ਵਿਕਟਰੀ ਡੇਅ ਮੌਕੇ ਰੂਸ-ਯੂਕਰੇਨ ਵੱਲੋਂ ਅਸਥਾਈ ਜੰਗਬੰਦੀ, ਮਾਸਕੋ ਪਰੇਡ ‘ਚ ਭਾਰੀ ਹਥਿਆਰ ਨਹੀਂ ਹੋਣਗੇ

ਮਾਸਕੋ,  : ਰੂਸ ਅਤੇ ਯੂਕਰੇਨ ਨੇ 9 ਮਈ ਦੇ ਵਿਕਟਰੀ ਡੇਅ ਤੋਂ ਪਹਿਲਾਂ ਵੱਖ-ਵੱਖ ਸਮਿਆਂ ਲਈ ਅਸਥਾਈ ਜੰਗਬੰਦੀ ਦਾ ਐਲਾਨ ਕੀਤਾ ਹੈ। ਰੂਸ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਲਈ ਗੋਲੀਬੰਦੀ ਰੋਕਣ ਦੀ ਘੋਸ਼ਣਾ ਕੀਤੀ ਹੈ, ਜਦਕਿ ਯੂਕਰੇਨ ਨੇ ਕਿਹਾ ਹੈ ਕਿ ਉਹ ਬੁੱਧਵਾਰ ਅੱਧੀ ਰਾਤ ਤੋਂ ਲੜਾਈ ਰੋਕ ਦੇਵੇਗਾ।

ਰੂਸ ਦੇ ਰੱਖਿਆ ਮੰਤਰਾਲੇ ਮੁਤਾਬਕ ਇਹ ਫੈਸਲਾ ਦੂਜੇ ਵਿਸ਼ਵ ਯੁੱਧ ਵਿੱਚ ਨਾਜ਼ੀ ਜਰਮਨੀ &lsquoਤੇ ਜਿੱਤ ਦੀ 81ਵੀਂ ਵਰ੍ਹੇਗੰਢ ਦੇ ਮੌਕੇ &lsquoਤੇ ਲਿਆ ਗਿਆ ਹੈ। ਹਾਲਾਂਕਿ ਰੂਸ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਯੂਕਰੇਨ ਵੱਲੋਂ ਕਿਸੇ ਤਰ੍ਹਾਂ ਦੀ ਰੁਕਾਵਟ ਪੈਦਾ ਕੀਤੀ ਗਈ ਤਾਂ ਕੀਵ &lsquoਤੇ ਤੀਖ਼ਾ ਹਮਲਾ ਕੀਤਾ ਜਾ ਸਕਦਾ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹ ਜੰਗਬੰਦੀ ਦੀ ਪਾਲਣਾ ਕਰਨਗੇ, ਪਰ ਰੂਸ ਦੀ ਕਿਸੇ ਵੀ ਕਾਰਵਾਈ ਦਾ ਜਵਾਬ ਦੇਣ ਲਈ ਤਿਆਰ ਰਹਿਣਗੇ। ਉਨ੍ਹਾਂ ਨੇ ਜੰਗਬੰਦੀ ਦੀ ਕੋਈ ਨਿਰਧਾਰਤ ਸਮਾਂ ਸੀਮਾ ਨਹੀਂ ਦੱਸੀ।

ਇਸ ਵਾਰ ਮਾਸਕੋ ਦੇ ਰੈੱਡ ਸਕਵੇਅਰ ਵਿੱਚ ਹੋਣ ਵਾਲੀ ਵਿਕਟਰੀ ਡੇਅ ਪਰੇਡ ਵੱਖਰੇ ਢੰਗ ਨਾਲ ਕਰਵਾਈ ਜਾਵੇਗੀ। ਸੁਰੱਖਿਆ ਚਿੰਤਾਵਾਂ ਅਤੇ ਡਰੋਨ ਹਮਲਿਆਂ ਦੇ ਖ਼ਤਰੇ ਨੂੰ ਦੇਖਦਿਆਂ ਟੈਂਕਾਂ ਅਤੇ ਹੋਰ ਭਾਰੀ ਹਥਿਆਰਾਂ ਨੂੰ ਪਰੇਡ ਦਾ ਹਿੱਸਾ ਨਹੀਂ ਬਣਾਇਆ ਜਾਵੇਗਾ।

ਰੂਸ ਵੱਲੋਂ ਕੀਵ ਵਿੱਚ ਰਹਿੰਦੇ ਲੋਕਾਂ ਅਤੇ ਵਿਦੇਸ਼ੀ ਦੂਤਾਵਾਸਾਂ ਨੂੰ ਵੀ ਸਾਵਧਾਨੀ ਵਜੋਂ ਸ਼ਹਿਰ ਛੱਡਣ ਦੀ ਚੇਤਾਵਨੀ ਦਿੱਤੀ ਗਈ ਹੈ। ਲਗਭਗ ਦੋ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਮਾਸਕੋ ਦੀ ਪਰੇਡ ਭਾਰੀ ਹਥਿਆਰਾਂ ਤੋਂ ਬਿਨ੍ਹਾਂ ਆਯੋਜਿਤ ਕੀਤੀ ਜਾਵੇਗੀ।

ਰੂਸ ਲਈ ਵਿਕਟਰੀ ਡੇਅ ਇੱਕ ਅਹਿਮ ਰਾਸ਼ਟਰੀ ਦਿਨ ਹੈ, ਜਿਸਨੂੰ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇਸ਼ਭਗਤੀ ਅਤੇ ਤਾਕਤ ਦੇ ਪ੍ਰਤੀਕ ਵਜੋਂ ਪੇਸ਼ ਕਰਦੇ ਹਨ।