ਕਰਨਾਣਾ(ਨਵਾਂ ਸ਼ਹਿਰ) ਨਾਲ ਸਬੰਧਿਤ ਜਸ਼ਨਦੀਪ ਲੱਧੜ ਨੇ ਸਮੁੰਦਰੀ ਸੈਨਾ ਵਿੱਚ ਭਰਤੀ ਹੋ ਕੇ ਵਧਾਇਆ ਇਟਲੀ ਚ ਪੰਜਾਬੀਆਂ ਦਾ ਮਾਣ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਹੁਣ ਸਮਾ ਆ ਗਿਆ ਹੈ ਕਿ ਜਦੋਂ ਕਨੈਡਾ , ਅਮਰੀਕਾ ਤੇ ਇੰਗਲੈਂਡ ਵਾਂਗ ਗੈਰ ਤੇ ਸਰਕਾਰੀ ਅਦਾਰਿਆਂ ਵਿੱਚ ਭਾਰਤੀ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਇਟਲੀ ਵਿੱਚ ਜਿਵੇ ਆਏ ਦਿਨ ਭਾਰਤੀ ਵਿਦਿਆਰਥੀਆਂ ਵੱਲੋਂ ਉਚੇਰੀ ਸਿੱਖਿਆ ਹਾਸਲ ਕਰਕੇ ਜਿਵੇ ਕਾਮਯਾਬੀ ਦੇ ਝੰਡੇ ਗੱਡੇ ਜਾ ਰਹੇ ਹਨ ਕਿਉਂਕਿ ਖੇਤਰ ਭਾਂਵੇ ਕੋਈ ਵੀ ਹੋਵੇ,ਅਜੋਕੀ ਪੀੜੀ ਵਿਦੇਸ਼ਾਂ ਵਿੱਚ ਜਿਥੇ ਲਗਨ,ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਸਫਲਤਾ ਦੇ ਝੰਡੇ ਗੱਡ ਕਿ ਭਾਰਤ ਦਾ ਨਾਂ ਰੋਸ਼ਨ ਕਰ ਰਹੀ ਹੈ,ਉੱਥੇ ਹੀ ਉਹ ਆਪਣੇ ਮਾਪਿਆਂ ਦਾ ਨਾਂਅ ਵੀ ਚਮਕਾ ਰਹੀ ਹੈ। ਇਸੇ ਹੀ ਲੜੀ ਤਹਿਤ ਜਸ਼ਨਦੀਪ ਲੱਧੜ (ਜਿਸ ਦਾ ਪਿਛੋਕੜ ਕਰਨਾਣਾ ਨਵਾਂ ਸ਼ਹਿਰ ਨਾਲ ਸਬੰਧਤ ਹੈ)ਨੇ ਸਮੁੰਦਰੀ ਸੈਨਾ ਵਿੱਚ ਭਰਤੀ ਹੋ ਕੇ ਇਟਲੀ ਵਿੱਚ ਪੰਜਾਬੀਆਂ ਦਾ ਮਾਣ ਨਾਲ ਸਿਰ ਉੱਚਾ ਕੀਤਾ ਹੈ। ਜਸ਼ਨਦੀਪ ਲੱਧੜ ਆਪਣੇ ਪਿਤਾ ਸ੍ਰੀ ਅਮਰਨਾਥ ਅਤੇ ਮਾਤਾ ਕੁਲਵਿੰਦਰ ਕੌਰ ਨਾਲ ਪਰਿਵਾਰ ਸਮੇਤ ਪਿੰਡ ਪਾਲੋ ਦੈਲ ਕੋਲੇ ਜਿਲ੍ਹਾ ਬਾਰੀ ਵਿੱਚ ਰਹਿ ਰਿਹਾ ਹੈ। ਜਸ਼ਨਦੀਪ ਲੱਧੜ ਸੰਨ 2012 ਦੇ ਵਿੱਚ ਇਟਲੀ ਆਇਆ ਸੀ । ਮੁੱਢਲੀ ਸਿੱਖਿਆ ਉਸ ਨੇ ਪਿੰਡ ਪਾਲੋ ਦੈਲ ਕੋਲੇ ਤੋਂ ਪ੍ਰਾਪਤ ਕੀਤੀ। ਉਚੇਰੀ ਵਿਦਿਆ ਪ੍ਰਾਪਤੀ ਲਈ ਯੂਕਲੀਡ ਕਰਾਸੀਓਲੇ ਨੋਟੀਕਲ ਟੈਕਨੀਕਲ ਆਫ ਬਾਰੀ ਤੋਂ ਸਮੁੰਦਰੀ ਸੈਨਾ ਦਾ ਡਿਪਲੋਮਾ ਕੀਤਾ। ਉਪਰੰਤ ਉੱਚ ਪੱਧਰ ਦੇ ਇਮਤਿਹਾਨ ਪਾਸ ਕਰਕੇ16 ਫਰਵਰੀ ਨੂੰ ਇਟਲੀ ਦੀ ਸਮੁੰਦਰੀ ਸੈਨਾ ਵਿੱਚ ਭਰਤੀ ਹੋਇਆ। ਇਸ ਸਮੇ ਟਰੈਤੋ( ਇਟਲੀ) ਚ ਨੌਕਰੀ ਕਰ ਰਿਹਾ ਹੈ। ਇਸ ਪ੍ਰਾਪਤੀ ਸਬੰਧੀ ਜਸ਼ਨਦੀਪ ਲੱਧੜ ਨੇ ਕਿਹਾ ਕਿ ਮੈਂ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਨੂੰ ਦਿੰਦਾ ਹਾਂ ਜਿੰਨਾ ਨੇ ਉਸ ਦੇ ਇਰਾਦਿਆਂ ਨੇ ਇੰਨਾ ਮਜਬੂਤ ਬਣਾਇਆ ਕਿ ਉਹ ਇਸ ਮੁਕਾਮ ਤੇ ਪਹੁੰਚਣ ਵਿੱਚ ਸਫਲ ਹੋਇਆ। ਜਸ਼ਨਦੀਪ ਲੱਧੜ ਨੇ ਇਟਲੀ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਵੱਧ ਤੋ ਵੱਧ ਪੜਾਉਣ , ਉਚ ਵਿਦਿਆ ਗ੍ਰਹਿਣ ਕਰਨ ਸਦਕਾ ਹੀ ਅੱਜ ਜਸ਼ਨਦੀਪ ਲੱਧੜ ਸਮੁੰਦਰੀ ਸੈਨਾ ਵਿੱਚ ਨੌਕਰੀ ਕਰ ਰਿਹਾ ਹੈ ਜੋ ਸਮੁੱਚੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।