TVK ਮੁਖੀ ਵਿਜੇ ਨੇ ਤਾਮਿਲਨਾਡੂ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ ਸਰਕਾਰ ਬਣਾਉਣ ਦਾ ਦਾਅਵਾ ਪੇਸ਼

ਟੀ ਵੀ ਕੇ ਮੁਖੀ ਵਿਜੇ ਨੇ ਬੁੱਧਵਾਰ ਨੂੰ ਤਾਮਿਲਨਾਡੂ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨਾਲ ਮੁਲਾਕਾਤ ਕੀਤੀ ਅਤੇ ਸੂਬਾ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਹ ਮੁਲਾਕਾਤ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦੇ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਉਣ ਦੇ ਦੋ ਦਿਨ ਬਾਅਦ ਹੋਈ ਹੈ, ਹਾਲਾਂਕਿ ਪਾਰਟੀ ਸਧਾਰਨ ਬਹੁਮਤ ਤੋਂ ਥੋੜ੍ਹੀ ਪਿੱਛੇ ਰਹਿ ਗਈ ਸੀ।
ਚੋਣਾਂ ਵਿੱਚ 234 ਮੈਂਬਰੀ ਵਿਧਾਨ ਸਭਾ ਵਿੱਚੋਂ ਟੀ ਵੀ ਕੇ ਨੇ 108 ਸੀਟਾਂ ਜਿੱਤੀਆਂ ਹਨ। ਸਰਕਾਰ ਬਣਾਉਣ ਲਈ 118 ਸੀਟਾਂ ਦੀ ਲੋੜ ਹੈ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਅਜੇ ਵੀ 10 ਹੋਰ ਸੀਟਾਂ ਦੀ ਲੋੜ ਪਵੇਗੀ। ਹੁਣ ਅਗਲਾ ਵੱਡਾ ਕਦਮ ਵਿਜੇ ਲਈ ਇਹ ਹੋਵੇਗਾ ਕਿ ਉਹ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ।
ਕਾਂਗਰਸ ਪਾਰਟੀ, ਜੋ ਲੰਮੇ ਸਮੇਂ ਤੋਂ ਡੀ ਐੱਮ ਕੇ ਦੀ ਸਾਥੀ ਸੀ, ਨੇ ਹੁਣ ਤਾਮਿਲਨਾਡੂ ਵਿੱਚ ਸਰਕਾਰ ਬਣਾਉਣ ਲਈ ਵਿਜੇ ਦੀ ਪਾਰਟੀ ਟੀ ਵੀ ਕੇ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਡੀ ਐੱਮ ਕੇ ਨਾਲ ਆਪਣਾ ਗਠਜੋੜ ਤੋੜ ਲਿਆ ਹੈ। ਦੂਜੇ ਪਾਸੇ, ਡੀ ਐੱਮ ਕੇ ਦੀ ਸਹਿਯੋਗੀ ਪਾਰਟੀ ਵੀ ਸੀ ਕੇ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਬੁੱਧਵਾਰ ਨੂੰ ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਟੀ ਵੀ ਕੇ ਨੇ ਵੀ ਸੀ ਕੇ ਤੋਂ ਸਮਰਥਨ ਮੰਗਿਆ ਹੈ, ਜਿਸ ਕੋਲ 2 ਸੀਟਾਂ ਹਨ। ਵੀ ਸੀ ਕੇ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਇਸ ਬਾਰੇ ਅੰਤਿਮ ਫੈਸਲਾ ਉਨ੍ਹਾਂ ਦੇ ਪ੍ਰਧਾਨ ਥੋਲ ਤਿਰੂਮਾਵਲਵਨ ਹੀ ਲੈਣਗੇ। ਹਾਲਾਂਕਿ, ਟੀ ਵੀ ਕੇ ਦੇ ਸੱਦੇ ਦੇ ਬਾਵਜੂਦ, ਖੱਬੇ ਪੱਖੀ ਪਾਰਟੀਆਂ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ (IUML) ਨੇ ਵਿਜੇ ਦੀ ਪਾਰਟੀ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਕਾਂਗਰਸ ਦੇ ਸਮਰਥਨ ਦੇ ਬਾਵਜੂਦ, ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਕੋਲ ਅੰਕੜੇ ਘੱਟ ਰਹਿਣਗੇ।