ਕਰੀਬ ਨੌ- ਦੱਸ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਟਲੀ ਗੁੰਮ ਹੋਏ ਹਰਮਨਦੀਪ ਸਿੰਘ ਦਾ ਪੁਲਸ ਨੂੰ ਵੀ ਨਹੀਂ ਮਿਲ ਸਕਿਆ ਕੋਈ ਥਹੁ-ਠਿਕਾਣਾ, ਮਾਪੇ ਬਹੁਤ ਦੁਖੀ ਪ੍ਰੇਸ਼ਾਨ

ਰੋਮ (ਗੁਰਸ਼ਰਨ ਸਿੰਘ ਸੋਨੀ) ਪੰਜਾਬ (ਭਾਰਤ) ਤੋਂ ਭੱਵਿਖ ਨੰ ਬਹਿਤਰ ਬਣਾਉਣ ਤੇ ਰੋਜੀ-ਰੋਟੀ ਲਈ ਵਿਦੇਸ਼ਾਂ ਵੱਲ ਕੂਚ ਕਰਦੇ ਮਾਪਿਆਂ ਦੇ ਜਿਗਰ ਦੇ ਟੁੱਕੜੇ ਜੇਕਰ ਵਿਦੇਸ਼ਾਂ ਵਿੱਚ ਜਾਕੇ ਲਾਪਤਾ ਹੋਣ ਜਾਣ ਤਾਂ ਮਾਪਿਆਂ ਦਾ ਜਿਉਂਦੇ ਜੀਅ ਮਰਨਾ ਹੋ ਜਾਂਦਾ। ਅਜਿਹੇ ਬਹੁਤ ਸਾਰੇ ਮਾਪੇ ਹਨ ਜਿਹਨਾਂ ਦਿਲ ਉਪੱਰ ਪੱਥਰ ਰੱਖ ਬੱਚਿਆਂ ਨੂੰ ਕਰਜ਼ਾ ਚੁੱਕ ਵਿਦੇਸ਼ਾਂ ਵਿੱਚ ਭੇਜਿਆ ਪਰ ਵਿਦੇਸ਼ ਜਾਕੇ ਉਹਨਾਂ ਦੇ ਬੱਚਿਆਂ ਦੀ ਕੋਈ ਉੱਗ-ਸੁੱਗ ਨਹੀ ਮਿਲਦੀ ਜਿਸ ਦੇ ਚੱਲਦਿਆਂ ਮਾਪਿਆਂ ਨੂੰ ਕੋਈ ਸਮਝ ਨਹੀਂ ਪੈਂਦੀ ਕਿ ਹੁਣ ਉਹ ਆਖਿਰ ਨੂੰ ਮਦਦ ਦੀ ਗੁਹਾਰ ਲੁਗਾਉਣ। ਅਜਿਹਾ ਹੀ ਸੰਤਾਪ ਭੁਗਤਣ ਲਈ ਬੇਵੱਸ ਇਟਲੀ ਦੇ ਜਿਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆ ਨੇੜੇ 22 ਜੁਲਾਈ 2025 ਨੂੰ ਗੁੰਮ ਹੋਏ ਹਰਮਨਦੀਪ ਸਿੰਘ (28) ਉਰਫ਼ ਕਾਕਾ ਵਾਸੀ (ਅੰਮ੍ਰਿਤਸਰ)ਦੇ ਮਾਪੇ।ਪ੍ਰੈੱਸ ਨੂੰ ਗੁੰਮ ਹੋਏ ਹਰਮਨਦੀਪ ਸਿੰਘ (28)ਉਰਫ਼ ਕਾਕਾ ਦੇ ਪਿਤਾ ਕਾਬਲ ਸਿੰਘ ਵਾਸੀ ਮਹਾਵਾ (ਅੰਮ੍ਰਿਤਸਰ )ਨੇ ਫੋਨ ਰਾਹੀ ਦੱਸਿਆ ਕਿ ਉਹਨਾਂ ਦਾ ਜਿਗਰ ਦਾ ਟੋਟਾ ਲਾਡਲਾ ਪੁੱਤਰ ਹਰਮਨਜੀਤ ਸਿੰਘ ਜਿਹੜਾ ਕਿ 9 ਮਹੀਨੇ ਵਾਲੇ ਪੇਪਰਾਂ ਉਪੱਰ ਇਟਲੀ 2019 ਵਿੱਚ ਆਇਆ ਸੀ ਜਿਹੜਾ ਇੱਕ ਡੇਅਰੀ ਫਾਰਮ ਵਿੱਚ ਕੰਮ ਕਰਦਾ ਤੇ ਉੱਥੇ ਹੀ ਰਹਿੰਦਾ ਸੀ । 