West Bengal ਵਿੱਚ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਮਈ ਨੂੰ

ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਸਮਿਕ ਭੱਟਾਚਾਰੀਆ ਨੇ ਬੁੱਧਵਾਰ ਨੂੰ ਇੱਕ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਸੂਬੇ ਵਿੱਚ ਨਵੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਮਈ ਨੂੰ ਆਯੋਜਿਤ ਕੀਤਾ ਜਾਵੇਗਾ। ਭੱਟਾਚਾਰੀਆ ਨੇ ਕੋਲਕਾਤਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਇਤਿਹਾਸਕ ਸਹੁੰ ਚੁੱਕ ਸਮਾਗਮ ਮੱਧ ਕੋਲਕਾਤਾ ਦੇ ਮਸ਼ਹੂਰ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਸਵੇਰੇ 10 ਵਜੇ ਹੋਵੇਗਾ, ਜਿਸ ਲਈ ਪਾਰਟੀ ਵੱਲੋਂ ਵੱਡੇ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਦਿਨ ਪੱਛਮੀ ਬੰਗਾਲ ਦੀ ਸਿਆਸਤ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਹੂੰਝਾ ਫੇਰੂ ਜਿੱਤ ਦਰਜ ਕਰਦਿਆਂ ਸੂਬੇ ਦੀ ਸਿਆਸੀ ਤਸਵੀਰ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਇਸ ਜਿੱਤ ਨਾਲ ਸੂਬੇ ਵਿੱਚ ਪਿਛਲੇ 15 ਸਾਲਾਂ ਤੋਂ ਚੱਲ ਰਹੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (TMC) ਦੇ ਸ਼ਾਸਨ ਦਾ ਅੰਤ ਹੋ ਗਿਆ ਹੈ।