ਪੰਜਾਬ ‘ਚ ਧੱਕੇਸ਼ਾਹੀ ਦਾ ਸ਼ਿਕਾਰ ਹੋਈ ਐਨ ਆਰ ਆਈ ਅਲਕਾ ਰਾਣੀ ਨੇ ਭਵਿੱਖ ਚ ਆਪਣੇ ਵਤਨ ਪੰਜਾਬ ਜਾਣ ਤੋ ਕੀਤੀ ਤੌਬਾ * ਅਲਕਾ ਰਾਣੀ ਦੇ ਨਾਬਾਲਗ ਬੱਚੇ ਦੇ ਮਨ ਚ ਅਜੇ ਵੀ ਸਹਿਮ

 ਲੈਸਟਰ (ਇੰਗਲੈਂਡ), 2 ਮਈ (ਸੁਖਜਿੰਦਰ ਸਿੰਘ ਢੱਡੇ)- ਯੂ ਕੇ ਦੀ ਵਸਨੀਕ ਐਨ.ਆਰ.ਆਈ ਮਹਿਲਾ ਅਲਕਾ ਰਾਣੀ ਨਾਲ ਪੰਜਾਬ ਦੌਰੇ ਦੌਰਾਨ ਵਾਪਰੀ ਹੱਡਬੀਤੀ ਨੇ ਪ੍ਰਵਾਸੀ ਭਾਈਚਾਰੇ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। ਆਪਣੇ ਨਾਬਾਲਿਗ ਪੁੱਤਰ ਨਾਲ ਆਪਣੇ ਵਤਨ ਪੰਜਾਬ ਗਈ ਅਲਕਾ ਰਾਣੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਹੁਸ਼ਿਆਰਪੁਰ ਪੁਲਿਸ ਵੱਲੋਂ ਉਸ &lsquoਤੇ ਝੂਠਾ ਕੇਸ ਦਰਜ ਕਰਕੇ ਉਸ ਨੂੰ ਅਤੇ ਉਸ ਦੇ ਬਿਮਾਰ ਨਾਬਾਲਿਗ ਬੱਚੇ ਨੂੰ ਥਾਣੇ ਲਿਜਾ ਕੇ ਤੱਕ ਤੰਗ ਪ੍ਰੇਸ਼ਾਨ ਕੀਤਾ ਗਿਆ।
ਬੀਤੇ ਦਿਨ ਪੰਜਾਬ &lsquoਚ ਖੱਜਲ-ਖੁਆਰੀ ਸਹਿਣ ਤੋਂ ਬਾਅਦ ਇੰਗਲੈਂਡ ਪਰਤੀ ਅਲਕਾ ਰਾਣੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਦਰਦਨਾਕ ਕਹਾਣੀ ਬਿਆਨ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਪਣੇ ਭਰਾ ਅਤੇ ਪੁੱਤਰ ਨਾਲ ਪੰਜਾਬ ਗਈ ਸੀ, ਪਰ ਉਥੇ ਪੁੱਜਣ ਤੇ ਉਸ &lsquoਤੇ ਹੁਸਿਆਰਪੁਰ ਪੁਲਿਸ ਵੱਲੋ ਐਫ.ਆਈ.ਆਰ. ਦਰਜ ਕਰ ਦਿੱਤੀ ਗਈ।
ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਉਸ ਸਮੇਂ ਤੇਜ਼ ਬੁਖਾਰ ਸੀ, ਫਿਰ ਵੀ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਰਹਿਮਦਿਲੀ ਨਾ ਦਿਖਾਈ ਗਈ। &ldquoਮੇਰੇ ਨਾਲ ਅਪਰਾਧੀਆਂ ਵਾਂਗ ਵਤੀਰਾ ਕੀਤਾ ਗਿਆ, ਜਦਕਿ ਮੈਂ ਬਿਲਕੁਲ ਬੇਕਸੂਰ ਸੀ,&rdquo ਅਲਕਾ ਰਾਣੀ ਨੇ ਭਾਵੁਕ ਹੁੰਦਿਆ ਕਿਹਾ ਕਿ ਥਾਣੇ ਦਾ ਮਾਹੌਲ ਇੰਨਾ ਡਰਾਉਣਾ ਸੀ ਕਿ ਉਸ ਦਾ ਪੁੱਤਰ ਵੀ ਸਹਿਮ ਗਿਆ ਅਤੇ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਬੇਸਹਾਰਾ ਮਹਿਸੂਸ ਕਰਨ ਲੱਗੀ।
ਅਲਕਾ ਰਾਣੀ ਨੇ ਕਿਹਾ ਕਿ ਪੰਜਾਬ ਵਿੱਚ ਨਾ ਤਾਂ ਉਸ ਨੂੰ ਕਾਨੂੰਨੀ ਸਹਾਇਤਾ ਮਿਲੀ ਅਤੇ ਨਾ ਹੀ ਇਨਸਾਫ ਦੀ ਕੋਈ ਉਮੀਦ ਨਜ਼ਰ ਆਈ। ਹਾਲਾਤਾਂ ਤੋਂ ਮਜਬੂਰ ਹੋ ਕੇ ਉਸ ਨੇ ਇੰਗਲੈਂਡ ਵਿੱਚ ਇੰਡੀਅਨ ਵਰਕਰਜ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨਾਲ ਸੰਪਰਕ ਕੀਤਾ। ਉਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇੰਗਲੈਂਡ ਦੇ ਐਮ.ਪੀਜ਼, ਸੰਬੰਧਿਤ ਮੰਤਰਾਲਿਆਂ ਅਤੇ ਯੂ ਕੇ ਵਿਚ ਸਥਿਤ ਇੰਡੀਅਨ ਹਾਈ ਕਮਿਸ਼ਨ ਤੱਕ ਮਾਮਲਾ ਪਹੁੰਚਾਇਆ ਗਿਆ।
