ਚੰਡੀਗੜ੍ਹ ''ਚ ਇੰਡੀਗੋ ਦੀ ਫਲਾਈਟ ਵਿੱਚ ਪਾਵਰ ਬੈਂਕ ਧਮਾਕਾ, 5 ਯਾਤਰੀ ਜਖ਼ਮੀ

ਚੰਡੀਗੜ੍ਹ : ਹੈਦਰਾਬਾਦ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਦੀ ਉਡਾਨ 6ਈ-108 ਵਿੱਚ ਮੰਗਲਵਾਰ ਨੂੰ ਪਾਵਰ ਬੈਂਕ ਵਿੱਚ ਧਮਾਕਾ ਹੋਣ ਨਾਲ ਹੜਕੰਪ ਮਚ ਗਿਆ। ਇਸ ਘਟਨਾ ਵਿੱਚ 5 ਯਾਤਰੀ ਜਖ਼ਮੀ ਹੋ ਗਏ। ਪਾਵਰ ਬੈਂਕ ਇੱਕ ਯਾਤਰੀ ਦੇ ਬੈਗ ਵਿੱਚ ਰੱਖਿਆ ਹੋਇਆ ਸੀ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਹਾਜ਼ ਹਵਾਈ ਅੱਡੇ ''ਤੇ ਖੜ੍ਹਾ ਸੀ। ਧਮਾਕੇ ਤੋਂ ਬਾਅਦ ਜਹਾਜ਼ ਅੰਦਰ ਧੂੰਆਂ ਫੈਲ ਗਿਆ, ਜਿਸ ਕਾਰਨ ਯਾਤਰੀ ਘਬਰਾ ਗਏ। ਤੁਰੰਤ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਜਹਾਜ਼ ਤੋਂ ਬਾਹਰ ਕੱਢਿਆ ਗਿਆ।
ਸੂਤਰਾਂ ਮੁਤਾਬਕ, ਜਹਾਜ਼ ਲਗਭਗ ਦੁਪਹਿਰ 3:29 ਵਜੇ ਸੁਰੱਖਿਅਤ ਲੈਂਡ ਹੋਇਆ ਸੀ। ਲੈਂਡਿੰਗ ਤੋਂ ਬਾਅਦ ਜਦੋਂ ਜਹਾਜ਼ ਟਰਮੀਨਲ ਵੱਲ ਵੱਧ ਰਿਹਾ ਸੀ, ਉਸ ਸਮੇਂ ਸੀਟ 39ਸੀ ''ਤੇ ਬੈਠੇ ਯਾਤਰੀ ਨੇ ਆਪਣੇ ਪਾਵਰ ਬੈਂਕ ਵਿੱਚ ਅੱਗ ਲੱਗਣ ਦੀ ਜਾਣਕਾਰੀ ਕਰੂ ਨੂੰ ਦਿੱਤੀ।
ਕੈਬਿਨ ਕਰੂ ਨੇ ਤੁਰੰਤ ਅੱਗ ਬੁਝਾਉਣ ਵਾਲੇ ਸਾਜ਼ੋ-ਸਮਾਨ ਦੀ ਮਦਦ ਨਾਲ ਅੱਗ ''ਤੇ ਕਾਬੂ ਪਾ ਲਿਆ, ਪਰ ਧੂੰਆਂ ਫੈਲਣ ਕਾਰਨ ਐਮਰਜੈਂਸੀ ਪ੍ਰੋਟੋਕਾਲ ਲਾਗੂ ਕੀਤੇ ਗਏ। ਕਰੀਬ 3:35 ਵਜੇ ਐਮਰਜੈਂਸੀ ਦਰਵਾਜ਼ੇ ਖੋਲ੍ਹ ਕੇ ਯਾਤਰੀਆਂ ਨੂੰ ਫੁਲਣ ਵਾਲੀਆਂ ਸਲਾਈਡਾਂ ਰਾਹੀਂ ਬਾਹਰ ਕੱਢਿਆ ਗਿਆ।
ਹਵਾਈ ਅੱਡਾ ਅਧਿਕਾਰੀਆਂ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਏਅਰਲਾਈਨ ਨੇ ਕਿਹਾ ਕਿ ਜਹਾਜ਼ ਨੂੰ ਮੁੜ ਚਲਾਉਣ ਤੋਂ ਪਹਿਲਾਂ ਪੂਰੀ ਤਕਨੀਕੀ ਜਾਂਚ ਕੀਤੀ ਜਾਵੇਗੀ ਅਤੇ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ।