BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ 'ਚ ਲਗਾਈ ਜਾਵੇਗੀ 'ਜਨਤਾ ਦੀ ਵਿਧਾਨ ਸਭਾ'

ਪੰਜਾਬ ਸਰਕਾਰ ਵੱਲੋਂ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਪੰਜਾਬ ਭਾਜਪਾ ਵੱਲੋਂ ਚੰਡੀਗੜ੍ਹ ਵਿੱਚ 'ਜਨਤਾ ਦੀ ਵਿਧਾਨ ਸਭਾ' ਲਗਾਈ ਜਾਵੇਗੀ। ਇਸ ਗੱਲ ਦੀ ਪੁਸ਼ਟੀ ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੈਸ਼ਨ ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਦਫਤਰ ਦੇ ਬਾਹਰ 1 ਮਈ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੂਬੇ ਦੀ ਭਲਾਈ ਦੀ ਬਜਾਏ ਆਪਣੀ ਪਾਰਟੀ ਦੇ ਹਿੱਤਾਂ ਲਈ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਪੀਕਰ ਆਪਣਾ ਫਰਜ਼ ਤੇ ਮਾਣ-ਮਰਿਆਦਾ ਭੁੱਲ ਜਾਵੇ ਅਤੇ ਹਾਕਮ ਧਿਰ ਲੋਕਾਂ ਦੀ ਆਵਾਜ਼ ਦਾ ਮਖੌਲ ਉਡਾਉਣ ਲੱਗ ਜਾਵੇ ਤਾਂ ਜਨਤਾ ਦੀ ਵਿਧਾਨ ਸਭਾ ਲਗਾਉਣੀ ਜ਼ਰੂਰੀ ਹੈ, ਜਿੱਥੇ ਪੰਜਾਬ ਦੇ ਮੁੱਦਿਆਂ ਨੂੰ ਵਿਚਾਰਿਆ ਜਾ ਸਕੇ।