ਭਾਜਪਾ ਨੂੰ ਨਿਸ਼ਾਨਾ ਬਣਾਉਣਾ ਮਾਨ ਦੀ ਬੁਖਲਾਹਟ ਦਾ ਸਬੂਤ : ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ- ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਇਸ ਦੀ ਸੁਰੱਖਿਆ ਸਿੱਧੇ ਤੌਰ ਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਹੋਈ ਹੈ। ਆਤੰਕੀ ਸਾਜ਼ਿਸ਼ਾਂ ਨਾਲ ਸੰਬੰਧਿਤ ਮਾਮਲਿਆਂ ਤੇ ਬਿਆਨਬਾਜ਼ੀ ਪੂਰੀ ਜ਼ਿੰਮੇਵਾਰੀ ਨਾਲ ਹੋਣੀ ਚਾਹੀਦੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਗ਼ਲਤੀ ਦਾ ਅਹਿਸਾਸ ਕਰਨ ਦੀ ਥਾਂ ਲਗਾਤਾਰ ਦੂਜੇ ਦਿਨ ਵੀ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਪਿੱਛੇ ਭਾਜਪਾ ਦੀ ਚੋਣ ਰਣਨੀਤੀ ਹੋਣ ਦਾ ਬੇਬੁਨਿਆਦ ਦੋਸ਼ ਲਾ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਕਿਸੇ ਚੰਗੇ ਡਾਕਟਰ ਤੋਂ ਦਿਮਾਗ਼ੀ ਇਲਾਜ ਕਰਵਾਉਣ ਦੀ ਸਲਾਹ ਦਿੱਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਜਪਾ ਖ਼ਿਲਾਫ਼ ਕੀਤੀ ਜਾ ਰਹੀ ਗ਼ਲਤ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਪਲਟਵਾਰ ਕੀਤਾ ਅਤੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਵੱਡੀ ਜਿੱਤ ਅਤੇ ਆਮ ਆਦਮੀ ਪਾਰਟੀ ਦੇ
ਸੱਤ ਸੰਸਦ ਮੈਂਬਰਾਂ ਵੱਲੋਂ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਕਾਰਨ ਭਗਵੰਤ ਮਾਨ ਬੁਖਲਾਹਟ ਵਿੱਚ ਹਨ ਅਤੇ ਉਨ੍ਹਾਂ ਨੂੰ ਆਪਣੀ ਕੁਰਸੀ ਜਾਂਦੀ ਨਜ਼ਰ ਆ ਰਹੀ ਹੈ। ਇਸੇ ਕਰਕੇ ਉਹ ਪੰਜਾਬ ਦੀ ਸੰਵੇਦਨਸ਼ੀਲ ਸੁਰੱਖਿਆ ਸਥਿਤੀ ਨੂੰ ਵੀ ਸਿਆਸੀ ਰੰਗਤ ਦੇਣ ਤੋਂ ਗੁਰੇਜ਼ ਨਹੀਂ ਕਰ ਰਹੇ।
ਪ੍ਰੋ. ਖਿਆਲਾ ਨੇ ਕਿਹਾ ਕਿ ਭਾਜਪਾ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਅਤੇ ਸਾਨੂੰ ਕਿਸੇ ਤੋਂ ਦੇਸ਼-ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਦੀ ਕਾਨੂੰਨ-ਵਿਵਸਥਾ ਤੇ ਸਵਾਲ ਖੜ੍ਹੇ ਹੁੰਦੇ ਹਨ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਸਿਆਸੀ ਸਾਜ਼ਿਸ਼ਾਂ ਦਾ ਰਾਗ ਅਲਾਪਣ ਲੱਗ ਪੈਂਦੀ ਹੈ। ਜੇਕਰ ਮੁੱਖ ਮੰਤਰੀ ਕੋਲ ਭਾਜਪਾ ਆਗੂਆਂ ਖ਼ਿਲਾਫ਼ ਕੋਈ ਠੋਸ ਸਬੂਤ ਹਨ ਤਾਂ ਉਹਨਾਂ ਨੂੰ ਜਾਂਚ ਏਜੰਸੀਆਂ ਅਤੇ ਜਨਤਾ ਸਾਹਮਣੇ ਰੱਖਣ। ਜਿਸ ਤੇ ਵੀ ਸ਼ੱਕ ਹੈ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ। ਕੇਵਲ ਰਾਜਨੀਤਿਕ ਵਿਰੋਧੀਆਂ ਤੇ ਝੂਠੇ ਦੋਸ਼ ਮੜ੍ਹ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਵਿੱਚ ਹਿੰਸਾ ਅਤੇ ਡਰ ਦਾ ਮਾਹੌਲ ਪੈਦਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਆਮ ਆਦਮੀ ਪਾਰਟੀ ਫ਼ਿਰਕੂ ਰਾਜਨੀਤੀ ਅਤੇ ਵੋਟਰਾਂ ਦੇ ਧ੍ਰੁਵੀਕਰਨ ਦੀ ਆੜ ਲੈ ਰਹੀ ਹੈ, ਜਦਕਿ ਮੁੱਖ ਮੰਤਰੀ ਨੂੰ ਆਪਣੀਆਂ ਨਾਕਾਮੀਆਂ ਦੀ ਜ਼ਿੰਮੇਵਾਰੀ ਲੈਂਦਿਆਂ ਅਹੁਦਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੀ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਡੀਜੀਪੀ ਗੌਰਵ ਯਾਦਵ ਖ਼ੁਦ ਇਨ੍ਹਾਂ ਧਮਾਕਿਆਂ ਪਿੱਛੇ ਆਈਐਸਆਈ ਅਤੇ ਉਸ ਦੀਆਂ ਸਮਰਥਕ ਤਾਕਤਾਂ ਦੀ ਭੂਮਿਕਾ ਅਤੇ &ldquoਆਪ੍ਰੇਸ਼ਨ ਸਿੰਦੂਰ&rdquo ਦੀ ਵਰ੍ਹੇਗੰਢ ਮੌਕੇ ਖਲਲ ਪਾਉਣ ਦੀ ਸਾਜ਼ਿਸ਼ ਦੀ ਗੱਲ ਕਰ ਚੁੱਕੇ ਹਨ। ਖਾਲਿਸਤਾਨ ਲਿਬਰੇਸ਼ਨ ਆਰਮੀ ਵੱਲੋਂ ਵੀ ਪਹਿਲਾਂ ਹੀ ਇਸ ਦੀ ਜ਼ਿੰਮੇਵਾਰੀ ਲਈ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਇਕ ਤਰਫ਼ ਪਾਕਿਸਤਾਨ ਅਤੇ ਆਈਐਸਆਈ ਆਪਣੇ ਫ਼ੌਜੀ ਮੁਖੀ ਅਸੀਮ ਮੁਨੀਰ ਦੀ ਅਗਵਾਈ ਹੇਠ ਭਾਰਤ ਖ਼ਿਲਾਫ਼ ਇੱਕ ਪ੍ਰਾਕਸੀ ਜੰਗ ਚਲਾ ਰਹੇ ਹਨ। ਪਾਕਿਸਤਾਨ ਦੇ ਉਪ-ਪ੍ਰਧਾਨ ਮੰਤਰੀ ਇਸ਼ਾਕ ਡਾਰ ਅਤੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਦੇ ਸਲਾਹਕਾਰ ਰਾਣਾ ਸਨਾਉੱਲਾਹ ਭਾਰਤ ਵੱਲੋਂ ਦਰਿਆਈ ਪਾਣੀ ਦੇ ਪ੍ਰਵਾਹ ਨੂੰ ਰੋਕਣ ਦੀ ਸੂਰਤ ਵਿੱਚ ਭਾਰਤੀ ਡੈਮਾਂ ਨੂੰ ਵੀ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਦੇ ਰਹੇ ਹਨ। ਉੱਥੇ ਹੀ ਇਨ੍ਹਾਂ ਗੱਲਾਂ ਤੋਂ ਅਣਜਾਣ ਮੁੱਖ ਮੰਤਰੀ ਭਾਜਪਾ ਤੇ ਬੇਬੁਨਿਆਦ ਦੋਸ਼ ਲਾਉਣ ਵਿੱਚ ਮਸਰੂਫ਼ ਹਨ। ਉਨ੍ਹਾਂ ਕਿਹਾ ਕਿ ਜੇ ਹਰ ਘਟਨਾ ਦੇ ਪਿੱਛੇ
