ਦੇਸ਼ ਦੀ ਨਿਘਰਦੀ ਆਰਥਿਕਤਾ ਲਈ ਕੇਂਦਰ ਜ਼ਿੰਮੇਵਾਰ: ਸੁਖਜਿੰਦਰ ਰੰਧਾਵਾ ਨੇ ਰਾਹੁਲ ਗਾਂਧੀ ਦੀਆਂ ਚੇਤਾਵਨੀਆਂ ਨੂੰ ਚੇਤੇ ਕਰਵਾਇਆ

ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਦੇਸ਼ ਦੇ ਮੌਜੂਦਾ ਮਾਲੀ ਹਾਲਾਤ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੋਣਾਂ ਤੋਂ ਬਹੁਤ ਪਹਿਲਾਂ ਹੀ ਆਰਥਿਕ ਮੰਦਹਾਲੀ, ਵਧਦੀ ਬੇਰੁਜ਼ਗਾਰੀ ਅਤੇ ਮਹਿੰਗਾਈ ਬਾਰੇ ਜੋ ਖ਼ਦਸ਼ੇ ਪ੍ਰਗਟਾਏ ਸਨ, ਉਹ ਅੱਜ ਸੱਚ ਸਾਬਤ ਹੋ ਰਹੇ ਹਨ।

ਰੰਧਾਵਾ ਨੇ ਕਿਹਾ ਕਿ ਪਿਛਲੇ 12 ਸਾਲਾਂ ਦੇ ਰਾਜ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਅਜਿਹੇ ਮੋੜ 'ਤੇ ਲਿਆ ਖੜ੍ਹਾ ਕੀਤਾ ਹੈ, ਜਿੱਥੇ ਆਮ ਜਨਤਾ ਨੂੰ ਆਪਣੇ ਰੋਜ਼ਾਨਾ ਦੇ ਖ਼ਰਚਿਆਂ ਅਤੇ ਘੁੰਮਣ-ਫਿਰਨ 'ਤੇ ਵੀ ਪਾਬੰਦੀਆਂ ਸੋਚਣੀਆਂ ਪੈ ਰਹੀਆਂ ਹਨ। ਉਨ੍ਹਾਂ ਸਲਾਹ ਦਿੱਤੀ ਕਿ ਪ੍ਰਧਾਨ ਮੰਤਰੀ ਨੂੰ ਅਜਿਹੇ ਸੰਜਮ ਦੀ ਸ਼ੁਰੂਆਤ ਪਹਿਲਾਂ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਆਗੂਆਂ ਦੇ ਕਾਫ਼ਲਿਆਂ ਵਿੱਚ ਗੱਡੀਆਂ ਦੀ ਗਿਣਤੀ ਘਟਾਈ ਜਾਵੇ ਅਤੇ ਵਿਦੇਸ਼ੀ ਦੌਰਿਆਂ 'ਤੇ ਹੋਣ ਵਾਲੇ ਬੇਲੋੜੇ ਖ਼ਰਚਿਆਂ ਨੂੰ ਰੋਕਿਆ ਜਾਵੇ।

ਸੰਸਦ ਮੈਂਬਰ ਨੇ ਮੰਗ ਕੀਤੀ ਕਿ ਦੇਸ਼ ਦੀ ਅਸਲ ਆਰਥਿਕ ਸਥਿਤੀ 'ਤੇ ਚਰਚਾ ਕਰਨ ਲਈ ਤੁਰੰਤ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੇਸ਼ ਵਾਸੀਆਂ ਨੂੰ ਭਰੋਸੇ ਵਿੱਚ ਲੈ ਕੇ ਸੱਚਾਈ ਦੱਸਣੀ ਚਾਹੀਦੀ ਹੈ।

ਰੰਧਾਵਾ ਅਨੁਸਾਰ, ਲਗਾਤਾਰ ਵਧ ਰਹੀ ਮਹਿੰਗਾਈ ਅਤੇ ਸੰਸਾਰ ਪੱਧਰ 'ਤੇ ਆ ਰਹੀ ਅਸਥਿਰਤਾ ਨੇ ਆਮ ਬੰਦੇ ਦਾ ਲੱਕ ਤੋੜ ਦਿੱਤਾ ਹੈ। ਅੱਜ ਕਿਸਾਨ, ਵਪਾਰੀ, ਨੌਜਵਾਨ ਅਤੇ ਮੱਧ ਵਰਗ ਦੇ ਲੋਕ ਭਾਰੀ ਮਾਲੀ ਦਬਾਅ ਹੇਠ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸਿਰਫ਼ ਪ੍ਰਚਾਰ ਅਤੇ ਵੱਡੇ ਸਮਾਗਮਾਂ ਵਿੱਚ ਰੁੱਝੀ ਹੋਈ ਹੈ, ਜੋ ਕਿ ਸਰਕਾਰ ਦੀ ਨਾਕਾਮੀ ਦਾ ਪ੍ਰਤੱਖ ਸਬੂਤ ਹੈ।