ਕੈਂਟੁਕੀ ਵਿਚ ਬੈਂਕ ਵਿੱਚ ਲੁੱਟਮਾਰ ਦੌਰਾਨ ਗੋਲੀਬਾਰੀ ਵਿੱਚ ਦੋ ਮੁਲਾਜ਼ਮਾਂ ਦੀ ਮੌਤ, ਸ਼ੱਕੀ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੇਂਦਰੀ ਕੈਂਟੁਕੀ ਵਿੱਚ ਇਕ ਬੈਂਕ ਵਿਚ ਹੋਈ ਲੁੱਟਮਾਰ ਦੌਰਾਨ ਲੁਟੇਰੇ ਵੱਲੋਂ ਕੀਤੀ ਗੋਲੀਬਾਰੀ ਵਿੱਚ ਦੋ ਬੈਂਕ ਮੁਲਾਜਮਾਂ ਦੀ ਮੌਤ ਹੋ ਗਈ ਜਿਨਾਂ ਵਿੱਚ ਇਕ ਔਰਤ ਮੁਲਾਜਮ ਸ਼ਾਮਿਲ ਹੈ। ਕੈਂਟੁਕੀ ਸਟੇਟ ਟਰੁੁੱਪਰ ਜਸਟਿਨ ਕੀਅਰਨੇ ਨੇ ਕਿਹਾ ਹੈ ਕਿ ਬੈਂਕ ਲੁੱਟਮਾਰ ਦੀ ਇਹ ਘਟਨਾ ਮੈਡੀਸਨ ਕਾਊਂਟੀ ਦੇ ਸ਼ਹਿਰ ਬੇਰੀਆ ਵਿੱਚ ਵਾਪਰੀ। ਨਕਾਬਧਾਰੀ ਇਕ ਲੁਟੇਰਾ ਦੁਪਹਿਰ 2 ਵਜੇ ਤੋਂ ਪਹਿਲਾਂ ਬੈਂਕ ਵਿੱਚ ਦਾਖਲ ਹੋਇਆ। ਬੈਂਕ ਵਿਚ ਦਾਖਲ ਹੁੰਦਿਆਂ ਹੀ ਉਸ ਨੇ ਗੋਲੀਬਾਰੀ ਕਰਕੇ 2 ਬੈਂਕ ਮੁਲਾਜਮਾਂ ਦੀ ਹੱਤਿਆ ਕਰ ਦਿੱਤੀ। ਬਾਅਦ ਵਿਚ ਉਸ ਨੂੰ ਬੈਂਕ ਵਿਚੋਂ ਜੋ ਵੀ ਕੁਝ ਮਿਲਿਆ ਲੈ ਕੇ ਸਿਲਵਰ ਰੰਗ ਦੀ ਬੀ ਐਮ ਡਬਲਯੂ ਸੇਡਾਨ ਗੱਡੀ ਵਿਚ ਫਰਾਰ ਹੋ ਗਿਆ ਜਿਸ ਨੂੰ ਪੁਲਿਸ ਨੇ ਪਿੱਛਾ ਕਰਕੇ ਲੈਕਿਸੰਗਟਨ ਵਿਚੋਂ ਗ੍ਰਿਫਤਾਰ ਕਰ ਲਿਆ ਜਿਸ ਦੀ ਪਛਾਣ 18 ਸਾਲਾ ਬਰੇਲਨ ਵੀਵਰ ਵਜੋਂ ਹੋਈ ਹੈ। ਉਸ ਵਿਰੁੱਧ 2 ਹੱਤਿਆਵਾਂ ਤੇ ਲੁੱਟਮਾਰ ਦੇ ਸੰਘੀ ਦੋਸ਼ ਆਇਦ ਕੀਤੇ ਗਏ ਹਨ।