ਨਿਊਜ਼ੀਲੈਂਡ ਵਿੱਚ ਇਮੀਗ੍ਰੇਸ਼ਨ ਨਿਯਮ ਸਖ਼ਤ, ਵਿਦਿਆਰਥੀਆਂ ਲਈ ਮੁਸ਼ਕਲਾਂ ਵਧੀਆਂ

ਔਕਲੈਂਡ : ਕੈਨੇਡਾ ਅਤੇ ਅਮਰੀਕਾ ਤੋਂ ਬਾਅਦ ਹੁਣ ਨਿਊਜ਼ੀਲੈਂਡ ਨੇ ਵੀ ਇਮੀਗ੍ਰੇਸ਼ਨ ਨਿਯਮ ਕੜੇ ਕਰ ਦਿੱਤੇ ਹਨ। ਨਵੇਂ ਫ਼ੈਸਲਿਆਂ ਨਾਲ ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਲਈ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਹੋਰ ਔਖਾ ਹੋ ਗਿਆ ਹੈ ਅਤੇ ਡਿਪੋਰਟ ਕਰਨ ਦੇ ਨਿਯਮ ਵੀ ਸਖ਼ਤ ਕੀਤੇ ਗਏ ਹਨ।

ਨਵੇਂ ਨਿਯਮਾਂ ਮੁਤਾਬਕ ਵੀਜ਼ਾ ਫੀਸ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਅਰਜ਼ੀਦਾਤਾ ਨੂੰ ਆਪਣੇ ਖਾਤੇ ਵਿੱਚ ਘੱਟੋ-ਘੱਟ 11 ਲੱਖ 20 ਹਜ਼ਾਰ ਰੁਪਏ ਦੀ ਰਕਮ ਦਿਖਾਉਣੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੇਵਲ ਇਕ ਵਾਰ ਹੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਕਲੀਨਰ, ਫੈਕਟਰੀ ਕਰਮਚਾਰੀ ਅਤੇ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਪੜਤਾਲ ਲਾਜ਼ਮੀ ਕਰ ਦਿੱਤੀ ਗਈ ਹੈ। ਜੇਕਰ ਅਚਾਨਕ ਇੰਟਰਵਿਊ ਦੌਰਾਨ ਉਮੀਦਵਾਰ ਅੰਗਰੇਜ਼ੀ ਵਿੱਚ ਗੱਲਬਾਤ ਨਾ ਕਰ ਸਕਿਆ ਤਾਂ ਉਸ ਨੂੰ ਤੁਰੰਤ ਡਿਪੋਰਟ ਕੀਤਾ ਜਾ ਸਕਦਾ ਹੈ।

ਇਮੀਗ੍ਰੇਸ਼ਨ ਮਾਹਿਰਾਂ ਅਨੁਸਾਰ ਇਸ ਸਾਲ ਦੌਰਾਨ ਕੰਮ ਦੀ ਇਜਾਜ਼ਤ ਲਈ ਆਈਆਂ ਕਈ ਅਰਜ਼ੀਆਂ ਨੂੰ ਲਗਾਤਾਰ ਰੱਦ ਕੀਤਾ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਭਾਰਤੀਆਂ ਦੀਆਂ ਲਗਭਗ ਹਰ 10 ਵਿੱਚੋਂ 4 ਅਰਜ਼ੀਆਂ ਰੱਦ ਹੋ ਰਹੀਆਂ ਹਨ, ਜਦਕਿ ਵਿਦਿਆਰਥੀ ਵੀਜ਼ਾ ਦੀਆਂ ਕਰੀਬ 42 ਫੀਸਦੀ ਅਰਜ਼ੀਆਂ ਵੀ ਮਨਜ਼ੂਰ ਨਹੀਂ ਕੀਤੀਆਂ ਜਾ ਰਹੀਆਂ।

ਨਿਊਜ਼ੀਲੈਂਡ ਸਰਕਾਰ ਵੱਲੋਂ ਕੰਮ ਵਾਲੇ ਵੀਜ਼ੇ ਲਈ ਘੰਟਾਵਾਰੀ ਮਿਹਨਤਾਨਾ ਦਰ ਵੀ ਨਿਰਧਾਰਤ ਕੀਤੀ ਗਈ ਹੈ, ਜਿਸ ਤਹਿਤ ਨੌਕਰੀ ਦੇਣ ਵਾਲਿਆਂ ਨੂੰ ਲਗਭਗ 35 ਡਾਲਰ ਪ੍ਰਤੀ ਘੰਟਾ ਦੇਣਾ ਲਾਜ਼ਮੀ ਕੀਤਾ ਗਿਆ ਹੈ। ਇਹ ਉੱਚਾ ਮਿਹਨਤਾਨਾ ਕਈ ਕੰਪਨੀਆਂ ਲਈ ਮੁਸ਼ਕਲ ਬਣ ਰਿਹਾ ਹੈ। ਜਿਹੜੀਆਂ ਕੰਪਨੀਆਂ ਇਹ ਮਿਹਨਤਾਨਾ ਦੇਣ ਦੀ ਪੇਸ਼ਕਸ਼ ਕਰਦੀਆਂ ਹਨ, ਉਨ੍ਹਾਂ ਦੇ ਵਿੱਤੀ ਹਾਲਾਤ ਦੀ ਵੀ ਕੜੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਮਜ਼ੋਰ ਹਾਲਤ ਹੋਣ &lsquoਤੇ ਅਰਜ਼ੀਆਂ ਰੱਦ ਕੀਤੀਆਂ ਜਾ ਸਕਦੀਆਂ ਹਨ।

ਇਸ ਦੇ ਨਾਲ ਹੀ ਨਿਊਜ਼ੀਲੈਂਡ ਵੱਲੋਂ ਖੁੱਲ੍ਹੇ ਕੰਮ ਵੀਜ਼ੇ ਦੇ ਦਾਇਰੇ ਨੂੰ ਵੀ ਘਟਾ ਦਿੱਤਾ ਗਿਆ ਹੈ, ਜਿਸ ਨਾਲ ਵਿਦੇਸ਼ੀ ਕਰਮਚਾਰੀਆਂ ਲਈ ਮੌਕੇ ਹੋਰ ਸੀਮਤ ਹੋ ਗਏ ਹਨ।