ਕੈਨੇਡਾ ਦੇ ਨਵੇਂ ਨਿਯਮਾਂ ਨਾਲ ਪਰਵਾਸੀਆਂ ਨੂੰ ਰਾਹਤ, ਪਰਮਿਟ ਮਗਰੋਂ ਵੀ ਰਹਿਣ ਦਾ ਮੌਕਾ

ਕੈਨੇਡਾ&mdash ਕੈਨੇਡਾ ਵਿੱਚ ਰਹਿ ਰਹੇ ਪਰਵਾਸੀਆਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਦੇਸ਼ ਦੇ ਇਮੀਗ੍ਰੇਸ਼ਨ ਵਿਭਾਗ Immigration, Refugees and Citizenship Canada ਵੱਲੋਂ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ, ਜਿਸ ਨਾਲ ਕੰਮ ਜਾਂ ਪੜ੍ਹਾਈ ਦੇ ਪਰਮਿਟ ਖਤਮ ਹੋਣ ਮਗਰੋਂ ਵੀ ਲੋਕ ਕੁਝ ਸਮੇਂ ਲਈ ਕੈਨੇਡਾ ਵਿੱਚ ਕਾਨੂੰਨੀ ਤੌਰ &rsquoਤੇ ਰਹਿ ਸਕਣਗੇ।
ਨਵੇਂ ਨਿਯਮਾਂ ਅਨੁਸਾਰ, 1 ਮਈ 2026 ਤੋਂ ਜਿਨ੍ਹਾਂ ਵਿਅਕਤੀਆਂ ਦਾ ਵਰਕ ਜਾਂ ਸਟੱਡੀ ਪਰਮਿਟ ਸਮਾਪਤ ਹੋ ਜਾਂਦਾ ਹੈ, ਉਹ 90 ਦਿਨਾਂ ਦੇ ਅੰਦਰ ਵਿਜ਼ਟਰ ਦਰਜੇ ਲਈ ਅਰਜ਼ੀ ਦੇ ਸਕਦੇ ਹਨ। ਇਸ ਨਾਲ ਉਹ ਬਿਨਾਂ ਨੌਕਰੀ ਜਾਂ ਪੜ੍ਹਾਈ ਦੇ ਵੀ ਕੈਨੇਡਾ ਵਿੱਚ ਰਹਿ ਸਕਣਗੇ, ਹਾਲਾਂਕਿ ਇਸ ਦੌਰਾਨ ਉਹਨਾਂ ਨੂੰ ਕੰਮ ਕਰਨ ਜਾਂ ਪੜ੍ਹਾਈ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਇਸ ਸਹੂਲਤ ਲਈ ਨਿਰਧਾਰਤ ਫੀਸ ਜਮ੍ਹਾ ਕਰਵਾਉਣੀ ਪਵੇਗੀ ਅਤੇ ਨਵੀਂ ਅਰਜ਼ੀ ਮਨਜ਼ੂਰ ਹੋਣ ਤੱਕ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਪਹਿਲਾਂ ਅਜਿਹੀ ਸਥਿਤੀ ਵਿੱਚ ਵਿਅਕਤੀਆਂ ਨੂੰ ਆਪਣੇ ਦੇਸ਼ ਵਾਪਸ ਜਾਣਾ ਪੈਂਦਾ ਸੀ ਜਾਂ ਫਿਰ ਉਸੇ ਸ਼੍ਰੇਣੀ ਵਿੱਚ ਆਪਣਾ ਦਰਜਾ ਮੁੜ ਬਹਾਲ ਕਰਵਾਉਣਾ ਪੈਂਦਾ ਸੀ।
ਇਸ ਫੈਸਲੇ ਨਾਲ ਖ਼ਾਸ ਤੌਰ &rsquoਤੇ ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ ਤੋਂ ਕੈਨੇਡਾ ਗਏ ਹਜ਼ਾਰਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਜੋ ਨੌਕਰੀ ਜਾਂ ਪੜ੍ਹਾਈ ਦੇ ਵਿਚਕਾਰਲੇ ਸਮੇਂ ਵਿੱਚ ਅਣਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਸਨ।
ਇਸ ਦੇ ਨਾਲ ਹੀ ਕੈਨੇਡੀਅਨ ਸਰਕਾਰ ਵੱਲੋਂ ਦੇਸ਼ ਵਿੱਚ ਕੰਮ ਕਰ ਰਹੇ ਕਈ ਵਿਦੇਸ਼ੀ ਮਜ਼ਦੂਰਾਂ ਨੂੰ ਸਥਾਈ ਨਿਵਾਸ ਦੇਣ ਦੀ ਯੋਜਨਾ ਵੀ ਚੱਲ ਰਹੀ ਹੈ, ਜਿਸ ਤਹਿਤ ਹਜ਼ਾਰਾਂ ਲੋਕਾਂ ਨੂੰ ਭਵਿੱਖ ਵਿੱਚ ਪੱਕਾ ਦਰਜਾ ਮਿਲ ਸਕਦਾ ਹੈ। ਇਹ ਕਦਮ ਕੈਨੇਡਾ ਵਿੱਚ ਮਜ਼ਦੂਰੀ ਦੀ ਘਾਟ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।