ਸੋਸ਼ਲ ਮੀਡੀਆ ਰਾਹੀਂ ਨਸ਼ਾ ਤਸਕਰ ਗਿਰੋਹਾਂ ਦੇ ਜਾਲ ’ਚ ਫਸ ਰਹੇ ਛੋਟੀ ਉਮਰ ਦੇ ਬੱਚੇ

 ਲੈਸਟਰ (ਇੰਗਲੈਂਡ), 7 ਮਈ (ਸੁਖਜਿੰਦਰ ਸਿੰਘ ਢੱਡੇ)- ਬ੍ਰਿਟੇਨ ਵਿਚ ਨਸ਼ਾ ਤਸਕਰੀ ਨਾਲ ਜੁੜੇ ਗਿਰੋਹਾਂ ਵੱਲੋਂ ਹੁਣ ਛੋਟੀ ਉਮਰ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਚਿੰਤਾ ਦਾ ਕਾਰਨ ਬਣਦੇ ਜਾ ਰਹੇ ਹਨ। ਇਕ ਤਾਜ਼ਾ ਜਾਂਚ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ 7 ਸਾਲ ਤੱਕ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ, ਆਨਲਾਈਨ ਖੇਡਾਂ ਅਤੇ ਮੋਬਾਈਲ ਐਪਾਂ ਰਾਹੀਂ ਫਸਾ ਕੇ ਨਸ਼ਾ ਪਹੁੰਚਾਉਣ ਅਤੇ ਹੋਰ ਗੈਰਕਾਨੂੰਨੀ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਸਿੱਖਿਆ ਮਾਹਿਰਾਂ, ਸਮਾਜ ਸੇਵਕਾਂ ਅਤੇ ਪੁਲਿਸ ਅਧਿਕਾਰੀਆਂ ਨੇ ਇਸ ਰੁਝਾਨ ਨੂੰ ਬਹੁਤ ਖ਼ਤਰਨਾਕ ਦੱਸਿਆ ਹੈ।
ਇੰਗਲੈਂਡ ਦੇ ਸਮਰਸੈੱਟ ਇਲਾਕੇ ਦੇ ਬ੍ਰਿਜਵਾਟਰ ਸ਼ਹਿਰ ਵਿਚ ਸਕੂਲਾਂ ਨੂੰ ਇਸ ਵਧ ਰਹੇ ਖ਼ਤਰੇ ਕਾਰਨ ਵਿਸ਼ੇਸ਼ ਜਾਗਰੂਕਤਾ ਕਲਾਸਾਂ ਲਗਾਉਣੀਆਂ ਪਈਆਂ ਹਨ। ਇਕ ਸਕੂਲ ਵਿਚ ਬੱਚਿਆਂ ਨੂੰ ਇਹ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਚਾਕਲੇਟ ਵਾਲੇ ਅੰਡਿਆਂ, ਖਿਡੌਣਿਆਂ ਅਤੇ ਹੋਰ ਆਮ ਵਰਤੋਂ ਵਾਲੀਆਂ ਚੀਜ਼ਾਂ ਵਿਚ ਨਸ਼ੀਲੇ ਪਦਾਰਥ ਲੁਕਾ ਕੇ ਇਕ ਥਾਂ ਤੋਂ ਦੂਜੀ ਥਾਂ ਭੇਜੇ ਜਾਂਦੇ ਹਨ। ਸਕੂਲ ਮੁਖੀ ਨੇ ਦੱਸਿਆ ਕਿ ਪਹਿਲਾਂ ਇਹ ਸਮੱਸਿਆ ਵੱਡੀ ਉਮਰ ਦੇ ਬੱਚਿਆਂ ਤੱਕ ਸੀਮਿਤ ਮੰਨੀ ਜਾਂਦੀ ਸੀ, ਪਰ ਹੁਣ 5 ਤੋਂ 7 ਸਾਲ ਦੀ ਉਮਰ ਦੇ ਬੱਚੇ ਵੀ ਇਸ ਜਾਲ ਵਿਚ ਫਸ ਰਹੇ ਹਨ। ਕਈ ਬੱਚਿਆਂ ਨੂੰ ਤਾਂ ਇਹ ਤੱਕ ਪਤਾ ਨਹੀਂ ਹੁੰਦਾ ਕਿ ਉਹ ਗੈਰਕਾਨੂੰਨੀ ਕੰਮ ਕਰ ਰਹੇ ਹਨ।