ਇਸ ਦਖਲਅੰਦਾਜ਼ੀ ਤੋਂ ਬਾਅਦ ਹੀ ਪੁਲਿਸ ਵੱਲੋਂ ਅਲਕਾ ਰਾਣੀ &lsquoਤੇ ਦਰਜ ਕੀਤਾ ਗਿਆ ਕੇਸ ਰੱਦ ਕੀਤਾ ਗਿਆ ਅਤੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਪਾਸਪੋਰਟ ਵਾਪਸ ਕੀਤੇ ਗਏ, ਜਿਸ ਨਾਲ ਉਹ ਵਾਪਸ ਯੂ ਕੇ ਆ ਸਕੀ। ਹਾਲਾਂਕਿ ਇਸ ਸਾਰੀ ਪ੍ਰਕਿਰਿਆ ਦੌਰਾਨ ਉਸ ਨੂੰ ਕਰੀਬ 5 ਹਜ਼ਾਰ ਪੌਂਡ ਦਾ ਆਰਥਿਕ ਨੁਕਸਾਨ ਝੱਲਣਾ ਪਿਆ, ਜੋ ਅਜੇ ਤੱਕ ਵਾਪਸ ਨਹੀਂ ਮਿਲਿਆ।
ਯੂ ਕੇ ਪਹੁੰਚ ਕੇ ਅਲਕਾ ਰਾਣੀ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ, &ldquoਜੇ ਆਪਣੇ ਹੀ ਵਤਨ ਵਿੱਚ ਐਨ.ਆਰ.ਆਈਜ਼ ਨਾਲ ਇਹੋ ਜਿਹਾ ਵਤੀਰਾ ਹੋਵੇਗਾ ਤਾਂ ਕੌਣ ਆਪਣੇ ਵਤਨ ਪੰਜਾਬ ਜਾਣਾ ਚਾਹੇਗਾ?&rdquo ਉਸ ਨੇ ਕਿਹਾ ਕਿ ਇਸ ਤਜਰਬੇ ਨੇ ਉਸ ਦਾ ਪੰਜਾਬ &lsquoਤੋ ਭਰੋਸਾ ਉਠਾ ਦਿੱਤਾ ਹੈ ਅਤੇ ਹੁਣ ਉਹ ਭਵਿੱਖ ਵਿੱਚ ਕਦੇ ਵੀ ਆਪਣੇ ਵਤਨ ਪੰਜਾਬ ਜਾਣ ਬਾਰੇ ਨਹੀਂ ਸੋਚੇਗੀ।
ਉਸ ਨੇ ਵਿਦੇਸ਼ਾਂ ਵਿੱਚ ਵੱਸਦੇ ਐਨ.ਆਰ.ਆਈ ਭਾਈਚਾਰੇ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਜਾਣ ਤੋਂ ਪਹਿਲਾਂ ਉਹ ਪੂਰੀ ਤਰ੍ਹਾਂ ਸੋਚ-ਵਿਚਾਰ ਕਰਨ, ਕਿਉਂਕਿ ਉਥੇ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਰਹੇ ਹਨ।
ਇਸ ਮੌਕੇ ਇੰਡਿਅਨ ਵਰਕਰਜ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਤਲ ਸਿੰਘ ਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਐਨ.ਆਰ.ਆਈਜ਼ ਨਾਲ ਵਾਪਰ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ &lsquoਤੇ ਤੁਰੰਤ ਰੋਕ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀ ਸੂਬੇ ਦੀ ਤਰੱਕੀ ਲਈ ਪੰਜਬ ਚ ਨਿਵੇਸ਼ ਕਰਨ ਦੇ ਇੱਛੁਕ ਹਨ, ਪਰ ਜੇ ਉਨ੍ਹਾਂ ਨਾਲ ਇਸੇ ਤਰ੍ਹਾਂ ਦੀ ਧੱਕੇਸ਼ਾਹੀ ਜਾਰੀ ਰਹੀ ਤਾਂ ਉਹ ਪੰਜਾਬ ਨਾਲੋਂ ਮੂੰਹ ਮੋੜ ਸਕਦੇ ਹਨ।
ਸ. ਗਿੱਲ ਨੇ ਚੇਤਾਵਨੀ ਦਿੱਤੀ ਕਿ ਇਹ ਮਾਮਲਾ ਸਿਰਫ ਇਕ ਵਿਅਕਤੀ ਦੀ ਪੀੜ ਨਹੀਂ, ਸਗੋਂ ਪੂਰੇ ਐਨ.ਆਰ.ਆਈ ਭਾਈਚਾਰੇ ਦੇ ਭਰੋਸੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਐਨ.ਆਰ.ਆਈਜ਼ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਉਹ ਨਿਰਭੈ ਹੋ ਕੇ ਆਪਣੇ ਵਤਨ ਪੰਜਾਬ ਜਾ ਆ ਸਕਣ।