ਪੰਜਾਬੀ ਗਾਇਕ ਬੂਟਾ ਮੁਹੰਮਦ ਦਾ ਭਗਵਾਨ ਵਾਲਮੀਕਿ ਸਭਾ ਯੂਰਪ ਦੇ ਆਗੂਆਂ ਵਲੋ ਇਟਲੀ ‘ਚ ਕੀਤਾ ਗਿਆ ਸਨਮਾਨਿਤ * ਸ਼੍ਰੀ ਸਨਾਤਨ ਧਰਮ ਮੰਦਿਰ ਲਵੀਨੀਓ ਵਿਖੇ 9 ਮਈ ਨੂੰ ਕਰਵਾਈ ਜਾ ਰਹੇ ਚੌਂਕੀ ਸਮਾਗਮ ਵਿੱਚ ਬੂਟਾ ਮੁਹੰਮਦ ਭਰਨਗੇ ਹਾਜ਼ਰੀ

 ਰੋਮ 8 ਮਈ (ਗੁਰਸ਼ਰਨ ਸਿੰਘ ਸੋਨੀ) ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਬੂਟਾ ਮੁਹੰਮਦ ਅੱਜਕੱਲ੍ਹ ਯੂਰਪ ਫੇਰੀ ਤੇ ਆਏ ਹੋਏ ਹਨ ਜਿੱਥੇ ਉਨ੍ਹਾਂ ਵੱਲੋਂ ਯੂਰਪ ਦੇ ਕੁਝ ਦੇਸ਼ਾਂ ਵਿੱਚ ਅਪਣੇ ਲੋਕ ਗੀਤਾਂ ਤੇ ਧਾਰਮਿਕ ਤੇ ਭੇਟਾ ਦਾ ਗੁਣਗਾਣ ਕਰਕੇ ਹਾਜ਼ਰੀ ਲਗਵਾਈ ਜਾ ਰਹੀ ਹੈ ਬੀਤੇ ਦਿਨ ਨੌਰਦ ਇਟਲੀ ਤੋ ਵਿਸ਼ੇਸ਼ ਤੌਰ ਤੇ ਰੋਮ ਦੇ ਪ੍ਰਸਿੱਧ ਸ਼ਹਿਰ ਲਵੀਨੀਓ ਵਿਖੇ ਪਹੁੰਚਣ ਤੇ ਜਿੱਥੇ ਗਾਇਕ ਦਾ ਵਿਸ਼ੇਸ਼ ਤੌਰ ਭਗਵਾਨ ਵਾਲਮੀਕਿ ਸਭਾ ਯੂਰਪ ਦੇ ਪ੍ਰਧਾਨ ਦਲਵੀਰ ਭੱਟੀ ਤੇ ਹੋਰ ਆਗੂਆਂ ਵਲੋ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ ਉਪਰੰਤ ਇੱਕ ਵਿਸ਼ੇਸ਼ ਮਿਲਣੀ ਸਮਾਗਮ ਦੌਰਾਨ ਭਗਵਾਨ ਵਾਲਮੀਕਿ ਸਭਾ ਯੂਰਪ ਦੇ ਆਗੂਆਂ ਵਲੋ ਗਾਇਕ ਬੂਟਾ ਮੁਹੰਮਦ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੂਜੇ ਪਾਸੇ ਇੰਡੋ ਇਟਾਲੀਅਨ ਵੈਲਫੇਅਰ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਨੂੰ ਕੁਮਾਰ ਸੋਨੀ ਤੇ ਸ੍ਰੀ ਸਨਾਤਨ ਧਰਮ ਮੰਦਿਰ ਲਵੀਨੀਓ ਦੇ ਕੁਝ ਪ੍ਰਬੰਧਕਾਂ ਵੱਲੋਂ ਦੱਸਿਆ ਕਿ 9 ਮਈ ਦਿਨ ਸ਼ਨਿਚਰਵਾਰ ਸ਼ਾਮ ਨੂੰ ਮੰਦਿਰ ਵਿੱਚ ਚੌਕੀ ਸਮਾਗਮ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਤੋ ਵਿਸ਼ੇਸ਼ ਤੌਰ ਤੇ ਯੂਰਪ ਫੇਰੀ ਤੇ ਪਹੁੰਚੇ ਪ੍ਰਸਿੱਧ ਪੰਜਾਬੀ ਗਾਇਕ ਬੂਟਾ ਮੁਹੰਮਦ ਵੱਲੋਂ ਸੰਗਤਾਂ ਵਿੱਚ ਹਾਜ਼ਰੀ ਭਰਨਗੇ ਤੇ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਣ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ । ਇਸ ਮੌਕੇ ਗਾਇਕ ਬੂਟਾ ਮੁਹੰਮਦ ਵੱਲੋਂ ਕਿਹਾ ਕਿ ਜਿਨ੍ਹਾਂ ਪਿਆਰ ਇਟਲੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਵੱਲੋਂ ਦਿੱਤਾ ਗਿਆ ਜਾਂ ਦਿੱਤਾ ਜਾ ਰਿਹਾ ਹੈ ਮੈਂ ਸਦਾ ਹੀ ਰਿਣੀ ਰਹਾਂਗਾ । ਮੰਦਿਰ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ 9 ਮਈ ਸ਼ਾਮ ਦੇ ਸਮਾਗਮਾਂ ਵਿੱਚ ਹੁੰਮ ਹੁਮਾ ਕੇ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਗਈ ਹੈ । ਇਸ ਮੌਕੇ ਕਮਲਜੀਤ ਸਿੰਘ ਸਾਗੀ, ਸਮਨਪ੍ਰੀਤ , ਸੁਖਵਿੰਦਰ ਸਿੰਘ ਤੇ ਜੋਧ ਸਿੰਘ ਆਦਿ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।