ਦਿੱਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਰੋਕਿਆ, 41 ਤੋਂ ਵੱਧ ਪ੍ਰਦਰਸ਼ਨਕਾਰੀ ਹਿਰਾਸਤ ਵਿੱਚ

ਨਵੀਂ ਦਿੱਲੀ &mdash ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਰਾਜਧਾਨੀ ਵਿੱਚ ਹੋ ਰਹੇ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਮੁਤਾਬਕ ਕਰੀਬ 41 ਤੋਂ ਵੱਧ ਸਿੰਘਾਂ ਨੂੰ ਕਾਬੂ ਕੀਤਾ ਗਿਆ, ਜਦਕਿ ਕੁੱਲ 101 ਸਿੰਘਾਂ ਦਾ ਜਥਾ ਰੋਸ ਮਾਰਚ ਲਈ ਪਹੁੰਚਿਆ ਸੀ।

ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਦੀ ਅਗਵਾਈ ਹੇਠ ਇਹ ਜਥਾ ਗੁਰਦੁਆਰਾ ਬੰਗਲਾ ਸਾਹਿਬ ਤੋਂ ਸੰਸਦ ਵੱਲ ਸ਼ਾਂਤਮਈ ਮਾਰਚ ਕਰ ਰਿਹਾ ਸੀ। ਪ੍ਰਦਰਸ਼ਨਕਾਰੀਆਂ ਦਾ ਮਨਸੂਬਾ ਜੰਤਰ-ਮੰਤਰ ਵਿੱਚ ਧਰਨਾ ਦੇ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀ ਆਵਾਜ਼ ਉਠਾਉਣਾ ਸੀ।

ਪੁਲਿਸ ਨੇ ਮਾਰਚ ਨੂੰ ਵਿਚਕਾਰ ਹੀ ਰੋਕਦਿਆਂ ਕਈ ਪ੍ਰਦਰਸ਼ਨਕਾਰੀਆਂ ਨੂੰ ਬੱਸਾਂ ਵਿੱਚ ਬਿਠਾ ਕੇ ਹਿਰਾਸਤ ਵਿੱਚ ਲੈ ਲਿਆ। ਕੁਝ ਪ੍ਰਦਰਸ਼ਨਕਾਰੀ ਗਲ੍ਹਾਂ ਵਿੱਚ ਬੇੜੀਆਂ ਪਾ ਕੇ ਪ੍ਰਤੀਕਾਤਮਕ ਵਿਰੋਧ ਕਰ ਰਹੇ ਸਨ, ਜਿਸ ਨਾਲ ਮਾਹੌਲ ਹੋਰ ਭਾਵੁਕ ਬਣ ਗਿਆ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਨਾਂ ਇਜਾਜ਼ਤ ਮਾਰਚ ਕਰਨ ਕਾਰਨ ਇਹ ਕਾਰਵਾਈ ਕੀਤੀ ਗਈ, ਜਦਕਿ ਮੋਰਚੇ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਸੀ ਅਤੇ ਉਹ ਸਿਰਫ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਸਨ।

ਇਸ ਘਟਨਾ ਤੋਂ ਬਾਅਦ ਦਿੱਲੀ ਵਿੱਚ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ ਅਤੇ ਹਾਲਾਤਾਂ &rsquoਤੇ ਨਜ਼ਰ ਰੱਖੀ ਜਾ ਰਹੀ ਹੈ।