ਜੰਗਬੰਦੀ ਨਾਲ ਹੀ ਖਤਮ ਹੋ ਗਈ ਸੀ ਇਰਾਨ ਨਾਲ ਜੰਗ: ਟਰੰਪ

ਵਾਸ਼ਿੰਗਟਨ - ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਟਰੰਪ ਪ੍ਰਸ਼ਾਸਨ ਨੇ ਦਲੀਲ ਦਿੱਤੀ ਹੈ ਕਿ ਇਰਾਨ ਨਾਲ ਚੱਲ ਰਹੀ ਜੰਗ ਅਪ੍ਰੈਲ ਦੀ ਸ਼ੁਰੂਆਤ ਵਿੱਚ ਲਾਗੂ ਹੋਈ ਜੰਗਬੰਦੀ ਨਾਲ ਹੀ ਖਤਮ ਹੋ ਚੁੱਕੀ ਹੈ। ਇਸ ਬਿਆਨ ਨਾਲ ਵਾਈਟ ਹਾਊਸ ਨੂੰ ਕਾਂਗਰਸ ਤੋਂ ਸੈਨਿਕ ਕਾਰਵਾਈ ਲਈ ਮਨਜ਼ੂਰੀ ਲੈਣ ਦੀ ਲੋੜ ਤੋਂ ਬਚਣ ਦਾ ਮੌਕਾ ਮਿਲ ਸਕਦਾ ਹੈ। ਬੀਤੇ ਦਿਨੀਂ ਰੱਖਿਆ ਮੰਤਰੀ ਪੀਟ ਹੈਗਸੈਥ ਨੇ ਸੈਨੇਟ ਵਿੱਚ ਗਵਾਹੀ ਦਿੰਦਿਆਂ ਕਿਹਾ ਸੀ ਕਿ ਜੰਗਬੰਦੀ ਨੇ ਜੰਗ ਨੂੰ ਅਸਲ ਵਿੱਚ ਰੋਕ ਦਿੱਤਾ ਹੈ। ਉਨ੍ਹਾਂ ਮੁਤਾਬਕ, ਇਸ ਕਾਰਨ 1973 ਦੇ ਵਾਰ ਪਾਵਰਜ਼ ਰੈਸੋਲਿਊਸ਼ਨ ਤਹਿਤ ਕਾਂਗਰਸ ਦੀ ਮਨਜ਼ੂਰੀ ਲੈਣ ਦੀ ਸ਼ਰਤ ਲਾਗੂ ਨਹੀਂ ਹੁੰਦੀ। ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 28 ਫ਼ਰਵਰੀ ਤੋਂ ਸ਼ੁਰੂ ਹੋਈ ਲੜਾਈ ਹੁਣ ਖਤਮ ਮੰਨੀ ਜਾ ਰਹੀ ਹੈ ਕਿਉਂਕਿ 7 ਅਪ੍ਰੈਲ ਤੋਂ ਲਾਗੂ ਜੰਗਬੰਦੀ ਤੋੰ ਬਾਅਦ ਦੋਹਾਂ ਪਾਸਿਆਂ ਵੱਲੋਂ ਕੋਈ ਗੋਲਾਬਾਰੀ ਨਹੀਂ ਹੋਈ। ਹਾਲਾਂਕਿ, ਹਾਲਾਤ ਪੂਰੀ ਤਰ੍ਹਾਂ ਸਧਾਰਨ ਨਹੀਂ ਹਨ। ਇਰਾਨ ਨੇ ਅਜੇ ਵੀ ਸਟਰੇਟ ਆਫ ਹੌਰਮੂਜ਼ &lsquoਤੇ ਆਪਣਾ ਕਬਜ਼ਾ ਬਣਾਇਆ ਹੋਇਆ ਹੈ, ਜਦਕਿ ਅਮਰੀਕੀ ਨੇਵੀ ਇਰਾਨ ਦੇ ਤੇਲ ਟੈਂਕਰਾਂ ਨੂੰ ਸਮੁੰਦਰ ਵੱਲ ਜਾਣ ਤੋਂ ਰੋਕਣ ਲਈ ਨਾਕਾਬੰਦੀ ਕਰ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕਾਨੂੰਨ ਅਨੁਸਾਰ, ਰਾਸ਼ਟਰਪਤੀ ਨੂੰ 60 ਦਿਨਾਂ ਤੋਂ ਵੱਧ ਚੱਲਣ ਵਾਲੀ ਸੈਨਿਕ ਕਾਰਵਾਈ ਲਈ ਕਾਂਗਰਸ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ, ਨਹੀਂ ਤਾਂ ਕਾਰਵਾਈ ਰੋਕਣੀ ਹੁੰਦੀ ਹੈ। ਇਸ ਮਾਮਲੇ &lsquoਚ ਇਹ ਵੀ ਸੰਭਵ ਹੈ ਕਿ ਪ੍ਰਸ਼ਾਸਨ 30 ਦਿਨਾ ਦਾ ਵਾਧਾ ਲੈ ਸਕੇ।