ਮਾਛੀਵਾੜਾ ਘਟਨਾ ‘ਤੇ ਜਥੇਦਾਰ ਦੀ ਸਖ਼ਤ ਚੇਤਾਵਨੀ, 24 ਘੰਟਿਆਂ ਵਿੱਚ ਕਾਰਵਾਈ ਨਾ ਹੋਈ ਤਾਂ ਅਗਲਾ ਕਦਮ ਲੈਣਗੇ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ Giani Kuldeep Singh Gargaj ਨੇ ਮਾਛੀਵਾੜਾ ਸਾਹਿਬ ਵਿੱਚ ਸਾਬਕਾ ਫੌਜੀ ਅਤੇ ਉਸ ਦੇ ਨਾਬਾਲਗ ਪੁੱਤਰ ਨਾਲ ਹੋਈ ਕੁੱਟਮਾਰ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ।

ਜਾਣਕਾਰੀ ਮੁਤਾਬਕ ਕਿਰਤੀ ਸਿੱਖ ਕਿਸਾਨ ਕੁਲਦੀਪ ਸਿੰਘ ਅਤੇ ਉਸ ਦੇ 16 ਸਾਲਾ ਪੁੱਤਰ ਸੁਮਨਪ੍ਰੀਤ ਸਿੰਘ ਨਾਲ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਬੇਰਹਿਮੀ ਨਾਲ ਮਾਰਪੀਟ ਕੀਤੀ ਗਈ। ਇਸ ਘਟਨਾ ਵਿੱਚ ਸਾਬਕਾ ਫੌਜੀ ਦੇ ਸਿਰ &lsquoਤੇ ਗੰਭੀਰ ਸੱਟ ਲੱਗੀ ਹੈ, ਜਦਕਿ ਉਸ ਨੂੰ ਸੁਣਨ ਅਤੇ ਵੇਖਣ ਵਿੱਚ ਵੀ ਦਿੱਕਤ ਆ ਰਹੀ ਹੈ।

ਜਥੇਦਾਰ ਨੇ ਖੰਨਾ ਪੁਲੀਸ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਹੈ ਕਿ ਦੋਸ਼ੀ ਕਰਮਚਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਤੁਰੰਤ ਮਾਮਲਾ ਦਰਜ ਕਰਦੇ ਹੋਏ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਸਪੱਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ 24 ਘੰਟਿਆਂ ਦੇ ਅੰਦਰ ਕਾਰਵਾਈ ਨਾ ਹੋਈ ਤਾਂ ਉਹ ਖੁਦ ਪੀੜਤ ਪਰਿਵਾਰ ਨਾਲ ਮਿਲਣ ਜਾਣਗੇ ਅਤੇ ਅਗਲੇ ਕਦਮ ਲਈ ਉਨ੍ਹਾਂ ਦਾ ਸਾਥ ਦੇਣਗੇ।