ਪੰਜਾਬ ਮੰਤਰੀ ਮੰਡਲ ਵਿੱਚ ਵੱਡੀ ਤਬਦੀਲੀ: ਸੰਜੀਵ ਅਰੋੜਾ ਦੇ ਵਿਭਾਗ ਤਿੰਨ ਹੋਰ ਮੰਤਰੀਆਂ ਨੂੰ ਸੌਂਪੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੈਦਾ ਹੋਏ ਹਾਲਾਤ ਨੂੰ ਵੇਖਦਿਆਂ ਅੱਜ ਦੇਰ ਸ਼ਾਮ ਉਨ੍ਹਾਂ ਦੇ ਅਹੁਦੇ ਅਤੇ ਵਿਭਾਗਾਂ ਦੀ ਵੰਡ ਨਵੇਂ ਸਿਰੇ ਤੋਂ ਕਰ ਦਿੱਤੀ ਹੈ। ਸੰਜੀਵ ਅਰੋੜਾ ਕੋਲ ਮੌਜੂਦ ਤਿੰਨ ਅਹਿਮ ਵਿਭਾਗ ਹੁਣ ਸਰਕਾਰ ਦੇ ਤਿੰਨ ਵੱਖ-ਵੱਖ ਮੰਤਰੀਆਂ ਨੂੰ ਸੌਂਪ ਦਿੱਤੇ ਗਏ ਹਨ।
ਨਵੀਂ ਵੰਡ ਅਨੁਸਾਰ:
ਤਰੁਣਪ੍ਰੀਤ ਸਿੰਘ ਸੌਂਦ ਨੂੰ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਹਰਜੋਤ ਸਿੰਘ ਬੈਂਸ ਨੂੰ ਸਥਾਨਕ ਸਰਕਾਰਾਂ ਵਿਭਾਗ ਸੌਂਪਿਆ ਗਿਆ ਹੈ।
ਅਮਨ ਅਰੋੜਾ ਨੂੰ ਉਦਯੋਗਿਕ ਵਿਭਾਗ ਦਾ ਕੰਮਕਾਜ ਦੇਖਣ ਲਈ ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਨੂੰ ਪਰਿਵਰਤਨ ਨਿਰਦੇਸ਼ਾਲੇ (ਈਡੀ) ਵੱਲੋਂ ਸੰਜੀਵ ਅਰੋੜਾ ਦੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ। ਲਗਭਗ 12 ਘੰਟਿਆਂ ਤੱਕ ਚੱਲੀ ਪੁੱਛਗਿੱਛ ਅਤੇ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਕਾਰਨ ਬਿਜਲੀ, ਸਥਾਨਕ ਸਰਕਾਰਾਂ ਅਤੇ ਉਦਯੋਗ ਵਰਗੇ ਅਹਿਮ ਮਹਿਕਮੇ ਬਿਨਾਂ ਕਿਸੇ ਮੁਖੀ ਦੇ ਰਹਿ ਗਏ ਸਨ। ਖ਼ਾਸ ਕਰਕੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਬਿਜਲੀ ਦੀ ਸਪਲਾਈ ਅਤੇ ਪ੍ਰਬੰਧਨ ਸਬੰਧੀ ਫੈਸਲੇ ਲੈਣ ਲਈ ਤਰੁਣਪ੍ਰੀਤ ਸਿੰਘ ਸੌਂਦ ਨੂੰ ਤੁਰੰਤ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ। ਸਰਕਾਰ ਵੱਲੋਂ ਇਹ ਫੈਸਲਾ ਪ੍ਰਸ਼ਾਸਨਿਕ ਕੰਮਾਂ ਵਿੱਚ ਨਿਰੰਤਰਤਾ ਬਣਾਈ ਰੱਖਣ ਲਈ ਲਿਆ ਗਿਆ ਹੈ।