ਇੰਗਲੈਂਡ ਵਿਚ ਡਿਜੀਟਲ ਦਹਿਸ਼ਤ: ਬੱਚਿਆਂ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਸਰਗਰਮ

*ਹਜ਼ਾਰਾਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਖ਼ੁਲਾਸਾ!
*ਕੀ ਪੁਲਿਸ ਅਤੇ ਪ੍ਰਸ਼ਾਸਨ ਨੇ ਜਾਣਬੁੱਝ ਕੇ ਫੇਰੀ ਅੱਖ?
ਅਜੋਕੇ ਦੌਰ ਵਿੱਚ ਜਿੱਥੇ ਤਕਨਾਲੋਜੀ ਨੇ ਸਾਡੀ ਜ਼ਿੰਦਗੀ ਨੂੰ ਸੁਖਾਲਾ ਬਣਾਇਆ ਹੈ, ਉੱਥੇ ਹੀ ਇਸ ਨੇ ਅਪਰਾਧ ਦੇ ਅਜਿਹੇ ਭਿਆਨਕ ਰੂਪਾਂ ਨੂੰ ਵੀ ਜਨਮ ਦਿੱਤਾ ਹੈ, ਜਿਨ੍ਹਾਂ ਦੀ ਕਲਪਨਾ ਕਰਨਾ ਵੀ ਰੂਹ ਕੰਬਾਊ ਹੈ। ਪਿਛਲੇ ਕੁਝ ਦਿਨਾਂ ਵਿੱਚ ਬਰਤਾਨੀਆ ਤੋਂ ਆਈਆਂ ਦੋ ਅਹਿਮ ਖ਼ਬਰਾਂ&mdash'ਗਰੂਮਿੰਗ ਗੈਂਗਸ' ਦੀ ਰਾਸ਼ਟਰੀ ਜਾਂਚ ਅਤੇ ਸਕੂਲੀ ਬੱਚਿਆਂ ਦੀਆਂ ਫੋਟੋਆਂ ਨੂੰ 'ਆਰਟੀਫੀਸ਼ੀਅਲ ਇੰਟੈਲੀਜੈਂਸ' ਰਾਹੀਂ ਵਿਗਾੜ ਕੇ ਬਲੈਕਮੇਲ ਕਰਨ ਦੇ ਮਾਮਲੇ&mdashਪੂਰੀ ਦੁਨੀਆ ਦੇ ਮਾਪਿਆਂ ਅਤੇ ਪ੍ਰਸ਼ਾਸਨ ਲਈ ਇੱਕ ਗੰਭੀਰ ਚੇਤਾਵਨੀ ਹਨ।ਇੰਟਰਨੈੱਟ ਵਾਚ ਫਾਊਂਡੇਸ਼ਨ ਬ੍ਰਿਟੇਨ ਦੀ ਇੱਕ ਮੁੱਖ ਸੰਸਥਾ ਹੈ ਜੋ ਇੰਟਰਨੈੱਟ 'ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀ ਸਮੱਗਰੀ ਦੀ ਨਿਗਰਾਨੀ ਕਰਦੀ ਹੈ। ਇਸ ਸੰਸਥਾ ਨੇ ਸਭ ਤੋਂ ਪਹਿਲਾਂ ਚੇਤਾਵਨੀ ਦਿੱਤੀ ਕਿ ਅਪਰਾਧੀ ਏਆਈ ਦੀ ਵਰਤੋਂ ਕਰਕੇ ਸਕੂਲਾਂ ਦੀਆਂ ਵੈੱਬਸਾਈਟਾਂ ਤੋਂ ਫੋਟੋਆਂ ਚੋਰੀ ਕਰ ਰਹੇ ਹਨ ਤੇ ਏਆਈ ਟੂਲਸ ਦੀ ਮਦਦ ਨਾਲ ਉਨ੍ਹਾਂ ਨੂੰ ਅਸ਼ਲੀਲ ਤਸਵੀਰਾਂ ਵਿੱਚ ਬਦਲ ਰਹੇ ਹਨ। ਇਸ ਤੋਂ ਬਾਅਦ 'ਸੈਕਸਟੌਰਸ਼ਨ' ਯਾਨੀ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸਿਆਂ ਦੀ ਉਗਰਾਹੀ ਕੀਤੀ ਜਾਂਦੀ ਹੈ। ਇਹ ਸਿਰਫ਼ ਆਰਥਿਕ ਅਪਰਾਧ ਨਹੀਂ ਹੈ, ਸਗੋਂ ਇਹ ਇੱਕ ਬੱਚੇ ਦੇ ਮਾਨਸਿਕ ਸੰਤੁਲਨ ਅਤੇ ਉਸ ਦੇ ਭਵਿੱਖ ਨੂੰ ਤਬਾਹ ਕਰਨ ਵਾਲਾ ਹਮਲਾ ਹੈ।
