ਸਊਦੀ ਅਰਬ ਦੇ ਇਨਕਾਰ ਤੋਂ ਬਾਅਦ ਅਮਰੀਕੀ ਕਾਰਵਾਈ ਰੁਕੀ

ਤਲਅਵੀਵ &mdash ਖਾੜੀ ਖੇਤਰ ਵਿੱਚ ਤਣਾਅ ਦੇ ਦਰਮਿਆਨ ਅਮਰੀਕਾ ਵੱਲੋਂ ਹਰਮੁਜ਼ ਜਲ ਮਾਰਗ ਵਿੱਚ ਜਹਾਜ਼ਾਂ ਦੀ ਆਵਾਜਾਈ ਮੁੜ ਸ਼ੁਰੂ ਕਰਨ ਲਈ ਚਲਾਈ ਗਈ ਮੁਹਿੰਮ ਅਚਾਨਕ ਰੋਕ ਦਿੱਤੀ ਗਈ ਹੈ। ਇਹ ਕਦਮ ਉਸ ਵੇਲੇ ਸਾਹਮਣੇ ਆਇਆ ਜਦੋਂ ਸਊਦੀ ਅਰਬ ਨੇ ਅਮਰੀਕੀ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਅਤੇ ਹਵਾਈ ਅੱਡਿਆਂ ਦੀ ਵਰਤੋਂ ਲਈ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਇਸ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ, ਜਿਸਦਾ ਮਕਸਦ ਖਾੜੀ ਵਿੱਚ ਜਹਾਜ਼ਰਾਨੀ ਨੂੰ ਸੁਰੱਖਿਅਤ ਬਣਾਉਣਾ ਸੀ। ਪਰ ਸਹਿਯੋਗੀ ਦੇਸ਼ਾਂ ਦੀ ਅਸਹਿਮਤੀ ਕਾਰਨ ਇਹ ਯੋਜਨਾ ਲੰਬੀ ਨਹੀਂ ਚੱਲ ਸਕੀ।

ਮੀਡੀਆ ਰਿਪੋਰਟਾਂ ਅਨੁਸਾਰ ਸਊਦੀ ਅਰਬ ਦੀ ਨੇਤ੍ਰਤਾ ਇਸ ਫੈਸਲੇ ਨਾਲ ਖੁਸ਼ ਨਹੀਂ ਸੀ ਅਤੇ ਉਸ ਨੇ ਇਸ ਕਾਰਵਾਈ ਵਿੱਚ ਸਿੱਧਾ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਮੁਹੰਮਦ ਬਿਨ ਸਲਮਾਨ ਨਾਲ ਗੱਲਬਾਤ ਵੀ ਹੋਈ, ਪਰ ਕੋਈ ਢੰਗ ਦੀ ਸਹਿਮਤੀ ਨਹੀਂ ਬਣ ਸਕੀ।

ਜਾਣਕਾਰੀ ਮੁਤਾਬਕ ਅਮਰੀਕਾ ਇਸ ਦੌਰਾਨ ਬਹੁਤ ਘੱਟ ਜਹਾਜ਼ਾਂ ਨੂੰ ਹੀ ਹਰਮੁਜ਼ ਰਾਹੀਂ ਲੰਘਾ ਸਕਿਆ, ਜਿਸ ਤੋਂ ਬਾਅਦ ਮੁਹਿੰਮ ਨੂੰ ਰੋਕਣ ਦਾ ਫੈਸਲਾ ਲਿਆ ਗਿਆ। ਇਸ ਘਟਨਾ ਨੇ ਖਾੜੀ ਖੇਤਰ ਵਿੱਚ ਰਾਜਨੀਤਿਕ ਅਤੇ ਸੈਨਿਕ ਸਥਿਤੀ ਨੂੰ ਹੋਰ ਸੰਵੇਦਨਸ਼ੀਲ ਬਣਾ ਦਿੱਤਾ ਹੈ।