22 ਜੁਲਾਈ 2025 ਨੂੰ ਡੇਅਰ ਫਾਰਮ ਇਹ ਕਹਿ ਆ ਗਿਆ ਕਿ ਉਹ ਆਪਣੇ ਚਾਚੇ ਕੇਵਲ ਸਿੰਘ ਨੂੰ ਮਿਲਣ ਚੱਲਾ ਪਰ ਅਫ਼ਸੋਸ ਸਾਰਾ ਦਿਨ ਬੀਤ ਜਾਣ ਦੇ ਬਾਅਦ ਵੀ ਹਰਮਨਦੀਪ ਸਿੰਘ ਨਾ ਕੇਵਲ ਸਿੰਘ ਕੋਲ ਪਹੁੰਚਾ ਤੇ ਨਾ ਵਾਪਸ ਡੇਅਰ ਫਾਰਮ ।ਕਾਬਲ ਸਿੰਘ ਦੇ ਭਰਾ ਕੇਵਲ ਸਿੰਘ ਨੂੰ ਜਦੋਂ ਇਹ ਪਤਾ ਲੱਗਾ ਕਿ ਹਰਮਨਦੀਪ ਸਿੰਘ ਦੀ ਕੋਈ ਉੱਗ-ਸੁੱਗ ਨਹੀ ਮਿਲ ਰਹੀ ਕਿ ਉਹ ਕਿੱਥੇ ਹੈ ਜਦੋਂ ਕਿ ਉਸ ਦਾ ਫੋਨ ਤੇ ਪੇਪਰ ਡੇਅਰੀ ਫਾਰਮ ਵਿੱਚ ਹੀ ਪਏ ਹਨ ਤਾਂ ਕਾਫ਼ੀ ਦੋੜ-ਭੱਜ ਦੇ ਬਾਅਦ ਉਸ ਨੇ ਪੁਨਤੀਨੀਆ ਦੀ ਪੁਲਸ ਨੂੰ ਭਤੀਜੇ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾ ਦਿੱਤੀ ਪਰ ਅਫਸੋਸ ਕਰੀਬ 9-10 ਮਹੀਨੇ ਹੋ ਜਾਣ ਦੇ ਬਾਅਦ ਵੀ ਗੁੰਮ ਹੋਏ ਹਰਮਨਦੀਪ ਸਿੰਘ ਦਾ ਇਟਲੀ ਪੁਲਸ ਨੂੰ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ ਜਦੋਂ ਕਿ ਸਾਰੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।ਬੀਤੇ ਸਮੇਂ ਵਿੱਚ ਇਸ ਗੁੰਮ ਹੋਏ ਨੌਜਵਾਨ ਨੂੰ ਲੱਭਣ ਲਈ ਭਾਰਤੀ ਅੰਬੈਂਸੀ ਰੋਮ ਵੱਲੋਂ ਵੀ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।