ਐਟਲਾਂਟਾ ਤੋਂ ਆ ਰਹੇ ਜਹਾਜ਼ ਵਿੱਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਡੈਲਟਾ ਏਅਰਲਾਈਨਜ ਦੇ ਐਟਲਾਂਟਾ ਤੋਂ ਓਰੇਗੋਨ ਆ ਰਹੇ ਜਹਾਜ਼ ਵਿੱਚ ਇਕ ਔਰਤ ਵੱਲੋਂ ਬੱਚੀ ਨੂੰ ਜਨਮ ਦਿੱਤਾ ਗਿਆ। ਜਹਾਜ਼ ਨੇ ਐਟਲਾਂਟਾ ਤੋਂ ਪੋਰਟਲੈਂਡ ਇੰਟਰਨੈਸ਼ਨਲ ਹਵਾਈ ਅੱਡੇ ਲਈ ਉਡਾਣ ਭਰੀ ਸੀ। ਉਡਾਣ ਦੌਰਾਨ ਹੀ ਔਰਤ ਨੂੰ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ। ਵਧੀਆ ਗੱਲ ਇਹ ਰਹੀ ਕਿ ਜਹਾਜ਼ ਵਿਚ ਦੋ ਨਰਸਾਂ ਵੀ ਸਫਰ ਕਰ ਰਹੀਆਂ ਸਨ ਜੋ ਡੋਮੀਨੀਕਨ ਰਿਪਬਲਿਕ ਵਿੱਚ ਛੁੱਟੀਆਂ ਕਟ ਕੇ ਵਾਪਿਸ ਆ ਰਹੀਆਂ ਸਨ। ਟੀਨੀ ਫਰਿਟਜ਼ ਤੇ ਕਾਰੀਨ ਪਾਵਲ ਨਾਮੀ ਇਨਾਂ ਨਰਸਾਂ ਨੇ ਬੱਚੀ ਦੀ ਪੈਦਾਇਸ਼ ਵਿੱਚ ਮੱਦਦ ਕੀਤੀ। ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਆਈ ਤਾਂ ਜਹਾਜ਼ ਵਿਚ ਸਵਾਰ ਸਵਾਰੀਆਂ ਦੇ ਚੇਹਰੇ ਤੇ ਮੁਸਕਰਾਹਟ ਆ ਗਈ। ਸਾਢੇ ਪੰਜ ਪੌਂਡ ਭਾਰੀ ਬੱਚੀ ਤੇ ਟੈਨੇਸੀ ਵਾਸੀ ਮਾਂ ਐਸ਼ਲੇ ਬਲੇਅਰ ਬਿਲਕੁੱਲ ਠੀਕ ਠਾਕ ਹਨ। ਮਾਂ ਦਾ ਕਹਿਣਾ ਹੈ ਕਿ ਬੱਚੀ ਦਾ ਜਨਮ ਦੋ ਹਫਤੇ ਪਹਿਲਾਂ ਹੋ ਗਿਆ ਹੈ। ਜਹਾਜ਼ ਵੀ ਆਪਣੇ ਨਿਸ਼ਚਤ ਸਮੇਂ ਤੋਂ ਤਕਰੀਬਨ 20 ਮਿੰਟ ਪਹਿਲਾਂ ਪਹੁੰਚ ਗਿਆ। ਜਹਾਜ਼ ਦੇ ਪਾਇਲਟ ਨੇ ਕਿਹਾ ਕਿ ਜਹਾਜ਼ ਵਿੱਚ 153 ਯਾਤਰੀ ਸਵਾਰ ਹੋਏ ਸਨ ਪਰੰਤੂ ਉਤਰੇ 154 ਹਨ।