾਰੇ ਦੀ ਲੜਾਈ ਦੇ ਸਮੇਂ ਜਦਕਿ ਅਫ਼ਗ਼ਾਨਾਂ ਪਰ ਪੂਰੀ ਫ਼ਤਹਿ ਪਾ ਕੇ ਇਨ੍ਹਾਂ ਨੂੰ ਸਦਾ ਲਈ ਪੰਜਾਬ ਤੋਂ ਕੱਢਿਆ ਗਿਆ ਅਤੇ ਫਿਰ ਕਸ਼ਮੀਰ ਨੂੰ ਜਿੱਤ ਕੇ ਖ਼ਾਲਸਾ ਰਾਜ ਨਾਲ ਮਿਲਾਉਣ ਸਮੇਂ ਆਪ ਜੀ ਨੇ ਵੱਡੇ ਕਾਰਨਾਮੇ ਕੀਤੇ । ਕਸ਼ਮੀਰ ਫ਼ਤਹਿ ਕਰਕੇ ਉਸ ਵਿੱਚ ਬਿਗੜੇ ਮੁਲਕੀ ਪ੍ਰਬੰਧ ਨੂੰ ਸੁਧਾਰਨ ਲਈ ਸ। ਹਰੀ ਸਿੰਘ ਨਲੂਏ ਨੂੰ ਇਥੇ ਦਾ ਗਵਰਨਰ ਨਿਯੁਕਤ ਕੀਤਾ ਗਿਆ । ਆਪ ਦੇ ਪ੍ਰਬੰਧ ਤੋਂ ਸ਼ੇਰ-ਏ-ਪੰਜਾਬ ਏਨੇ ਪ੍ਰਸੰਨ ਹੋਏ ਕਿ ਆਪ ਜੀ ਨੂੰ ਆਪਣੇ ਨਾਂ ਦਾ ਸਿੱਕਾ ਚਲਾਉਣ ਦਾ ਅਧਿਕਾਰ ਬਖ਼ਸ਼ਿਆ । ਇਹ ਮਾਣ ਖ਼ਾਲਸਾ ਰਾਜ ਵਿੱਚ ਕੇਵਲ ਸ। ਹਰੀ ਸਿੰਘ ਜੀ ਨੂੰ ਹੀ ਬਖ਼ਸ਼ਿਆ ਗਿਆ ਸੀ । ਖ਼ਾਲਸੇ ਨਾਲੋਂ 20 ਗੁਣਾਂ ਤੋਂ ਵੱਧ ਬਹਾਦਰ ਪਠਾਣੀ ਲਸ਼ਕਰ &lsquoਤੇ ਸੰਪੂਰਨ ਵਿਜੈ ਪਾਈ । ਖ਼ਾਲਸੇ ਦੀਆਂ ਇਨ੍ਹਾਂ ਫ਼ਤਹਿਬਾਜ਼ੀਆਂ ਨੂੰ ਵੇਖ ਕੇ ਸਰ ਅਲੈਗਜ਼ੈਂਡਰ ਬਰਨਸ ਅਤੇ ਮੌਲਵੀ ਸ਼ਾਹਮਤ ਅਲੀ ਲਿਖਦੇ ਹਨ ਕਿ ਖ਼ਾਲਸੇ ਦੀਆਂ ਸਫ਼ਲਤਾਈਆਂ ਐਸੇ ਅਸਾਧਾਰਨ ਕਾਰਨਾਮੇ ਸਨ, ਜਿਨ੍ਹਾਂ ਨੇ ਵੱਡੀਆਂ ਤਾਕਤਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ । ਇਨ੍ਹਾਂ ਸਾਰੀਆਂ ਜਿੱਤਾਂ ਵਿੱਚ ਸਰਦਾਰ ਹਰੀ ਸਿੰਘ ਨਲੂਏ ਦਾ ਜੰਗੀ ਹੁਨਰ ਅਤੇ ਨਿਡਰਤਾ ਮਿਲਵੀ ਵਰਤੀ ਗਈ । ਸ਼ੇਰੇ ਪੰਜਾਬ ਅਤੇ ਪਿਸ਼ਾਵਰ ਨੂੰ ਪੰਜਾਬ ਤੋਂ ਵੱਖ ਕਰ ਕੇ ਦੂਜਿਆਂ ਦੇ ਹੱਥਾਂ ਵਿੱਚ ਚਲੇ ਜਾਣ ਨਾਲ ਕਿਹੜਾ ਜ਼ੁਲਮ ਸੀ ਜੋ ਪੰਜਾਬੀਆਂ &lsquoਤੇ ਨਾ ਕੀਤਾ ਗਿਆ ਹੋਵੇ । ਇਹ ਅਨਿਆਏ ਅਤੇ ਵਧੀਕੀਆਂ ਲਗਾਤਾਰ 700 ਸਾਲਾਂ ਤੱਕ ਹਿੰਦੀਆਂ ਨੂੰ ਸਹਾਰਨੀਆਂ ਪਈਆਂ । ਇਨ੍ਹਾਂ ਜ਼ੁਲਮੀ ਤੂਫ਼ਾਨਾਂ ਤੋਂ ਸਦਾ ਲਈ ਪੰਜਾਬੀਆਂ ਨੂੰ ਸੁਰੱਖਿਅਤ ਕਰਨ ਲਈ ਸੰਨ 1834 ਵਿੱਚ ਸ਼ੇਰ-ਏ-ਪੰਜਾਬ ਤੇ ਸਰਦਾਰ ਹਰੀ ਸਿੰਘ ਨਲੂਏ ਨੇ ਇਹ ਫ਼ੈਸਲਾ ਕੀਤਾ ਕਿ ਜਦ ਤੱਕ ਪਿਸ਼ਾਵਰ ਤੇ ਸਰਹੱਦੀ ਸੂਬੇ ਨੂੰ ਪੂਰੀ ਤਰ੍ਹਾਂ ਖ਼ਾਲਸਾ ਰਾਜ ਨਾਲ ਨਾ ਮਿਲਾ ਲਿਆ ਜਾਵੇ, ਤਦ ਤੱਕ ਪੰਜਾਬ ਅਤੇ ਹਿੰਦੁਸਤਾਨ ਨੂੰ ਵਿਦੇਸ਼ੀਆਂ ਦੇ ਧਾੜਵੀਆਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਦਿੱਤਾ ਜਾ ਸਕਦਾ ਅਰਥਾਤ ਸੂਬਾ ਪਿਸ਼ਾਵਰ ਨੂੰ ਅਫ਼ਗ਼ਾਨਿਸਤਾਨ ਤੋਂ ਕੱਟ ਕੇ ਪੰਜਾਬ ਨਾਲ ਮਿਲਾ ਲਿਆ ਜਾਏ । 
27 ਅਪ੍ਰੈਲ 1834 ਨੂੰ ਸ। ਹਰੀ ਸਿੰਘ ਨਲੂਆ ਅਤੇ ਕੰਵਰ ਨੌਨਿਹਾਲ ਸਿੰਘ ਨੇ ਪਿਸ਼ਾਵਰ ਦੇ ਬਾਰਕਜਈ ਹਾਕਮਾਂ ਤੇ ਚੜ੍ਹਾਈ ਕਰ ਕੇ ਫ਼ਤਹਿ ਹਾਸਲ ਕੀਤੀ । ਅਫ਼ਗ਼ਾਨ ਦਲੇਰ ਪੂਰੀ ਬਹਾਦਰੀ ਨਾਲ ਲੜੇ ਪਰ ਖ਼ਾਲਸੇ ਦੇ ਅਗਾਧ ਜੋਸ਼ ਅੱਗੇ ਵਧੇਰੇ ਚਿਰ ਨਾ ਠਹਿਰ ਸਕੇ । 