ਕੈਨੇਡਾ ਵਿੱਚ 33 ਹਜ਼ਾਰ ਆਰਜ਼ੀ ਵਿਦੇਸ਼ੀ ਮਜ਼ਦੂਰਾਂ ਲਈ ਪੱਕੇ ਨਿਵਾਸ ਦਾ ਰਾਹ ਖੁੱਲ੍ਹਿਆ

ਟੋਰਾਂਟੋ : ਕੈਨੇਡਾ ਵਿੱਚ ਲਗਭਗ 33 ਹਜ਼ਾਰ ਆਰਜ਼ੀ ਵਿਦੇਸ਼ੀ ਮਜ਼ਦੂਰਾਂ ਨੂੰ ਪੱਕੇ ਨਿਵਾਸ ਦੀ ਸਹੂਲਤ ਦੇਣ ਲਈ ਤੇਜ਼ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਰਸਮੀ ਐਲਾਨ ਤੋਂ ਪਹਿਲਾਂ ਹੀ ਤਕਰੀਬਨ 3,600 ਮਜ਼ਦੂਰ ਪੱਕੇ ਨਿਵਾਸੀ ਬਣ ਚੁੱਕੇ ਹਨ। ਇਮੀਗ੍ਰੇਸ਼ਨ ਮੰਤਰੀ ਲੀਨਾ ਡਿਐਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਹਾਤੀ ਅਤੇ ਦੂਰ-ਦਰਾਜ਼ ਇਲਾਕਿਆਂ ਵਿੱਚ ਕੰਮ ਕਰ ਰਹੇ ਆਰਜ਼ੀ ਮਜ਼ਦੂਰਾਂ ਨੂੰ ਕੈਨੇਡਾ ਵਿੱਚ ਸਥਾਈ ਤੌਰ &lsquoਤੇ ਵਸਣ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਇਸ ਯੋਜਨਾ ਅਧੀਨ ਖੇਤੀਬਾੜੀ, ਆਵਾਜਾਈ, ਦੇਖਭਾਲ ਸੇਵਾਵਾਂ, ਪਲੰਬਿੰਗ, ਬਿਜਲੀ ਮੁਰੰਮਤ ਅਤੇ ਸਿਹਤ ਖੇਤਰ ਨਾਲ ਜੁੜੇ ਕਰਮਚਾਰੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਸ਼ਰਤ ਇਹ ਹੈ ਕਿ ਸੰਬੰਧਿਤ ਵਿਅਕਤੀ ਘੱਟ ਆਬਾਦੀ ਵਾਲੀਆਂ ਕਮਿਊਨਿਟੀਆਂ ਵਿੱਚ ਘੱਟੋ-ਘੱਟ ਦੋ ਸਾਲ ਤੋਂ ਰਹਿ ਅਤੇ ਕੰਮ ਕਰ ਰਿਹਾ ਹੋਵੇ।
ਜਿਨ੍ਹਾਂ ਲੋਕਾਂ ਨੇ ਪ੍ਰਾਂਤੀ ਨਾਮਜ਼ਦਗੀ ਯੋਜਨਾ ਹੇਠ ਅਰਜ਼ੀ ਦਿੱਤੀ ਹੈ, ਉਹ ਵੀ ਇਸ ਤੇਜ਼ ਪ੍ਰਕਿਰਿਆ ਵਿੱਚ ਸ਼ਾਮਲ ਕੀਤੇ ਜਾਣਗੇ। ਇਸ ਤੋਂ ਇਲਾਵਾ, ਦੇਖਭਾਲ ਸੇਵਾਵਾਂ ਨਾਲ ਜੁੜੇ ਕਰਮਚਾਰੀ ਜਿਨ੍ਹਾਂ ਨੇ ਪਾਇਲਟ ਯੋਜਨਾ ਰਾਹੀਂ ਅਰਜ਼ੀ ਦਿੱਤੀ ਹੈ, ਉਹ ਵੀ ਯੋਗ ਮੰਨੇ ਜਾਣਗੇ।
ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਨੇ ਐਟਲਾਂਟਿਕ ਖੇਤਰ ਦੀ ਇਮੀਗ੍ਰੇਸ਼ਨ ਯੋਜਨਾ ਹੇਠ ਚਾਰ ਸੂਬਿਆਂ ਵਿੱਚ ਕੰਮ ਕਰਨ ਅਤੇ ਵਸਣ ਲਈ ਅਰਜ਼ੀ ਦਿੱਤੀ ਹੈ, ਉਹਨਾਂ ਨੂੰ ਵੀ ਇਸ ਸਹੂਲਤ ਦਾ ਲਾਭ ਮਿਲੇਗਾ।
ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਯੋਜਨਾ ਹੇਠ ਅਰਜ਼ੀ ਦੇਣ ਵਾਲੇ ਵਿਦੇਸ਼ੀ ਨਾਗਰਿਕ ਵੀ ਇਸ ਤੇਜ਼ ਪ੍ਰਕਿਰਿਆ ਵਿੱਚ ਸ਼ਾਮਲ ਹੋ ਸਕਦੇ ਹਨ।
ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਵਿਭਾਗ ਨੇ ਦੱਸਿਆ ਹੈ ਕਿ ਦੇਸ਼ ਵਿੱਚ ਆਰਜ਼ੀ ਤੌਰ &lsquoਤੇ ਰਹਿੰਦੇ ਲੋਕਾਂ ਦੀ ਗਿਣਤੀ ਕੁੱਲ ਆਬਾਦੀ ਦੇ ਲਗਭਗ 5 ਫੀਸਦੀ ਤੱਕ ਲਿਆਉਣ ਲਈ ਇਹ ਕਦਮ ਚੁੱਕਿਆ ਗਿਆ ਹੈ।