ਤਮਿਲਨਾਡੂ ਵਿੱਚ ਸਰਕਾਰ ਬਣਾਉਣ ਵੱਲ ਵਿਜੈ ਦਾ ਵੱਡਾ ਕਦਮ

ਚੰਡੀਗੜ੍ਹ : ਤਮਿਲਨਾਡੂ ਦੀ ਸਿਆਸਤ ਵਿੱਚ ਵੱਡੇ ਉਲਟਫੇਰ ਦਰਮਿਆਨ ਟੀਵੀਕੇ ਮੁਖੀ ਵਿਜੈ ਨੇ ਸਰਕਾਰ ਬਣਾਉਣ ਲਈ 121 ਵਿਧਾਇਕਾਂ ਦੇ ਸਮਰਥਨ ਵਾਲਾ ਪੱਤਰ ਰਾਜਪਾਲ ਨੂੰ ਸੌਂਪ ਦਿੱਤਾ ਹੈ। ਇਸ ਨਾਲ ਸੂਬੇ ਵਿੱਚ ਨਵੀਂ ਸਰਕਾਰ ਦੇ ਗਠਨ ਦੀਆਂ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ।

ਪਾਰਟੀ ਆਗੂ ਆਧਵ ਅਰਜੁਨ ਨੇ ਸਮਰਥਨ ਪੱਤਰ ਜਨਤਕ ਕਰਦਿਆਂ ਦਾਅਵਾ ਕੀਤਾ ਕਿ ਹੁਣ ਉਨ੍ਹਾਂ ਕੋਲ ਸਰਕਾਰ ਬਣਾਉਣ ਲਈ ਲੋੜੀਂਦਾ ਅੰਕੜਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਚੱਲ ਰਹੀਆਂ ਸਿਆਸੀ ਗੱਲਬਾਤਾਂ ਤੋਂ ਬਾਅਦ ਪਾਰਟੀ ਨੂੰ ਲਾਜ਼ਮੀ ਸਮਰਥਨ ਮਿਲ ਗਿਆ ਹੈ।

ਤਮਿਲਨਾਡੂ ਵਿੱਚ ਹਾਲ ਹੀ ਵਿੱਚ ਆਏ ਚੋਣ ਨਤੀਜਿਆਂ ਵਿੱਚ ਵਿਜੈ ਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਸੀ, ਪਰ ਸ਼ੁਰੂ ਵਿੱਚ ਬਹੁਮਤ ਲਈ ਲੋੜੀਂਦੀਆਂ ਸੀਟਾਂ ਦੀ ਕਮੀ ਕਾਰਨ ਸਰਕਾਰ ਬਣਾਉਣ &rsquoਤੇ ਅਣਿਸ਼ਚਿਤਤਾ ਬਣੀ ਹੋਈ ਸੀ। ਇਸ ਦੌਰਾਨ ਵਿਜੈ ਨੇ ਕਈ ਵਾਰ ਰਾਜਪਾਲ ਨਾਲ ਮੁਲਾਕਾਤ ਕਰਕੇ ਸਮਰਥਨ ਇਕੱਠਾ ਕਰਨ ਲਈ ਸਮਾਂ ਮੰਗਿਆ ਸੀ।

ਹੁਣ 121 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਸਾਹਮਣੇ ਆਉਣ ਤੋਂ ਬਾਅਦ ਤਮਿਲਨਾਡੂ ਵਿੱਚ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਤੇਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।