ਨੇਪਾਲ ਵਿੱਚ ਵੱਡਾ ਹਵਾਈ ਹਾਦਸਾ ਟਲਿਆ: ਉਤਰਦੇ ਸਮੇਂ ਜਹਾਜ਼ ਨੂੰ ਲੱਗੀ ਅੱਗ, ਸਾਰੇ ਮੁਸਾਫ਼ਰ ਸੁਰੱਖਿਅਤ

ਕਾਠਮੰਡੂ: ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਅੱਜ ਇੱਕ ਭਿਆਨਕ ਹਾਦਸਾ ਹੋਣੋਂ ਬਚ ਗਿਆ। ਇੱਕ ਵਿਦੇਸ਼ੀ ਉਡਾਣ ਜਦੋਂ ਹਵਾਈ ਪੱਟੀ 'ਤੇ ਉਤਰੀ, ਤਾਂ ਉਸ ਨੂੰ ਅਚਾਨਕ ਅੱਗ ਲੱਗ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਮੁਸਤੈਦੀ ਸਦਕਾ ਸੈਂਕੜੇ ਜਾਨਾਂ ਬਚ ਗਈਆਂ।

ਇਹ ਘਟਨਾ ਤੁਰਕੀ ਤੋਂ ਆਏ ਜਹਾਜ਼ ਨਾਲ ਵਾਪਰੀ। ਜਿਵੇਂ ਹੀ ਜਹਾਜ਼ ਹਵਾਈ ਪੱਟੀ 'ਤੇ ਉਤਰਿਆ, ਉਸ ਦੇ ਪਹੀਆਂ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਹਵਾਈ ਅੱਡੇ 'ਤੇ ਮੌਜੂਦ ਹੰਗਾਮੀ ਸੇਵਾਵਾਂ ਨੇ ਬਿਨਾਂ ਦੇਰੀ ਕੀਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਦੀ ਮਦਦ ਨਾਲ ਸਥਿਤੀ 'ਤੇ ਕਾਬੂ ਪਾ ਲਿਆ।

ਸੁਰੱਖਿਆ ਮੁਖੀ ਰਾਜਕੁਮਾਰ ਸਿਲਾਵਲੇ ਨੇ ਦੱਸਿਆ ਕਿ ਜਹਾਜ਼ ਵਿੱਚ 278 ਮੁਸਾਫ਼ਰ ਅਤੇ 11 ਅਮਲੇ ਦੇ ਮੈਂਬਰ ਸਵਾਰ ਸਨ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿੱਚ ਸੰਯੁਕਤ ਰਾਸ਼ਟਰ ਦੇ ਕੁਝ ਉੱਚ ਅਧਿਕਾਰੀ ਵੀ ਸਵਾਰ ਸਨ।

ਹਵਾਈ ਅੱਡਾ ਪ੍ਰਸ਼ਾਸਨ ਅਤੇ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਸਮੇਂ ਸਿਰ ਕੀਤੀ ਗਈ ਕਾਰਵਾਈ ਨੇ ਇੱਕ ਵੱਡੀ ਤ੍ਰਾਸਦੀ ਹੋਣ ਤੋਂ ਰੋਕ ਲਿਆ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।