ਨੈਸ਼ਨਲ ਕ੍ਰਾਈਮ ਏਜੰਸੀ ਨੇ ਪੁਸ਼ਟੀ ਕੀਤੀ ਕਿ ਇਹ ਇੱਕ ਸੰਗਠਿਤ ਅਪਰਾਧ ਹੈ ਅਤੇ ਅਪਰਾਧੀ ਗਿਰੋਹ (ਖਾਸ ਕਰਕੇ ਪੱਛਮੀ ਅਫਰੀਕਾ ਅਤੇ ਨਾਈਜੀਰੀਆ ਤੋਂ) ਸਕੂਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਬਰਤਾਨੀਆ ਦੇ ਮਾਹਿਰਾਂ ਅਤੇ ਨੈਸ਼ਨਲ ਕ੍ਰਾਈਮ ਏਜੰਸੀ ਨੇ ਸਕੂਲਾਂ ਨੂੰ ਇੱਕ ਨਵੀਂ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਆਪਣੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਖਾਤਿਆਂ ਤੋਂ ਬੱਚਿਆਂ ਦੀਆਂ ਸਾਫ਼ ਦਿਖਣ ਵਾਲੀਆਂ ਫੋਟੋਆਂ ਹਟਾ ਦੇਣ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਪਰਾਧੀ ਇਨ੍ਹਾਂ ਫੋਟੋਆਂ ਦੀ ਦੁਰਵਰਤੋਂ ਕਰਕੇ ਬੱਚਿਆਂ ਨੂੰ ਬਲੈਕਮੇਲ ਕਰ ਰਹੇ ਹਨ।
ਰੌਬੀ ਮੂਰ (ਐਮ.ਪੀ.) ਕੰਜ਼ਰਵੇਟਿਵ ਪਾਰਟੀ ਨੇ ਬਰੈਡਫੋਰਡ ਸ਼ਹਿਰ ਬਾਰੇ ਇੱਕ ਵੱਡਾ 'ਡੋਜ਼ੀਅਰ' (ਦਸਤਾਵੇਜ਼) ਪੇਸ਼ ਕੀਤਾ, ਜਿਸ ਵਿੱਚ 1996 ਤੋਂ 2025 ਤੱਕ ਲਗਭਗ 8,000 ਬੱਚਿਆਂ ਦੇ ਸ਼ੋਸ਼ਣ ਦੇ ਖ਼ਤਰੇ ਵਿੱਚ ਹੋਣ ਦਾ ਦਾਅਵਾ ਕੀਤਾ ਗਿਆ।
ਦਾ ਗਾਰਡੀਅਨ ਯੂਕੇ ਦੀ ਅਖ਼ਬਾਰ ਅਨੁਸਾਰ ਪਹਿਲਾ ਮਾਮਲਾ 'ਗਰੂਮਿੰਗ ਗੈਂਗਸ' ਨਾਲ ਸਬੰਧਤ ਹੈ, ਜਿਸ ਵਿੱਚ ਇਹ ਸਾਹਮਣੇ ਆਇਆ ਹੈ ਕਿ ਕਿਵੇਂ ਸੰਗਠਿਤ ਗਿਰੋਹਾਂ ਨੇ ਸਾਲਾਂ ਬੱਧੀ ਹਜ਼ਾਰਾਂ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਵੀ ਵੱਧ ਅਫ਼ਸੋਸਨਾਕ ਗੱਲ ਇਹ ਹੈ ਕਿ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵਰਗੀਆਂ ਸੰਸਥਾਵਾਂ ਨੇ ਸ਼ਾਇਦ ਇਨ੍ਹਾਂ ਮਾਮਲਿਆਂ ਨੂੰ ਦਬਾਉਣ ਜਾਂ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕੀਤੀ। ਦੋਸ਼ ਲੱਗ ਰਹੇ ਹਨ ਕਿ ਅਧਿਕਾਰੀ 'ਸਿਆਸੀ ਸ਼ਿਸ਼ਟਾਚਾਰ' ਜਾਂ ਆਪਣੀ ਸਾਖ ਬਚਾਉਣ ਦੇ ਚੱਕਰ ਵਿੱਚ ਕਾਰਵਾਈ ਕਰਨ ਤੋਂ ਡਰਦੇ ਰਹੇ।
ਸੰਸਥਾਗਤ ਨਾਕਾਮੀ: ਤਿੰਨ ਸਾਲਾ ਰਾਸ਼ਟਰੀ ਜਾਂਚ ਇਸੇ ਗੱਲ 'ਤੇ ਕੇਂਦਰਿਤ ਹੈ ਕਿ ਕਿਵੇਂ 'ਗਰੂਮਿੰਗ ਗੈਂਗਸ' ਸਾਲਾਂ ਬੱਧੀ ਖੁੱਲ੍ਹੇਆਮ ਘੁੰਮਦੇ ਰਹੇ ਜਦਕਿ ਪੀੜਤ ਬੱਚਿਆਂ ਦੀਆਂ ਸ਼ਿਕਾਇਤਾਂ ਨੂੰ ਅਕਸਰ ਝੂਠਾ ਜਾਂ ਗੈਰ-ਜ਼ਰੂਰੀ ਕਹਿ ਕੇ ਖਾਰਜ ਕਰ ਦਿੱਤਾ ਗਿਆ।
