ਕਾਂਗਰਸ ਨੇ ਹਮਾਇਤ ਦਿੱਤੀ, ਵਿਜੈ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼

ਟੀ ਵੀ ਕੇ ਮੁਖੀ ਵਿਜੈ ਵੀਰਵਾਰ ਨੂੰ ਤਾਮਿਲ ਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈ ਸਕਦੇ ਹਨ। ਉਨ੍ਹਾਂ ਅੱਜ ਸੂਬੇ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਜਪਾਲ ਹਾਲੇ ਵਿਜੈ ਦੀ ਪਾਰਟੀ ਨੂੰ ਹਮਾਇਤ ਮਿਲਣ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਨ੍ਹਾਂ ਸਰਕਾਰ ਬਣਾਉਣ ਦਾ ਸੱਦਾ ਨਹੀਂ ਦਿੱਤਾ ਹੈ। ਉੱਧਰ, ਕਾਂਗਰਸ ਨੇ ਟੀ ਵੀ ਕੇ ਨੂੰ ਹਮਾਇਤ ਦਿੰਦਿਆਂ ਸਰਕਾਰ &rsquoਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਉਂਝ, ਕਾਂਗਰਸ ਨੇ ਸ਼ਰਤ ਰੱਖੀ ਹੈ ਕਿ ਟੀ ਵੀ ਕੇ ਫ਼ਿਰਕੂ ਤਾਕਤਾਂ ਨਾਲ ਗੱਠਜੋੜ ਨਹੀਂ ਕਰੇਗੀ। ਵਿਜੈ ਦੀ ਪਾਰਟੀ, ਵੀ ਸੀ ਕੇ ਅਤੇ ਸੀ ਪੀ ਆਈ ਤੇ ਸੀ ਪੀ ਐੱਮ ਤੋਂ ਵੀ ਹਮਾਇਤ ਲੈਣ ਦੀ ਇੱਛੁਕ ਹੈ ਪਰ ਖੱਬੇ ਪੱਖੀ ਪਾਰਟੀਆਂ ਤੇ ਆਈ ਯੂ ਐੱਮ ਐੱਲ ਨੇ ਹਮਾਇਤ ਦੇਣ ਤੋਂ ਇਨਕਾਰ ਕਰ ਦਿੱਤਾ। ਤਿੰਨੋਂ ਪਾਰਟੀਆਂ ਦੇ ਵਿਧਾਇਕਾਂ ਨੇ ਡੀ ਐੱਮ ਕੇ ਨਾਲੋਂ ਨਾਤਾ ਤੋੜਨ ਤੋਂ ਇਨਕਾਰ ਕਰ ਦਿੱਤਾ। ਵੀ ਸੀ ਕੇ ਵੱਲੋਂ ਹਮਾਇਤ ਦੇਣ ਬਾਰੇ ਭਲਕੇ ਫ਼ੈਸਲਾ ਲਿਆ ਜਾਵੇਗਾ। ਅੰਨਾ ਡੀ ਐੱਮ ਕੇ ਨੇ ਵੀ ਕਿਹਾ ਕਿ ਉਹ ਵਿਜੈ ਦੀ ਅਗਵਾਈ ਹੇਠਲੀ ਬਣਨ ਵਾਲੀ ਟੀ ਵੀ ਕੇ ਸਰਕਾਰ ਨੂੰ ਹਮਾਇਤ ਨਹੀਂ ਦੇਵੇਗੀ।

ਦੋ ਦਿਨ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ &rsquoਚ ਟੀ ਵੀ ਕੇ 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ ਅਤੇ ਉਸ ਨੂੰ ਆਮ ਬਹੁਮਤ ਲਈ 10 ਹੋਰ ਸੀਟਾਂ ਦੀ ਲੋੜ ਹੈ। ਚੋਣਾਂ &rsquoਚ ਡੀ ਐੱਮ ਕੇ ਨੇ 59, ਅੰਨਾ ਡੀ ਐੱਮ ਕੇ ਨੇ 47, ਕਾਂਗਰਸ ਨੇ 5, ਪੀ ਐੱਮ ਕੇ ਨੇ 5, ਆਈ ਯੂ ਐੱਮ ਐੱਲ, ਸੀ ਪੀ ਆਈ, ਵੀ ਸੀ ਕੇ ਤੇ ਸੀ ਪੀ ਐੱਮ ਨੇ 2-2 ਅਤੇ ਭਾਜਪਾ, ਡੀ ਐੱਮ ਡੀ ਕੇ ਤੇ ਏ ਐੱਮ ਐੱਮ ਕੇ ਨੇ 1-1 ਸੀਟ ਜਿੱਤੀ ਹੈ।