ਭਾਜਪਾ ਹੀ ਹੈ ਤਾਂ ਮੁੱਖ ਮੰਤਰੀ ਇਹ ਵੀ ਸਪਸ਼ਟ ਕਰਨ ਕਿ ਪੰਜਾਬ ਪੁਲਿਸ, ਇੰਟੈਲੀਜੈਂਸ ਅਤੇ ਗ੍ਰਹਿ ਵਿਭਾਗ ਦੀ ਨਾਕਾਮੀ ਦੀ ਜ਼ਿੰਮੇਵਾਰੀ ਕੌਣ ਲਵੇਗਾ, ਕਿਉਂਕਿ ਗ੍ਰਹਿ ਵਿਭਾਗ ਖ਼ੁਦ ਮੁੱਖ ਮੰਤਰੀ ਕੋਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਿਛਲੇ ਕੁਝ ਸਮੇਂ ਤੋਂ ਹਾਈਬ੍ਰਿਡ ਵਾਰ, ਗੈਂਗਸਟਰ-ਆਤੰਕੀ ਗੱਠਜੋੜ, ਡਰੋਨ ਨੈੱਟਵਰਕ ਅਤੇ ਸਰਹੱਦ ਪਾਰ ਤਾਕਤਾਂ ਦੀਆਂ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਸਮੇਂ ਵਿੱਚ ਬਿਨਾਂ ਸਬੂਤ ਰਾਜਨੀਤਿਕ ਬਿਆਨ ਦੇਣਾ ਨਾ ਸਿਰਫ਼ ਅਸਲ ਦੋਸ਼ੀਆਂ ਨੂੰ ਬਚਣ ਦਾ ਮੌਕਾ ਦਿੰਦਾ ਹੈ, ਸਗੋਂ ਸੁਰੱਖਿਆ ਏਜੰਸੀਆਂ ਦੇ ਮਨੋਬਲ ਨੂੰ ਵੀ ਕਮਜ਼ੋਰ ਕਰਦਾ ਹੈ ਅਤੇ ਜਾਂਚ ਨੂੰ ਦਿਸ਼ਾਹੀਣ ਤੇ ਭਟਕਾਉਣ ਦਾ ਸਬੱਬ ਬਣਦਾ ਹੈ। ਇਸ ਤੋਂ ਪਹਿਲਾਂ ਵੀ ਆਤੰਕੀਆਂ ਵੱਲੋਂ ਮੋਹਾਲੀ ਵਿਖੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਅਤੇ ਸਰਹਾਲੀ ਥਾਣੇ ਤੇ ਆਰਪੀਜੀ ਹਮਲੇ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਕਈ ਪੁਲਿਸ ਥਾਣਿਆਂ ਤੇ ਬੰਬ ਹਮਲੇ ਹੋਏ ਅਤੇ ਸਰਹੱਦੀ ਪੁਲਿਸ ਚੌਕੀਆਂ ਤੇ ਤੈਨਾਤ ਪੁਲਿਸ ਕਰਮੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਨੂੰ ਸਿਆਸੀ ਦੋਸ਼ਾਰੋਪਣ ਦੀ ਨਹੀਂ, ਸਖ਼ਤ ਸੁਰੱਖਿਆ ਨੀਤੀ, ਖ਼ੁਫ਼ੀਆ ਤੰਤਰ ਦੀ ਮਜ਼ਬੂਤੀ ਅਤੇ ਰਾਸ਼ਟਰ-ਵਿਰੋਧੀ ਤਾਕਤਾਂ ਖ਼ਿਲਾਫ਼ ਇੱਕਜੁੱਟ ਰਵੱਈਏ ਦੀ ਲੋੜ ਹੈ। ਅਖੀਰ &rsquoਚ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਭਗਵੰਤ ਮਾਨ ਧਮਾਕਿਆਂ &lsquoਤੇ ਸਿਆਸਤ ਕਰਕੇ ਪੰਜਾਬ ਦੀ ਸੁਰੱਖਿਆ ਨਾਲ ਖੇਡ ਰਹੇ ਹਨ । ਆਈਐਸਆਈ ਦੀ ਸਾਜ਼ਿਸ਼ ਛੱਡ ਭਾਜਪਾ ਨੂੰ ਨਿਸ਼ਾਨਾ ਬਣਾਉਣਾ ਮਾਨ ਦੀ ਬੁਖਲਾਹਟ ਦਾ ਸਬੂਤ ਹੈ। ਪੰਜਾਬ ਦੀ ਸੁਰੱਖਿਆ &lsquoਤੇ ਫ਼ੇਲ੍ਹ ਮਾਨ ਸਰਕਾਰ ਹੁਣ ਭਾਜਪਾ &lsquoਤੇ ਝੂਠੇ ਦੋਸ਼ ਮੜ੍ਹ ਰਹੀ ਹੈ । ਧਮਾਕਿਆਂ ਪਿੱਛੇ ਪਾਕਿਸਤਾਨੀ ਸਾਜ਼ਿਸ਼, ਪਰ ਮਾਨ ਨੂੰ ਹਰ ਥਾਂ ਭਾਜਪਾ ਹੀ ਕਿਉਂ ਨਜ਼ਰ ਆ ਰਹੀ ਹੈ? ਸੁਰੱਖਿਆ ਨਾਕਾਮੀਆਂ ਲੁਕਾਉਣ ਲਈ ਭਗਵੰਤ ਮਾਨ ਭਾਜਪਾ ਖ਼ਿਲਾਫ਼ ਝੂਠਾ ਪ੍ਰਚਾਰ ਬੰਦ ਕਰੇ। ਪੰਜਾਬ ਨੂੰ ਹਾਈਬ੍ਰਿਡ ਵਾਰ ਦਾ ਖ਼ਤਰਾ, ਪਰ ਮੁੱਖ ਮੰਤਰੀ ਸਿਆਸੀ ਡਰਾਮੇ ਵਿੱਚ ਮਸਰੂਫ਼ ਹਨ। ਭਗਵੰਤ ਮਾਨ ਭਾਜਪਾ &lsquoਤੇ ਦੋਸ਼ ਮੜ੍ਹਨ ਦੀ ਥਾਂ ਪੰਜਾਬ ਦੀ ਸੁਰੱਖਿਆ &lsquoਤੇ ਗੰਭੀਰ ਹੋਣ।