ਸੁਰੱਖਿਆ ਮੰਤਰੀ ਜੇਸ ਫਿਲਿਪਸ ਨੇ ਖ਼ੁਦ ਮੰਨਿਆ ਹੈ ਕਿ ਬਰਮਿੰਘਮ ਅਤੇ ਬਰੈਡਫੋਰਡ ਵਰਗੇ ਸ਼ਹਿਰਾਂ ਵਿੱਚ ਮਾਮਲੇ ਦਬਾਉਣ ਦੇ ਦੋਸ਼ਾਂ ਦੀ ਡੂੰਘੀ ਜਾਂਚ ਹੋਣੀ ਚਾਹੀਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਸੱਭਿਅਕ ਸਮਾਜ ਲਈ ਇਸ ਤੋਂ ਵੱਡੀ ਨਾਕਾਮੀ ਹੋਰ ਕੀ ਹੋ ਸਕਦੀ ਹੈ ਕਿ ਉਸ ਦੇ ਬੱਚੇ ਆਪਣੇ ਹੀ ਸਿਸਟਮ ਦੇ ਹੁੰਦਿਆਂ ਸੁਰੱਖਿਅਤ ਨਾ ਰਹਿਣ। ਬਰਤਾਨੀਆ ਸਰਕਾਰ ਵੱਲੋਂ ਇਸ ਦੀ ਤਿੰਨ ਸਾਲਾ ਕਾਨੂੰਨੀ ਜਾਂਚ ਦਾ ਫੈਸਲਾ ਦੇਰੀ ਨਾਲ ਲਿਆ ਗਿਆ ਪਰ ਇੱਕ ਜ਼ਰੂਰੀ ਕਦਮ ਹੈ।
ਬਰਤਾਨੀਆ ਦੇ ਮਾਹਿਰਾਂ ਵੱਲੋਂ ਸਕੂਲਾਂ ਨੂੰ ਬੱਚਿਆਂ ਦੀਆਂ ਸਾਫ਼ ਫੋਟੋਆਂ ਵੈੱਬਸਾਈਟਾਂ ਤੋਂ ਹਟਾਉਣ ਦੀ ਦਿੱਤੀ ਗਈ ਸਲਾਹ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਕੀ ਅਸੀਂ ਆਪਣੀ 'ਆਨਲਾਈਨ ਦਿੱਖ' ਦੇ ਚੱਕਰ ਵਿੱਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਦਾਅ 'ਤੇ ਲਾ ਰਹੇ ਹਾਂ?
ਮਾਹਿਰਾਂ ਅਨੁਸਾਰ ਸਕੂਲ ਅਜਿਹੀਆਂ ਫੋਟੋਆਂ ਦੀ ਵਰਤੋਂ ਕਰਨ ਜਿਨ੍ਹਾਂ ਵਿੱਚ ਬੱਚਿਆਂ ਦੇ ਚਿਹਰੇ ਸਪੱਸ਼ਟ ਨਾ ਹੋਣ ।
ਫੋਟੋਆਂ ਦੇ ਨਾਲ ਬੱਚਿਆਂ ਦੇ ਪੂਰੇ ਨਾਮ ਨਾ ਲਿਖੇ ਜਾਣ।
ਸੋਸ਼ਲ ਮੀਡੀਆ ਪ੍ਰੋਫਾਈਲਾਂ 'ਤੇ ਸਖ਼ਤ ਪ੍ਰਾਈਵੇਸੀ ਸੈਟਿੰਗਾਂ ਲਗਾਈਆਂ ਜਾਣ।ਇਹ ਸਿਰਫ਼ ਸਰਕਾਰਾਂ ਜਾਂ ਸਕੂਲਾਂ ਦੀ ਜ਼ਿੰਮੇਵਾਰੀ ਨਹੀਂ ਹੈ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨਾਲ ਸੰਵਾਦ ਵਧਾਉਣਾ ਹੋਵੇਗਾ ਤਾਂ ਜੋ ਕੋਈ ਵੀ ਅਪਰਾਧੀ ਉਨ੍ਹਾਂ ਨੂੰ ਆਪਣਾ ਸ਼ਿਕਾਰ ਨਾ ਬਣਾ ਸਕੇ।