ਇਸ ਮਾਮਲੇ ਵਿਚ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਗਿਰੋਹ ਬੱਚਿਆਂ ਨੂੰ &ldquoਆਸਾਨ ਪੈਸਾ&rdquo ਕਮਾਉਣ ਦਾ ਲਾਲਚ ਦੇ ਕੇ ਆਪਣੇ ਨਾਲ ਜੋੜਦੇ ਹਨ। ਬੱਚਿਆਂ ਨੂੰ ਪਹਿਲਾਂ ਛੋਟੇ-ਮੋਟੇ ਕੰਮ ਦਿੱਤੇ ਜਾਂਦੇ ਹਨ ਅਤੇ ਬਾਅਦ ਵਿਚ ਹੌਲੀ-ਹੌਲੀ ਨਸ਼ਾ ਪਹੁੰਚਾਉਣ, ਸੁਨੇਹੇ ਲਿਜਾਣ ਜਾਂ ਹੋਰ ਖ਼ਤਰਨਾਕ ਕੰਮਾਂ ਵਿਚ ਧੱਕ ਦਿੱਤਾ ਜਾਂਦਾ ਹੈ।
ਨਸ਼ਾ ਗਿਰੋਹਾਂ ਦੇ ਚੰਗਲ ਤੋਂ ਬਚੇ ਇਕ ਨੌਜਵਾਨ ਨੇ ਦੱਸਿਆ ਕਿ ਉਸ ਨੂੰ 9 ਸਾਲ ਦੀ ਉਮਰ ਵਿਚ ਹੀ ਇਸ ਧੰਦੇ ਵਿਚ ਫਸਾ ਲਿਆ ਗਿਆ ਸੀ। ਉਸ ਨੇ ਕਿਹਾ ਕਿ ਬੱਚਿਆਂ ਨੂੰ ਹੌਲੀ-ਹੌਲੀ ਗਿਰੋਹਾਂ ਦੇ ਕਾਬੂ ਹੇਠ ਲਿਆਂਦਾ ਜਾਂਦਾ ਹੈ ਅਤੇ ਉਨ੍ਹਾਂ ਨੂੰ &ldquoਛੋਟੇ ਸਿਪਾਹੀਆਂ&rdquo ਵਾਂਗ ਵਰਤਿਆ ਜਾਂਦਾ ਹੈ। ਉਸ ਦੇ ਅਨੁਸਾਰ ਬੱਚਿਆਂ ਨੂੰ ਨਸ਼ਿਆਂ ਦੀ ਪਛਾਣ ਰੰਗਾਂ ਰਾਹੀਂ ਕਰਵਾਈ ਜਾਂਦੀ ਸੀ ਤਾਂ ਜੋ ਉਹ ਆਸਾਨੀ ਨਾਲ ਇਹ ਸਮਝ ਸਕਣ ਕਿ ਕਿਹੜਾ ਪਦਾਰਥ ਕਿਹੜਾ ਹੈ। ਉਸ ਨੇ ਇਹ ਵੀ ਦੱਸਿਆ ਕਿ ਬਚਪਨ ਵਿਚ ਹੀ ਉਸ ਨੂੰ ਹਿੰਸਾ, ਧਮਕੀਆਂ ਅਤੇ ਹਥਿਆਰਾਂ ਨਾਲ ਜਾਣੂ ਕਰਵਾ ਦਿੱਤਾ ਗਿਆ ਸੀ।
ਸਮਾਜ ਸੇਵਕਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਅਨੁਸਾਰ ਸੋਸ਼ਲ ਮੀਡੀਆ ਇਸ ਸਮੱਸਿਆ ਨੂੰ ਹੋਰ ਵਧਾ ਰਹੀ ਹੈ। Snapchat, TikTok ਅਤੇ Roblox ਵਰਗੇ ਮੰਚਾਂ ਰਾਹੀਂ ਗਿਰੋਹ ਬੱਚਿਆਂ ਤੱਕ ਪਹੁੰਚ ਬਣਾਉਂਦੇ ਹਨ। &ldquoਝਟ ਪੈਸਾ ਕਮਾਓ&rdquo ਜਾਂ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਦਿਖਾਉਣ ਵਾਲੀਆਂ ਵੀਡੀਓਆਂ ਰਾਹੀਂ ਬੱਚਿਆਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ। ਕੁਝ ਐਪਾਂ ਵਿਚ ਮੌਜੂਦ ਥਾਂ ਦੱਸਣ ਵਾਲੀਆਂ ਸਹੂਲਤਾਂ ਕਾਰਨ ਗਿਰੋਹਾਂ ਲਈ ਬੱਚਿਆਂ ਤੱਕ ਪਹੁੰਚਣਾ ਹੋਰ ਵੀ ਆਸਾਨ ਹੋ ਗਿਆ ਹੈ।
