ਉੱਤਰੀ ਕੋਰੀਆ ਦਾ ਖ਼ਤਰਨਾਕ ਫੈਸਲਾ: ਸਰਵਉੱਚ ਆਗੂ 'ਤੇ ਹਮਲਾ ਹੋਣ ਦੀ ਸੂਰਤ ਵਿੱਚ ਆਪਣੇ-ਆਪ ਹੋਵੇਗਾ ਪਰਮਾਣੂ ਧਮਾਕਾ

ਪਿਓਂਗਯਾਂਗ: ਉੱਤਰੀ ਕੋਰੀਆ ਨੇ ਆਪਣੀਆਂ ਪ੍ਰਮਾਣੂ ਨੀਤੀਆਂ ਅਤੇ ਸੰਵਿਧਾਨ ਵਿੱਚ ਇੱਕ ਬੇਹੱਦ ਹੈਰਾਨੀਜਨਕ ਅਤੇ ਖ਼ਤਰਨਾਕ ਸੋਧ ਕੀਤੀ ਹੈ। ਨਵੇਂ ਨਿਯਮਾਂ ਅਨੁਸਾਰ, ਜੇਕਰ ਦੇਸ਼ ਦੇ ਸਰਵਉੱਚ ਆਗੂ ਕਿਮ ਜੋਂਗ ਉਨ 'ਤੇ ਕੋਈ ਜਾਨਲੇਵਾ ਹਮਲਾ ਹੁੰਦਾ ਹੈ ਜਾਂ ਕਿਸੇ ਬਾਹਰੀ ਹਮਲੇ ਕਾਰਨ ਉਹ ਦੇਸ਼ ਦੀ ਅਗਵਾਈ ਕਰਨ ਦੇ ਸਮਰੱਥ ਨਹੀਂ ਰਹਿੰਦੇ, ਤਾਂ ਉੱਤਰੀ ਕੋਰੀਆ ਦੀ ਫ਼ੌਜ ਵੱਲੋਂ ਤੁਰੰਤ ਅਤੇ ਆਪਣੇ-ਆਪ ਪਰਮਾਣੂ ਹਮਲਾ ਕਰ ਦਿੱਤਾ ਜਾਵੇਗਾ।
ਵਿਦੇਸ਼ੀ ਅਖ਼ਬਾਰਾਂ ਦੀਆਂ ਰਿਪੋਰਟਾਂ ਮੁਤਾਬਕ, ਉੱਤਰੀ ਕੋਰੀਆ ਨੇ ਇਹ ਕਦਮ ਮਾਰਚ ਮਹੀਨੇ ਵਿੱਚ ਇਰਾਨ 'ਤੇ ਹੋਏ ਹਮਲਿਆਂ ਤੋਂ ਬਾਅਦ ਚੁੱਕਿਆ ਹੈ। ਉਨ੍ਹਾਂ ਹਮਲਿਆਂ ਵਿੱਚ ਇਰਾਨ ਦੇ ਵੱਡੇ ਧਾਰਮਿਕ ਆਗੂ ਅਤੇ ਕਈ ਉੱਚ ਅਧਿਕਾਰੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੇ ਉੱਤਰੀ ਕੋਰੀਆ ਦੇ ਹਾਕਮਾਂ ਦੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਹੈ ਕਿ ਭਵਿੱਖ ਵਿੱਚ ਅਮਰੀਕਾ ਜਾਂ ਉਸ ਦੇ ਸਾਥੀ ਦੇਸ਼ ਉਨ੍ਹਾਂ ਦੀ ਉੱਚ ਲੀਡਰਸ਼ਿਪ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਇਸ ਨਵੀਂ ਸੋਧ ਦਾ ਮੁੱਖ ਮਕਸਦ ਦੁਸ਼ਮਣ ਦੇਸ਼ਾਂ ਨੂੰ ਇਹ ਸੁਨੇਹਾ ਦੇਣਾ ਹੈ ਕਿ ਜੇਕਰ ਉਨ੍ਹਾਂ ਨੇ ਉੱਤਰੀ ਕੋਰੀਆ ਦੇ ਮੁਖੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਪੂਰੀ ਦੁਨੀਆ ਨੂੰ ਭਿਆਨਕ ਨਤੀਜੇ ਭੁਗਤਣੇ ਪੈਣਗੇ। ਇਹ ਫੈਸਲਾ ਦੇਸ਼ ਦੀ ਸਰਵਉੱਚ ਸਭਾ ਦੇ ਵਿਸ਼ੇਸ਼ ਸਮਾਗਮ ਦੌਰਾਨ ਲਿਆ ਗਿਆ।
ਦੱਖਣੀ ਕੋਰੀਆ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਵੀ ਇਸ ਬਦਲਾਅ ਦੀ ਪੁਸ਼ਟੀ ਕੀਤੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਕੋਰੀਆਈ ਖੇਤਰ ਵਿੱਚ ਤਣਾਅ ਹੋਰ ਵਧ ਸਕਦਾ ਹੈ ਅਤੇ ਪਰਮਾਣੂ ਜੰਗ ਦਾ ਖ਼ਤਰਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੰਭੀਰ ਹੋ ਗਿਆ ਹੈ।