ਸੁਰੱਖਿਆ ਮੰਤਰੀ ਜੇਸ ਫਿਲਿਪਸ ਨੇ ਇਸ ਨੂੰ ਇੱਕ "ਗੰਭੀਰ ਅਤੇ ਉੱਭਰ ਰਿਹਾ ਖ਼ਤਰਾ" ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਏਆਈI ਮਾਡਲਾਂ ਰਾਹੀਂ ਅਜਿਹੀਆਂ ਗੈਰ-ਕਾਨੂੰਨੀ ਤਸਵੀਰਾਂ ਬਣਾਉਣ ਵਾਲਿਆਂ ਵਿਰੁੱਧ ਕਾਨੂੰਨ ਹੋਰ ਸਖ਼ਤ ਕਰੇਗੀ।ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ, ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਅਤੇ ਅਸਲ ਤਸਵੀਰਾਂ ਨੂੰ ਵੈੱਬਸਾਈਟ ਤੋਂ ਹਟਾ ਦਿੱਤਾ ਜਾਵੇ।
ਗਰੂਮਿੰਗ ਗੈਂਗਸ ਇਨਕੁਆਰੀ: ਬ੍ਰਿਟੇਨ ਦੇ ਵੱਡੇ ਸਕੈਂਡਲ ਦੀ ਜਾਂਚ ਸ਼ੁਰੂ
ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਗਰਮੀਆਂ ਵਿੱਚ ਗਰੂਮਿੰਗ ਗੈਂਗਸ (ਬੱਚਿਆਂ ਦੇ ਜਿਨਸੀ ਸ਼ੋਸ਼ਣ ਕਰਨ ਵਾਲੇ ਗਿਰੋਹਾਂ) ਵਿਰੁੱਧ ਇੱਕ ਰਾਸ਼ਟਰੀ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਤਿੰਨ ਸਾਲਾ ਕਾਨੂੰਨੀ ਜਾਂਚ ਇਸ ਗੱਲ 'ਤੇ ਕੇਂਦਰਿਤ ਹੋਵੇਗੀ ਕਿ ਇਹ ਗੈਂਗ ਕਿਵੇਂ ਕੰਮ ਕਰਦੇ ਸਨ ਅਤੇ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਵਰਗੀਆਂ ਸੰਸਥਾਵਾਂ ਨੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਿਉਂ ਕੀਤੀ। ਸੁਰੱਖਿਆ ਮੰਤਰੀ ਜੇਸ ਫਿਲਿਪਸ ਨੇ ਮੰਗ ਕੀਤੀ ਹੈ ਕਿ ਇਸ ਜਾਂਚ ਦਾ ਦਾਇਰਾ ਵਧਾ ਕੇ ਇਸ ਵਿੱਚ ਬਰਮਿੰਘਮ ਅਤੇ ਬਰੈਡਫੋਰਡ ਵਰਗੇ ਸ਼ਹਿਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ।
ਮੌਜੂਦਾ ਸਥਿਤੀ: ਫਿਲਹਾਲ ਸਿਰਫ ਓਲਡਹਮ ਖੇਤਰ ਵਿੱਚ ਹੀ ਜਾਂਚ ਦੀ ਪੁਸ਼ਟੀ ਹੋਈ ਹੈ, ਪਰ ਹੋਰਨਾਂ ਸ਼ਹਿਰਾਂ ਵਿੱਚ ਵੀ ਅਜਿਹੇ ਮਾਮਲਿਆਂ ਨੂੰ ਦਬਾਉਣ ਦੇ ਦੋਸ਼ ਲੱਗ ਰਹੇ ਹਨ। ਮਾਹਿਰਾਂ ਅਨੁਸਾਰ ਇਹ ਸਿਰਫ਼ ਅਪਰਾਧੀਆਂ ਦੀ ਕਾਮਯਾਬੀ ਨਹੀਂ ਸੀ, ਸਗੋਂ ਇਹ ਸਿਸਟਮ ਦੀ ਇੱਕ ਬਹੁਤ ਵੱਡੀ 'ਸੰਸਥਾਗਤ ਨਾਕਾਮੀ' ਮੰਨੀ ਜਾ ਰਹੀ ਹੈ। ਪੁਲਿਸ ਅਤੇ ਪ੍ਰਸ਼ਾਸਨ 'ਤੇ ਇਹ ਦੋਸ਼ ਹੈ ਕਿ ਉਨ੍ਹਾਂ ਨੇ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਸਖ਼ਤ ਕਦਮ ਨਹੀਂ ਚੁੱਕੇ, ਜਿਸ ਕਾਰਨ ਅਪਰਾਧੀਆਂ ਦੇ ਹੌਸਲੇ ਵਧ ਗਏ।