ਦਿੱਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਦਰਸ਼ਨਕਾਰੀਆਂ ਵਲੋਂ ਮਾਰਚ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਲੀ ਪਹੁੰਚੇ 100 ਤੋਂ ਵੱਧ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਪੰਜਾਬ, ਹਰਿਆਣਾ ਅਤੇ ਸਿਰਸਾ ਤੋਂ ਸਿੱਖ ਸੰਗਤਾਂ ਦਿੱਲੀ ਵਿਖੇ ਇਕੱਠੀਆਂ ਹੋਈਆਂ ਸਨ। ਸਾਰੇ ਪ੍ਰਦਰਸ਼ਨਕਾਰੀ ਪਹਿਲਾਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਇਕੱਠੇ ਹੋਏ। ਉਥੋਂ ਉਨ੍ਹਾਂ ਨੇ ਕਾਲੇ ਕੱਪੜੇ ਅਤੇ ਜੈਕਟਾਂ ਪਹਿਨ ਕੇ, ਹੱਥਾਂ ਵਿੱਚ ਪ੍ਰਤੀਕਾਤਮਕ ਹਥਕੜੀਆਂ ਪਾ ਕੇ ਸੰਸਦ ਵੱਲ ਸ਼ਾਂਤਮਈ ਪੈਦਲ ਮਾਰਚ ਕਰਨ ਦਾ ਫੈਸਲਾ ਕੀਤਾ। ਜਿਵੇਂ ਹੀ ਪ੍ਰਦਰਸ਼ਨਕਾਰੀ ਗੁਰਦੁਆਰਾ ਸਾਹਿਬ ਤੋਂ ਬਾਹਰ ਸੜਕ &rsquoਤੇ ਮਾਰਚ ਕਰਦੇ ਹੋਏ ਨਿਕਲੇ ਤਾਂ ਦਿੱਲੀ ਪੁਲਿਸ ਮੌਕੇ &rsquoਤੇ ਪਹੁੰਚ ਗਈ ਅਤੇ 100 ਤੋਂ ਵੱਧ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਚਾਰ ਵੈਨਾਂ ਵਿੱਚ ਬਿਠਾ ਕੇ ਲੈ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ &ldquoਬੰਦੀ ਸਿੰਘ ਰਿਹਾ ਕਰੋ&rdquo ਅਤੇ &ldquoਅੱਜ ਵੀ ਅਸੀਂ ਬੇੜੀਆਂ ਵਿੱਚ ਹਾਂ&rdquo ਵਰਗੇ ਨਾਅਰੇ ਲਗਾਏ ਗਏ। ਉਨ੍ਹਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਵੀ ਰੋਸ ਪ੍ਰਗਟਾਇਆ। ਇਸ ਪੈਦਲ ਮਾਰਚ ਵਿੱਚ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਕਰਨੈਲ ਸਿੰਘ ਪੰਜੋਲੀ ਐਸਜੀਪੀਸੀ ਮੈਂਬਰ, ਭਾਈ ਅਮਰਜੀਤ ਸਿੰਘ ਬਡਗੁਜਰਾਂ, ਭਾਈ ਅਮਰੀਕ ਸਿੰਘ ਰੋਮੀ, ਕਿਸਾਨ ਆਗੂ ਲਖਵਿੰਦਰ ਸਿੰਘ, ਅੰਗਰੇਜ਼ ਸਿੰਘ ਕੋਟਲੀ, ਦਲਜੀਤ ਸਿੰਘ ਰੰਗਾ, ਸਰਦੂਲ ਸਿੰਘ ਭੱਟੀ ਅਤੇ ਤਿਰਲੋਕ ਸਿੰਘ ਖੈਰਾ ਸਮੇਤ ਵਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਸ਼ਾਮਲ ਸਨ । ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਸਾਰੇ ਸ਼ਾਂਤਮਈ ਢੰਗ ਨਾਲ ਸੰਸਦ ਵੱਲ ਮਾਰਚ ਕਰ ਰਹੇ ਸਨ, ਪਰ ਪੁਲਿਸ ਨੇ ਧੱਕੇਸ਼ਾਹੀ ਕਰਦੇ ਹੋਏ ਉਨ੍ਹਾਂ ਨੂੰ ਰਾਹ ਵਿੱਚ ਹੀ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਤੇ ਕਈਆਂ ਨੂੰ 35 ਸਾਲ ਤੋਂ ਵੱਧ ਸਮਾਂ ਜੇਲ੍ਹਾਂ ਵਿੱਚ ਹੋ ਗਿਆ ਹੈ, ਫਿਰ ਵੀ ਸਰਕਾਰ ਉਨ੍ਹਾਂ ਨੂੰ ਰਿਹਾ ਨਹੀਂ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪ੍ਰਦਰਸ਼ਨਕਾਰੀਆਂ ਦੀ ਗ੍ਰਿਫਤਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਹੁਣ ਸਿੱਖ ਆਪਣੇ ਹੱਕਾਂ ਲਈ ਤੇ ਆਪਣੇ ਬੰਦੀ ਸਿੰਘਾਂ ਲਈ ਰੋਸ ਮੁਜ਼ਾਹਰੇ ਵੀ ਨਹੀਂ ਕਰ ਸਕਦੇ ? ਕੀ ਇਹ ਸੰਵਿਧਾਨ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਨਹੀਂ ? ਸਰਕਾਰ ਵੱਲੋਂ ਕੀਤੀ ਇਸ ਧੱਕੇਸ਼ਾਹੀ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ ।