ਪਾਕਿਸਤਾਨ 'ਚ ਡੀਜ਼ਲ ਤੇ ਪੈਟਰੋਲ ਦੀ ਕੀਮਤ 400 ਦੇ ਨੇੜੇ ਪਹੁੰਚੀ

ਇਸਲਾਮਾਬਾਦ: ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਵਿਚ ਜਨਤਾ &rsquoਤੇ ਮਹਿੰਗਾਈ ਦਾ ਇਕ ਹੋਰ ਬੰਬ ਫੁੱਟਿਆ ਹੈ। ਪਾਕਿਸਤਾਨ ਸਰਕਾਰ ਨੇ ਮਹੀਨੇ ਦੇ ਪਹਿਲੇ ਦਿਨ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰ ਦਿਤਾ ਹੈ, ਜਿਸ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 400 ਰੁਪਏ ਪ੍ਰਤੀ ਲੀਟਰ ਦੇ ਬੇਹੱਦ ਕਰੀਬ ਪਹੁੰਚ ਗਈਆਂ ਹਨ।

ਤਾਜ਼ਾ ਨੋਟੀਫ਼ਿਕੇਸ਼ਨ ਅਨੁਸਾਰ ਪਾਕਿਸਤਾਨ ਵਿਚ ਪੈਟਰੋਲ ਦੀ ਕੀਮਤ ਵਿਚ 6.51 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 19.39 ਰੁਪਏ ਪ੍ਰਤੀ ਲੀਟਰ ਦਾ ਵੱਡਾ ਵਾਧਾ ਕੀਤਾ ਗਿਆ ਹੈ।

ਹੁਣ ਉੱਥੇ ਪੈਟਰੋਲ 399.86 ਪਾਕਿਸਤਾਨੀ ਰੁਪਏ ਅਤੇ ਡੀਜ਼ਲ 399.58 ਰੁਪਏ ਪ੍ਰਤੀ ਲੀਟਰ ਦੇ ਪੱਧਰ &rsquoਤੇ ਪਹੁੰਚ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਵਿਚ ਆਇਆ ਇਹ ਤੇਜ਼ ਉਛਾਲ ਖਾਸ ਤੌਰ &rsquoਤੇ ਟ੍ਰਾਂਸਪੋਰਟ ਅਤੇ ਉਦਯੋਗਿਕ ਖੇਤਰ &rsquoਤੇ ਸਿੱਧਾ ਅਸਰ ਪਾਵੇਗਾ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਮਹਿੰਗਾਈ ਹੋਰ ਵਧਣ ਦੀ ਸੰਭਾਵਨਾ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਮੱਧ ਪੂਰਬ ਵਿਚ ਜਾਰੀ ਸੰਘਰਸ਼ ਅਤੇ ਵਿਸ਼ਵ ਪੱਧਰ &rsquoਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਕਾਰਨ ਪਾਕਿਸਤਾਨ ਵਿਚ ਈਂਧਨ ਮਹਿੰਗਾ ਹੁੰਦਾ ਜਾ ਰਿਹਾ ਹੈ। ਪਹਿਲਾਂ ਹੀ ਆਰਥਿਕ ਦਬਾਅ ਝੱਲ ਰਹੀ ਜਨਤਾ ਲਈ ਟ੍ਰਾਂਸਪੋਰਟ ਦੀ ਲਾਗਤ ਵਧਣ ਕਾਰਨ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਸਕਦਾ ਹੈ।