ਮੋਂਟਰੀਅਲ ਦੇ ਗੁਰੂਘਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼.? 2 ਸਾਲ ਪੁਰਾਣੀ ਵੀਡੀਓ ਨੂੰ ਫਿਰ ਕੀਤਾ ਵਾਇਰਲ
_11May26031130AM.jpeg)
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਗੁਰਦੁਆਰਾ ਗੁਰੂ ਨਾਨਕ ਦਰਬਾਰ ਮੋਂਟਰੀਅਲ ਸਬੰਧੀ ਸੋਸ਼ਲ ਮੀਡੀਆ &lsquoਤੇ ਵਾਇਰਲ ਕੀਤੀ ਜਾ ਰਹੀ ਵੀਡੀਓ ਦੀ ਸੱਚਾਈ ਹੁਣ ਸਾਹਮਣੇ ਆ ਗਈ ਹੈ। ਪਰਬੰਧਕਾਂ ਨਾਲ ਸੰਪਰਕ ਕਰਨ &lsquoਤੇ ਪਤਾ ਲੱਗਿਆ ਕਿ ਇਹ ਵੀਡੀਓ ਕੋਈ ਤਾਜ਼ਾ ਘਟਨਾ ਨਹੀਂ, ਸਗੋਂ ਤਕਰੀਬਨ ਦੋ ਸਾਲ ਪੁਰਾਣੀ ਹੈ, ਜਿਸਨੂੰ ਕੁਝ ਸਰਾਰਤੀ ਅਨਸਰਾਂ ਵੱਲੋਂ ਜਾਣਬੁੱਝ ਕੇ ਗਲਤ ਰੰਗਤ ਦੇ ਕੇ ਕਮੇਟੀ ਨੂੰ ਬਦਨਾਮ ਕਰਨ ਲਈ ਮੁੜ ਵਾਇਰਲ ਕੀਤਾ ਗਿਆ। ਸੁਰਜੀਤ ਸਿੰਘ ਭਾਊ ਜੀ ਦੇ ਦੱਸਣ ਅਨੁਸਾਰ ਇਸ ਮਾਮਲੇ ਦਾ ਪੈਸਿਆਂ ਜਾਂ ਗੋਲਕ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਸੀ। ਅਸਲ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਮੇਹਰ ਸਿੰਘ ਵੱਲੋਂ ਗੁਰੂਘਰ ਦੇ ਪਰਧਾਨ ਲਈ ਗਲਤ ਸ਼ਬਦਾਵਲੀ ਵਰਤੀ ਗਈ। ਕਮੇਟੀ ਅਨੁਸਾਰ ਦਸਤਾਰ ਵੀ ਮੇਹਰ ਸਿੰਘ ਵੱਲੋਂ ਖੁਦ ਹੀ ਲਾਹੀ ਗਈ ਸੀ, ਜਿਸ ਤੋਂ ਬਾਅਦ ਕਮੇਟੀ ਨੇ ਉਸਨੂੰ ਲੰਬੇ ਸਮੇਂ ਲਈ ਸਸਪੈਂਡ ਕਰ ਦਿੱਤਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਯੂਟਿਊਬ ਚੈਨਲਾਂ ਅਤੇ ਸੋਸ਼ਲ ਮੀਡੀਆ ਪੇਜਾਂ ਨੇ ਬਿਨਾਂ ਸੱਚਾਈ ਜਾਣੇ ਹੀ ਵੱਡੀਆਂ-ਵੱਡੀਆਂ ਹੈਡਲਾਈਨਾਂ ਚਲਾ ਦਿੱਤੀਆਂ। ਹਾਲਾਂਕਿ, ਜਦੋਂ ਅਸਲੀ ਤੱਥ ਸਾਹਮਣੇ ਆਏ ਤਾਂ ਕਈ ਚੈਨਲਾਂ ਨੇ ਆਪਣੀਆਂ ਖ਼ਬਰਾਂ ਡਿਲੀਟ ਕਰਕੇ ਗਲਤੀ ਵੀ ਮੰਨੀ। ਕਮੇਟੀ ਮੁਤਾਬਕ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਕੋਲ ਵੀ ਪੇਸ਼ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਮੇਹਰ ਸਿੰਘ ਵੱਲੋਂ ਕੋਰਟ ਵਿੱਚ ਕੇਸ ਕੀਤਾ ਗਿਆ, ਜਿਸਦਾ ਫੈਸਲਾ ਵੀ ਆ ਚੁੱਕਾ ਹੈ। ਹੁਣ ਫਿਰ ਤੋਂ ਪੁਰਾਣੀ ਵੀਡੀਓ ਨੂੰ ਵਾਇਰਲ ਕਰਕੇ ਸੰਗਤ ਵਿੱਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਮੇਟੀ ਨੇ ਦੱਸਿਆ ਕਿ ਹਾਲ ਹੀ ਵਿੱਚ ਮੇਹਰ ਸਿੰਘ ਅਤੇ ਸਤਨਾਮ ਸਿੰਘ ਲੱਖੋਵਾਲ ਵੱਲੋਂ ਪਾਰਕ ਗੁਰੂਘਰ ਦੇ ਪਰਧਾਨ ਉੱਤੇ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਦੋਵੇਂ ਵਿਅਕਤੀਆਂ ਉੱਤੇ ਚਾਰਜ ਲਗਾਏ ਅਤੇ ਗੁਰੂਘਰ ਆਉਣ &lsquoਤੇ ਪਾਬੰਦੀ ਵੀ ਲਗਾ ਦਿੱਤੀ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਕਿੰਨਾ ਸਮਾਂ ਕੁਝ ਲੋਕ ਨਿੱਜੀ ਰੰਜਿਸ਼ਾਂ ਲਈ ਗੁਰੂਘਰਾਂ ਦਾ ਮਾਹੌਲ ਖਰਾਬ ਕਰਦੇ ਰਹਿਣਗੇ? ਸੰਗਤ ਅਤੇ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਕਿਸੇ ਵੀ ਵੀਡੀਓ ਜਾਂ ਖ਼ਬਰ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਉਸਦੀ ਸੱਚਾਈ ਜ਼ਰੂਰ ਪਰਖਣ, ਨਹੀਂ ਤਾਂ ਝੂਠ ਅਤੇ ਅਫਵਾਹਾਂ ਹੀ ਸੱਚ ਬਣ ਕੇ ਫੈਲਦੀਆਂ ਰਹਿਣਗੀਆਂ।