ਯੂਏਈ ਵਿੱਚ ਹਮਲੇ ਦੌਰਾਨ 3 ਭਾਰਤੀ ਜਖ਼ਮੀ, ਭਾਰਤ ਨੇ ਜਤਾਈ ਨਾਰਾਜ਼ਗੀ ਮੋਦੀ ਨੇ ਕਿਹਾਇਹ ਕਬੂਲ ਨਹੀਂ

ਯੂਏਈ : ਯੂਏਈ ਦੇ ਫੁਜੈਰਾਹ ਵਿਚ ਤੇਲ ਬੰਦਰਗਾਹ ''ਤੇ ਹੋਏ ਹਮਲੇ ਨੂੰ ਲੈ ਕੇ ਭਾਰਤ ਨੇ ਤਿੱਖੀ ਨਾਰਾਜ਼ਗੀ ਜਤਾਈ ਹੈ। ਸਰਕਾਰ ਨੇ ਕਿਹਾ ਹੈ ਕਿ ਇਸ ਘਟਨਾ ਵਿਚ ਤਿੰਨ ਭਾਰਤੀਆਂ ਦਾ ਜ਼ਖ਼ਮੀ ਹੋਣਾ ਗੰਭੀਰ ਮਾਮਲਾ ਹੈ ਅਤੇ ਇਸਨੂੰ ਕਿਸੇ ਵੀ ਹਾਲਤ ਵਿਚ ਕਬੂਲ ਨਹੀਂ ਕੀਤਾ ਜਾ ਸਕਦਾ। ਭਾਰਤ ਨੇ ਸਾਰੇ ਪੱਖਾਂ ਨੂੰ ਤੁਰੰਤ ਹਿੰਸਾ ਰੋਕਣ ਅਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਨਾ ਬਣਾਉਣ ਦੀ ਅਪੀਲ ਕੀਤੀ ਹੈ।
ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਤਣਾਅ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਨਿਕਲ ਸਕਦਾ ਹੈ, ਤਾਂ ਜੋ ਪੱਛਮੀ ਏਸ਼ੀਆ ਵਿੱਚ ਅਮਨ ਅਤੇ ਸਥਿਰਤਾ ਬਣੀ ਰਹੇ। ਇਸਦੇ ਨਾਲ ਹੀ ਭਾਰਤ ਨੇ ਅੰਤਰਰਾਸ਼ਟਰੀ ਕਾਨੂੰਨ ਤਹਿਤ ਹੋਰਮੁਜ਼ ਸਟ੍ਰੇਟ ਵਿਚ ਜਹਾਜ਼ਾਂ ਦੀ ਆਵਾਜਾਈ ਬਿਨ੍ਹਾਂ ਰੁਕਾਵਟ ਜਾਰੀ ਰੱਖਣ ਦੀ ਲੋੜ ''ਤੇ ਵੀ ਜ਼ੋਰ ਦਿੱਤਾ।
ਇਸ ਤੋਂ ਪਹਿਲਾਂ ਯੂਏਈ ਨੇ ਦਾਅਵਾ ਕੀਤਾ ਸੀ ਕਿ ਇਹ ਹਮਲਾ ਈਰਾਨ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਮੁਤਾਬਕ 12 ਬੈਲਿਸਟਿਕ ਮਿਸਾਈਲਾਂ, 3 ਕਰੂਜ਼ ਮਿਸਾਈਲਾਂ ਅਤੇ 4 ਡਰੋਨ ਨੂੰ ਨਾਕਾਮ ਕੀਤਾ ਗਿਆ। ਹਾਲਾਂਕਿ, ਈਰਾਨ ਵੱਲੋਂ ਇਸ ਦੋਸ਼ ''ਤੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ।
ਇਸ ਮਾਮਲੇ ''ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਖਤ ਰੁਖ ਅਖ਼ਤਿਆਰ ਕਰਦੇ ਹੋਏ ਕਿਹਾ ਕਿ ਆਮ ਲੋਕਾਂ ਅਤੇ ਅਹਿਮ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਕਦੇ ਮਨਜ਼ੂਰ ਨਹੀਂ ਕੀਤਾ ਜਾਵੇਗਾ।