3 ਮਈ 1834 ਨੂੰ ਪਿਸ਼ਾਵਰ &lsquoਤੇ ਫ਼ਤਹਿ ਹੋਣ ਨਾਲ ਸਾਰਾ ਸਰਹੱਦੀ ਇਲਾਕਾ ਖ਼ਾਲਸੇ ਦੇ ਅਧੀਨ ਹੋ ਗਿਆ । ਇਸ ਤਰ੍ਹਾਂ ਇਹ ਸੱਤ ਸਦੀਆਂ ਤੋਂ ਪੰਜਾਬ ਦਾ ਕੱਟ ਚੁੱਕਾ ਅੰਗ ਮੁੜ ਪੰਜਾਬ ਨਾਲ ਜੋੜ ਦਿੱਤਾ ਗਿਆ । ਹਰੀ ਸਿੰਘ ਨਲੂਏ ਦੇ ਇਸ ਮਹਾਨ ਕਰਤਬ ਨੂੰ ਕਈ ਇਤਿਹਾਸਕਾਰਾਂ ਨੇ ਕਰਾਮਾਤ ਦਾ ਨਾਂ ਦਿੱਤਾ ਹੈ । ਪਿਸ਼ਾਵਰ ਦੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਬਾਰਕਜਾਇਆਂ ਦੇ ਹੱਥੋਂ ਛੁਟਕਾਰਾ ਪਾਉਣ ਅਤੇ ਖ਼ਾਲਸੇ ਦੀ ਫ਼ਤਹਿ ਦੀ ਖੁਸ਼ੀ ਵਿੱਚ ਉਸ ਰਾਤ ਨੂੰ ਸਾਰੇ ਸ਼ਹਿਰ ਵਿੱਚ ਦੀਪਮਾਲਾ ਕੀਤੀ । ਇਸ ਸੂਬੇ ਦੇ ਹਿੰਦੂਆਂ ਉੱਤੇ ਸੰਨ 1658 ਈਸਵੀ ਵਿੱਚ ਔਰੰਗਜ਼ੇਬ ਨੇ ਜੋ ਜਜ਼ੀਆ ਇਕ ਦੀਨਾਰ ਫੀ ਸਿਰ ਲਾਇਆ ਹੋਇਆ ਸੀ, ਸਰਦਾਰ ਹਰੀ ਸਿੰਘ ਨੇ ਸ਼ਹਿਰ ਪਰ ਕਬਜ਼ਾ ਕਰਨ ਦੇ ਥੋੜੇ੍ਹ ਦਿਨਾਂ ਬਾਅਦ ਹੀ ਉਹ ਹਿੰਦੂਆਂ ਦੇ ਸਿਰਾਂ ਤੋਂ ਹਟਾ ਦਿੱਤਾ ।
1836 ਵਿੱਚ ਸਰਦਾਰ ਹਰੀ ਸਿੰਘ ਨਲੂਏ ਨੇ ਜਮਰੌਦ ਵਿਖੇ ਇਕ ਬਹੁਤ ਆਧੁਨਿਕ ਤਕਨੀਕ ਦਾ ਕਿਲ੍ਹਾ ਉਸਾਰਿਆ । 
ਸਰਦਾਰ ਹਰੀ ਸਿੰਘ ਨਲੂਆ ਸਿੱਖ ਰਾਜ ਸਮੇਂ ਲਾਹੌਰ ਦਰਬਾਰ ਦਾ ਸਭ ਤੋਂ ਵੱਧ ਜੋਗ ਪ੍ਰਸ਼ਾਸਕ ਸੀ । ਮੁਗ਼ਲ ਸਾਸ਼ਨ ਨੂੰ ਕਸੂਰ, ਮੁਲਤਾਨ, ਕਸ਼ਮੀਰ, ਪੇਸ਼ਾਵਰ ਵਿੱਚੋਂ ਖ਼ਤਮ ਕਰਨ ਦਾ ਸਿਹਰਾ ਵੀ ਸਰਦਾਰ ਹਰੀ ਸਿੰਘ ਨਲੂਏ ਵੱਲੋਂ ਛੇੜੀਆਂ ਗਈਆਂ ਮੁਹਿੰਮਾਂ ਨੂੰ ਜਾਂਦਾ ਹੈ । ਸਰਦਾਰ ਹਰੀ ਸਿੰਘ ਨਲੂਏ ਦਾ ਅਫ਼ਗ਼ਾਨਾਂ ਨੂੰ ਇਨ੍ਹਾਂ ਭੈਅ ਸੀ ਕਿ ਉਹ ਆਪਣੇ ਬੱਚਿਆਂ ਨੂੰ ਡਾਂਟਣ ਲੱਗਿਆਂ ਇਥੋਂ ਤੱਕ ਕਹਿੰਦੇ ਸਨ ਕਿ ਚੁੱਪ ਸ਼ਾ-ਹਰੀਆ ਰਾਂਗਲੇ, ਭਾਵ ਹੈ ਕਿ ਚੁੱਪ ਹੋ ਜਾ, ਨਹੀਂ ਤਾਂ ਹਰੀਆ (ਹਰੀ ਸਿੰਘ) ਆ ਜਾਵੇਗਾ । ਬੱਚੇ ਚੁੱਪ ਕਰਵਾਉਣ ਲਈ ਅਫ਼ਗ਼ਾਨਿਸਤਾਨ ਵਿੱਚ ਇਹ ਇਕ ਕਹਾਵਤ ਬਣ ਗਈ ਸੀ ।
ਸਰਦਾਰ ਹਰੀ ਸਿੰਘ ਨਲੂਏ ਦੀਆਂ ਪ੍ਰਾਪਤੀਆਂ ਨੇ ਇਸ ਨੂੰ ਦੁਨੀਆਂ ਦੀ ਪਹਿਲੀ ਕਤਾਰ ਦੇ ਜਨਰਲਾਂ ਵਿੱਚ ਸ਼ੁਮਾਰ ਕੀਤਾ ਹੈ । ਇੰਗਲੈਂਡ ਦੀ 19ਵੀਂ ਸਦੀ ਦੀ ਇਕ ਅਖ਼ਬਾਰ ਟਿਟ-ਬਿਟਸ ਨੇ ਦੁਨੀਆਂ ਦੇ ਪਹਿਲੀ ਕਤਾਰ ਦੇ ਜਨਰਲਾਂ ਦਾ ਮੁਲਾਂਕਣ ਇਸ ਤਰ੍ਹਾਂ ਕੀਤਾ ਹੈ ਕਿ ਕਈ ਲੋਕ ਨੈਪੋਲੀਅਨ, ਕੁਝ ਲੋਕ ਮਾਰਸ਼ਲ ਹੈਨ ਜੈਨਬਰਗ ਅਤੇ ਕੁਝ ਅਨੁਸਾਰ ਲਾਰਡ ਕਿਚਨਰ ਜਾਂ ਜਨਰਲ ਕੈਰੋਬਜੀ ਜਾਂ ਹਲਾਕੂ ਖ਼ਾਂ, ਚੰਗੇਜ਼ ਖ਼ਾਂ, ਰਿਚਰਡ ਜਾਂ ਅਲਾਉਦੀਨ ਨੂੰ ਹੁਣ ਤੱਕ ਦੇ ਸ਼ਕਤੀਸ਼ਾਲੀ ਜਨਰਲ ਮੰਨਦੇ ਹਨ । ਪਰ ਭਾਰਤ ਦੇ ਉੱਤਰੀ ਹਿੱਸੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਦੇ ਨਾਂ ਦਾ ਇਕ ਅਜਿਹਾ ਜਨਰਲ ਹੋਇਆ ਹੈ, ਜੇ ਉਹ ਕੁਝ ਸਾਲ ਹੋਰ ਜਿੰਦਾ ਰਹਿ ਜਾਂਦਾ ਤੇ ਉਸ ਕੋਲ ਬ੍ਰਿਟਿਸ਼ ਹਕੂਮਤ ਦਾ ਤੋਪਖ਼ਾਨਾ ਹੁੰਦਾ ਤਾਂ ਉਸ ਨੇ ਏਸ਼ੀਆ ਅਤੇ ਯੂਰਪ ਦੇ ਬਹੁਤੇ ਹਿੱਸੇ ਉੱਤੇ ਕਬਜ਼ਾ ਕਰ ਲੈਣਾ ਸੀ । ਸਿੱਖਾਂ ਵੱਲੋਂ 1819 ਵਿੱਚ ਕਸ਼ਮੀਰ ਅਤੇ 1834 ਵਿੱਚ ਪੇਸ਼ਾਵਰ ਫ਼ਤਹਿ ਕਰਨਾ, ਇਹ ਸਿੱਖਾਂ ਦੇ ਇਤਿਹਾਸ ਦੀਆਂ ਦੋ ਮਹਾਨ ਪ੍ਰਾਪਤੀਆਂ ਹਨ ।
ਆਸਟ੍ਰੇਲੀਆ ਦੇ ਇਕ ਮੈਗਜ਼ੀਨ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੂੰ ਦੁਨੀਆਂ ਦੇ ਦੱਸ ਉੱਘੇ ਜਰਨੈਲਾਂ ਦੀ ਕਤਾਰ ਵਿੱਚ ਖੜ੍ਹਾ ਕੀਤਾ ਹੈ ।
ਸ। ਹਰੀ ਸਿੰਘ ਨਲੂਏ ਨੇ 30 ਅਪ੍ਰੈਲ 1837 ਨੂੰ ਜਮਰੌਦ &lsquoਤੇ ਕਬਜ਼ਾ ਕਰਨ ਆਏ ਪਠਾਣਾਂ ਨੂੰ ਇਸ ਤਰ੍ਹਾਂ ਅੱਗੇ ਧਰ ਲਿਆ, ਜਿਵੇਂ ਹੜ੍ਹ ਅੱਗੇ ਕੱਖ ਕਾਨੇ ਰੁੜੇ ਜਾਂਦੇ ਹਨ । ਅਫ਼ਗ਼ਾਨ ਹਾਰ ਖਾ ਕੇ ਭੱਜ ਤੁਰੇ । ਇਸ ਸਮੇਂ ਸ। ਨਿਧਾਨ ਸਿੰਘ ਪੰਜ ਹੱਥਾਂ ਫ਼ਤਹਿਯਾਬੀ ਦੇ ਜੋਸ਼ ਵਿੱਚ ਵੈਰੀਆਂ ਨੂੰ ਦਬਾਉਂਦਾ ਹੋਇਆ ਦੂਰ ਤੱਕ ਦੱਰੇ੍ਹ ਦੇ ਅੰਦਰ ਚਲਾ ਗਿਆ । ਸ। ਹਰੀ ਸਿੰਘ ਨਲੂਆ ਆਪਣੇ ਦਸਤੇ ਨੂੰ ਨਾਲ ਲੈ ਕੇ ਸ। ਨਿਧਾਨ ਸਿੰਘ ਨੂੰ ਵਾਪਸ ਲਿਆਉਣ ਲਈ ਆਪ ਵੀ ਦੱਰੇ੍ਹ ਦੇ ਅੰਦਰ ਚਲੇ ਗਏ । ਸ। ਹਰੀ ਸਿੰਘ ਇਸ ਸਮੇਂ ਦੱਰੇ੍ਹ ਦੇ ਉਸ ਹਿੱਸੇ ਵਿੱਚ ਸੀ ਜਿਸ ਨੂੰ ਸੂਰਕਮਰ ਕਹਿੰਦੇ ਹਨ । ਇਸ ਚੱਟਾਨ ਵਿੱਚ ਇਕ ਗੁਫ਼ਾ ਸੀ, ਜਿਸ ਵਿੱਚ ਮੈਦਾਨ ਤੋਂ ਨੱਸੇ ਹੋਏ ਗ਼ਾਜ਼ੀ ਲੁਕੇ ਬੈਠੇ ਸਨ । ਲੁਕੇ ਹੋਏ ਪਠਾਣਾਂ ਨੇ ਹਰੀ ਸਿੰਘ ਨਲੂਏ &lsquoਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਨਲੂਏ ਸਰਦਾਰ ਨੂੰ ਲੱਗੀਆਂ । ਸ। ਹਰੀ ਸਿੰਘ ਦੇ ਨਾਲ ਦੇ ਸਰਦਾਰਾਂ ਨੇ ਗੁਫ਼ਾ ਨੂੰ ਘੇਰ ਲਿਆ ਅਤੇ ਲੁਕੇ ਹੋਏ ਪਠਾਣਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਦੇ ਡੱਕਰੇ ਕਰ ਕੇ ਉਡਾ ਦਿੱਤੇ । ਪਰ ਜਿਹੜਾ ਭਾਣਾ ਵਰਤਣਾ ਸੀ, ਉਹ ਵਰਤ ਚੁੱਕਾ ਸੀ । 
ਉਸ ਸਮੇਂ ਦੇ ਸੀਨ ਨੂੰ ਕਾਦਰਯਾਰ ਨੇ ਇਉਂ ਕਲਮਬੰਦ ਕੀਤਾ ਹੈ :
ਨੂਨ ਨਿਕਲ ਚਲ ਘੋੜਿਆ ਕਿਲੇ੍ਹ ਦੇ ਵਲ,
ਅਸਾਂ ਪਾਵਣਾ ਨਹੀਂ ਦੂਜੀ ਵਾਰ ਫੇਰਾ ।
ਗੋਲੀ ਲੱਗੀ ਏ ਕਹਿਰ ਕਲੋਰ ਵਾਲੀ,
ਘਾਇਲ ਹੋਇਆ ਏ ਅਜ ਅਸਵਾਰ ਤੇਰਾ ।
ਵਾ ਵਗਿਆ ਹਵਾ ਦੇ ਵਾਂਗ ਘੋੜਾ,
ਜਿਵੇਂ ਨਿਕਲਦਾ ਤੀਰ ਕਮਾਨ ਵਿੱਚੋਂ ।
ਕਾਦਰਯਾਰ ਹੱਠ ਨਾਲ ਸਰਦਾਰ ਬੈਠਾ,
ਐਪਰ ਨਿਕਲਦੀ ਪਈ ਸੀ ਜਾਨ ਵਿੱਚੋਂ ।
ਸ। ਹਰੀ ਸਿੰਘ ਨੇ ਜ਼ਖ਼ਮੀ ਹੁੰਦਿਆਂ ਵੀ ਬੜੇ ਹੌਂਸਲੇ ਨਾਲ ਆਪਣੇ ਘੋੜੇ ਦੀਆਂ ਵਾਗਾਂ ਕਿਲ੍ਹਾ ਜਮਰੌਦ ਵੱਲ ਪਰਤ ਲਈਆਂ ਅਤੇ ਕਿਲ੍ਹੇ ਦੇ ਅੰਦਰ ਪਹੁੰਚ ਕੇ ਸ। ਮਹਾ ਸਿੰਘ ਤੇ ਸਾਥੀਆਂ ਨੂੰ ਇਹ ਹਦਾਇਤ ਕਰ ਕੇ ਕਿ ਸ਼ੇਰੇ ਪੰਜਾਬ ਦੇ ਆਉਣ ਤੱਕ ਕਿਲੇ੍ਹ ਨੂੰ ਛੱਡਣਾ ਨਹੀਂ ਅਤੇ ਮੇਰੀ ਮੌਤ ਦੀ ਖ਼ਬਰ ਦੁਸ਼ਮਣ ਨੂੰ ਨਹੀਂ ਹੋਣ ਦੇਣੀ । ਆਖ ਕੇ ਸਾਰੇ ਫ਼ੌਜੀ ਸਰਦਾਰਾਂ ਨੂੰ 30 ਅਪ੍ਰੈਲ 1837 ਦੀ ਰਾਤ ਨੂੰ ਆਖ਼ਰੀ ਫ਼ਤਹਿ ਬੁਲਾ ਦਿੱਤੀ ।
(ਹਵਾਲਾ ਪੁਸਤਕ : ਜੀਵਨ ਇਤਿਹਾਸ ਹਰੀ ਸਿੰਘ ਨਲੂਆ, ਲੇਖਕ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ)
ਕਵੀ ਆਲਮ ਨੇ ਸ। ਹਰੀ ਸਿੰਘ ਨਲੂਏ ਦੇ ਅੰਤਿਮ ਬਚਨਾਂ ਨੂੰ ਹੇਠ ਲਿਖੇ ਅਨੁਸਾਰ ਕਲਮਬੰਦ ਕੀਤਾ ਹੈ :
ਹਰੀ ਸਿੰਘ ਸੂਰੇ ਨੇ ਸਦ ਲਿਆ ਸਰਦਾਰਾਂ ਨੂੰ,
ਪੇਟੀ ਖੋਲੀ ਅੰਤਿਮ ਖ਼ਿਆਲਾਂ ਦੇ ਨਜ਼ਰੀ ਦੀ ।
ਪਹਿਲਾਂ ਜੰਗ ਤਾਂ ਜਿੱਤਣ ਦੀ ੳਨ ਦੇ ਲਈ ਵਧਾਈ ਸਭਨਾਂ ਨੂੰ,
ਫਿਰ ਤਰੀਫ ਕੀਤੀ ਸਿੱਖਾਂ ਦੀ ਸ਼ਮਸ਼ੀਰ ਦੀ ।
ਤੁਸੀਂ ਬਹਾਦਰ ਹੋ ਸਿੱਖ ਕੌਮ, ਵਫ਼ਾਦਾਰ ਸਿੱਖ ਰਾਜ ਦੇ,
ਤੁਹਾਡੇ ਨਾਲ ਵਡਿਆਈ ਹੋ ਗਈ ਮੈਂ ਤਕਸੀਰ ਦੀ ।
ਸ਼ੇਰੇ ਪੰਜਾਬ ਦੇ ਆਉਂਦੇ ਤੱਕ ਕਿਲ੍ਹੇ ਨੂੰ ਛੱਡਿੳ ਨਾ,
ਰੱਖਣੀ ਕਾਇਮ ਰਾਸ ਇਹ ਸਿੱਖ ਰਾਜ ਬਲਬੀਰ ਦੀ ।
ਮੇਰੀ ਮੌਤ ਦੀ ਨਾ ਖ਼ਬਰ ਹੋਣ ਦਿੳ ਦੁਸ਼ਮਣ ਨੂੰ,
ਚਿੰਤਾ ਕਰਿੳ ਨਾ ਵਰਤੀ ਇਸ ਤਕਦੀਰ ਦੀ ।
ਮੁਆਫ਼ ਕਰ ਦਿੳ ਮੇਰੀਆਂ ਭੁੱਲਾਂ ਤੇ ਤਕਸੀਰਾਂ ਨੂੰ,
ਏਨੀ ਆਖ ਸਭ ਨੂੰ ਫ਼ਤਹਿ ਬੁਲਾਈ ਅਖ਼ੀਰ ਦੀ ।
ਕਹਿ ਕਵੀ ਆਲਮ ਛੱਡ ਕੇ ਤੁਰ ਗਿਆ ਭੌਰ ਵਜੂਦ ਨੂੰ,
ਜੱਗ ਵਿੱਚ ਰਹਿ ਗਈ ਕਿਰਤੀ ਜੋਧੇ ਦੇ ਸਰੀਰ ਦੀ ।
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ
ਯੂ।ਕੇ।