ਬਹੁਤ ਹੀ ਭਰੇ ਮਨ ਨਾਲ ਕਾਬਲ ਸਿੰਘ ਨੇ ਪ੍ਰੈੱਸ ਨੂੰ ਦਿਲ ਦਾ ਦੁੱਖੜਾ ਸੁਣਾਉਂਦਿਆ ਕਿਹਾ ਕਿ ਉਸ ਦੇ 2 ਪੁੱਤਰ ਹਨ ਇੱਕ ਦੇਸ ਦੀ ਸੇਵਾ ਲਈ ਆਰਮੀ ਵਿੱਚ ਜਿੰਮੇਵਾਰੀ ਨਿਭਾਅ ਰਿਹਾ ਤੇ ਦੂਜਾ ਹਰਮਨਦੀਪ ਸਿੰਘ ਇਟਲੀ ਪਰਿਵਾਰ ਦੀ ਜਿੰਮੇਵਾਰੀ ਨਿਭਾਉਣ ਲਈ ਗਿਆ ਸੀ ਪਰ ਨਹੀਂ ਪਤਾ ਸੀ ਕਿ ਇਟਲੀ ਉਹਨਾਂ ਦਾ ਲਾਡਲਾ ਕਿਹੜੇ ਹਾਲਾਤਾਂ ਦੇ ਧੱਕੇ ਚੜ੍ਹ ਲਾਪਤਾ ਹੀ ਹੋ ਜਾਵੇਗਾ ਜਿਸ ਨਾਲ ਕਿ ਸਾਰਾ ਪਰਿਵਾਰ ਨਾ ਜਿਉਂਦਿਆਂ ਵਿੱਚ ਹੈ ਨਾ ਮਰਿਆ ਵਿੱਚ ਹਰ ਰੋਜ ਇੱਕ ਆਸ ਬਣਦੀ ਹੈ ਕਿ ਸ਼ਾਇਦ ਅੱਜ ਕੋਈ ਖ਼ਬਰ ਆਵੇਗੀ ਇਟਲੀ ਤੋ ਪਰ ਪਰਿਵਾਰ ਨੂੰ ਸਿਵਾਏ ਨਿਰਾਸ਼ਾ ਦੇ ਕੁਝ ਨਹੀਂ ਮਿਲ ਰਿਹਾ।ਉਹਨਾਂ ਦੀ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਨੂੰ ਹੱਥ ਜੋੜ ਗੁਜ਼ਾਰਸ ਹੈ ਕਿ ਉਹ ਹਰਮਨਦੀਪ ਸਿੰਘ ਕਿਸੇ ਢੰਗ ਨਾਲ ਲੱਭ ਦੇਣ ਪਰਿਵਾਰ ਕਦੀਂ ਵੀ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ। ਗੌਰਤਲਬ ਹੈ ਇਟਲੀ ਵਿੱਚ ਹਰ ਸਾਲ ਇੱਕ ਸਰਕਾਰੀ ਰਿਪੋਰਟ ਅਨੁਸਾਰ ਕਰੀਬ 30 ਹਜ਼ਾਰ ਰਿਪੋਰਟਾਂ ਲੋਕਾਂ ਦੇ ਗੁੰਮ ਹੋਣ ਦੀਆਂ ਦਰਜ ਹੋ ਰਹੀਆਂ ਹਨ ਜਿਹਨਾਂ ਵਿੱਚ 75% ਨਾਬਾਲਗਾਂ ਨਾਲ ਸੰਬਧਤ ਹਨ।ਅਜਿਹੇ ਨਾਬਾਲਗ ਜਿਹੜੇ ਪ੍ਰਵਾਸੀ ਦੇ ਬੱਚੇ ਹਨ ਉਹਨਾਂ ਦੇ ਗੁੰਮ ਹੋਣ ਪ੍ਰਤੀ ਪੁਲਸ ਪ੍ਰਸ਼ਾਸ਼ਨ ਵੀ ਸ਼ਾਇਦ ਕੋਈ ਜਿ਼ਆਦਾ ਸੰਜੀਦਾ ਨਹੀਂ ਹੁੰਦਾ।ਦੂਜਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਟਲੀ ਕੰਮਾਂ -ਕਾਰਾਂ ਦੇ ਹਲਾਤ ਵੀ ਇਟਲੀ ਆਉਣ ਵਾਲੇ ਨੌਜਵਾਨਾਂ ਨੂੰ ਮਾਨਸਿਕ ਪ੍ਰੇਸ਼ਾਨ ਦੇਣ ਵਾਲੇ ਬਣ ਰਹੇ ਹਨ ਜਿਸ ਕਾਰਨ ਅਜਿਹੀਆ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ।