ਕਰੂਜ਼ ਜਹਾਜ਼ ’ਚ ਫੈਲੀ ਬਿਮਾਰੀ ਕਾਰਨ 2 ਬ੍ਰਿਟਿਸ਼ ਨਾਗਰਿਕ ਨਿਗਰਾਨੀ ਹੇਠ

 ਲੈਸਟਰ (ਇੰਗਲੈਂਡ), 7 ਮਈ (ਸੁਖਜਿੰਦਰ ਸਿੰਘ ਢੱਡੇ)- ਦੱਖਣੀ ਐਟਲਾਂਟਿਕ ਸਮੁੰਦਰ ਵਿਚ ਯਾਤਰਾ ਕਰ ਰਹੇ ਕਰੂਜ਼ ਜਹਾਜ਼ MV Hondius &rsquoਤੇ ਫੈਲੀ ਖ਼ਤਰਨਾਕ ਬਿਮਾਰੀ ਕਾਰਨ ਬ੍ਰਿਟੇਨ ਪਰਤੇ 2 ਬ੍ਰਿਟਿਸ਼ ਨਾਗਰਿਕਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿਚ ਇਕਾਂਤਵਾਸ ਹੇਠ ਰੱਖਿਆ ਗਿਆ ਹੈ। ਬ੍ਰਿਟੇਨ ਦੀ ਸਿਹਤ ਸੁਰੱਖਿਆ ਏਜੰਸੀ ਅਨੁਸਾਰ ਦੋਵੇਂ ਵਿਅਕਤੀ ਸੇਂਟ ਹੇਲੇਨਾ ਟਾਪੂ ਤੋਂ ਦੱਖਣੀ ਅਫ਼ਰੀਕਾ ਰਾਹੀਂ ਬ੍ਰਿਟੇਨ ਪਹੁੰਚੇ ਸਨ ਅਤੇ ਉਨ੍ਹਾਂ ਵਿਚ ਇਸ ਵੇਲੇ ਕੋਈ ਲੱਛਣ ਨਹੀਂ ਮਿਲੇ।
ਇਸ ਦੌਰਾਨ 56 ਸਾਲਾ ਬ੍ਰਿਟਿਸ਼ ਨਾਗਰਿਕ ਮਾਰਟਿਨ ਐਨਸਟੇ ਦੀ ਤਬੀਅਤ ਵਿਗੜਣ ਮਗਰੋਂ ਉਸ ਨੂੰ ਜਹਾਜ਼ ਤੋਂ ਨੀਦਰਲੈਂਡ ਇਲਾਜ ਲਈ ਭੇਜਿਆ ਗਿਆ ਹੈ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਇਸ ਵੇਲੇ ਸਥਿਰ ਹੈ।
ਵਿਸ਼ਵ ਸਿਹਤ ਸੰਗਠਨ ਅਨੁਸਾਰ ਜਹਾਜ਼ ਨਾਲ ਸੰਬੰਧਿਤ ਹੁਣ ਤੱਕ 8 ਸ਼ੱਕੀ ਅਤੇ ਪੁਸ਼ਟੀਸ਼ੁਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਿਮਾਰੀ ਆਮ ਤੌਰ &rsquoਤੇ ਚੂਹਿਆਂ ਰਾਹੀਂ ਫੈਲਦੀ ਹੈ, ਪਰ ਇਸ ਮਾਮਲੇ ਵਿਚ ਮਨੁੱਖ ਤੋਂ ਮਨੁੱਖ ਤੱਕ ਫੈਲਣ ਦੀ ਸੰਭਾਵਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸਪੇਨ ਸਰਕਾਰ ਵੱਲੋਂ ਜਹਾਜ਼ ਨੂੰ ਕੈਨਰੀ ਟਾਪੂਆਂ ਵਿਚ ਰੋਕਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿੱਥੋਂ ਯਾਤਰੀਆਂ ਨੂੰ ਆਪਣੇ ਦੇਸ਼ਾਂ ਵੱਲ ਭੇਜਿਆ ਜਾਵੇਗਾ। ਬ੍ਰਿਟਿਸ਼ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਆਮ ਲੋਕਾਂ ਲਈ ਘਬਰਾਉਣ ਦੀ ਲੋੜ ਨਹੀਂ, ਪਰ ਸੰਪਰਕ ਵਿਚ ਆਏ ਲੋਕਾਂ &rsquoਤੇ ਨਿਗਰਾਨੀ ਜਾਰੀ ਰਹੇਗੀ