ਲੰਬੀ ਪੁੱਛਗਿੱਛ ਤੋਂ ਬਾਅਦ ਕੈਬਨਿਟ ਮੰਤਰੀ ਨੂੰ ਦਿੱਲੀ ਲੈ ਗਈ ਜਾਂਚ ਟੀਮ

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਲੰਬੀ ਪੁੱਛਗਿੱਛ ਤੋਂ ਬਾਅਦ ਜਾਂਚ ਏਜੰਸੀ ਦੀ ਟੀਮ ਦਿੱਲੀ ਲਈ ਲੈ ਕੇ ਰਵਾਨਾ ਹੋ ਗਈ। ਸਵੇਰੇ ਚੰਡੀਗੜ੍ਹ ਦੇ ਸੈਕਟਰ-2 ਸਥਿਤ ਉਨ੍ਹਾਂ ਦੀ ਰਿਹਾਇਸ਼ &rsquoਤੇ ਛਾਪੇਮਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਦਿਨ ਭਰ ਪੁੱਛਗਿੱਛ ਚੱਲਦੀ ਰਹੀ।
ਸੂਤਰਾਂ ਅਨੁਸਾਰ ਕਰੀਬ ਦੱਸ ਘੰਟਿਆਂ ਦੀ ਕਾਰਵਾਈ ਮਗਰੋਂ ਅਧਿਕਾਰੀ ਉਨ੍ਹਾਂ ਨੂੰ ਅੱਗੇ ਦੀ ਜਾਂਚ ਲਈ ਦਿੱਲੀ ਲੈ ਗਏ। ਇਸ ਦੌਰਾਨ ਜਾਂਚ ਟੀਮ ਦੇ ਕਾਫਲੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਮਾਮਲੇ ਸਬੰਧੀ ਵਿੱਤੀ ਲੈਣ-ਦੇਣ ਅਤੇ ਕਾਰੋਬਾਰੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕਾਰਵਾਈ &rsquoਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕੇਂਦਰੀ ਜਾਂਚ ਏਜੰਸੀਆਂ ਦੇ ਇਸਤੇਮਾਲ ਨੂੰ ਰਾਜਨੀਤਿਕ ਦਬਾਅ ਨਾਲ ਜੋੜਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ ਹਨ।
ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰਾਂ ਅਤੇ ਹੋਰ ਨੇਤਾਵਾਂ ਖ਼ਿਲਾਫ਼ ਜਾਂਚ ਏਜੰਸੀਆਂ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਚੁਣੀਆਂ ਹੋਈਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ ਅਤੇ ਪੰਜਾਬ ਦੇ ਲੋਕ ਇਸ ਸਥਿਤੀ ਨੂੰ ਧਿਆਨ ਨਾਲ ਦੇਖ ਰਹੇ ਹਨ।