ਬੱਚਿਆਂ ਨਾਲ ਕੰਮ ਕਰਨ ਵਾਲੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਸ਼ਾ ਤਸਕਰ ਗਿਰੋਹ ਹੁਣ ਸਕੂਲਾਂ ਦੇ ਬਾਹਰ ਹੀ ਨਹੀਂ, ਸਗੋਂ ਮੋਬਾਈਲ ਫੋਨਾਂ ਅਤੇ ਆਨਲਾਈਨ ਖੇਡਾਂ ਰਾਹੀਂ ਵੀ ਬੱਚਿਆਂ ਤੱਕ ਪਹੁੰਚ ਰਹੇ ਹਨ। ਉਹ ਪਹਿਲਾਂ ਦੋਸਤੀ ਬਣਾਉਂਦੇ ਹਨ, ਫਿਰ ਤੋਹਫ਼ੇ ਜਾਂ ਪੈਸੇ ਦੇ ਕੇ ਬੱਚਿਆਂ ਨੂੰ ਆਪਣੇ ਪ੍ਰਭਾਵ ਹੇਠ ਲਿਆਉਂਦੇ ਹਨ।
ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਸਮੱਸਿਆ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਹਾਲੀਆ ਕਾਰਵਾਈ ਦੌਰਾਨ ਹਜ਼ਾਰਾਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਅਤੇ ਸੈਂਕੜੇ ਬੱਚਿਆਂ ਨੂੰ ਸੁਰੱਖਿਆ ਹੇਠ ਲਿਆ ਗਿਆ। ਪੁਲਿਸ ਨੇ ਮਾਪਿਆਂ ਨੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਮਾਹਿਰਾਂ ਅਨੁਸਾਰ ਜੇ ਬੱਚਿਆਂ ਕੋਲ ਅਚਾਨਕ ਵੱਧ ਪੈਸੇ ਆਉਣ, ਕਈ ਮੋਬਾਈਲ ਫੋਨ ਹੋਣ, ਜਾਂ ਉਹ ਘਰੋਂ ਬਿਨਾਂ ਦੱਸੇ ਲੰਮੇ ਸਮੇਂ ਲਈ ਗਾਇਬ ਰਹਿਣ, ਤਾਂ ਇਹ ਚਿੰਤਾ ਵਾਲੀ ਗੱਲ ਹੋ ਸਕਦੀ ਹੈ।
ਸਮਾਜ ਸੇਵਕਾਂ ਨੇ ਕਿਹਾ ਹੈ ਕਿ ਇਸ ਵਧਦੇ ਖ਼ਤਰੇ ਨਾਲ ਨਜਿੱਠਣ ਲਈ ਸਿਰਫ਼ ਪੁਲਿਸ ਕਾਰਵਾਈ ਹੀ ਨਹੀਂ, ਸਗੋਂ ਸਕੂਲਾਂ, ਮਾਪਿਆਂ ਅਤੇ ਸਮਾਜਕ ਸੰਸਥਾਵਾਂ ਨੂੰ ਵੀ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ ਤਾਂ ਜੋ ਬੱਚਿਆਂ ਨੂੰ ਇਸ ਜਾਲ ਵਿਚ ਫਸਣ ਤੋਂ ਬਚਾਇਆ ਜਾ ਸਕੇ।