ਇਰਾਨ ਦੀ ਫ਼ੌਜ ਵੱਲੋਂ ਅਮਰੀਕਾ ਨੂੰ ਸਖ਼ਤ ਚੇਤਾਵਨੀ: "ਜੇ ਤੇਲ ਜਹਾਜ਼ਾਂ ਨੂੰ ਹੱਥ ਪਾਇਆ ਤਾਂ ਅਮਰੀਕੀ ਟਿਕਾਣਿਆਂ 'ਤੇ ਕਰਾਂਗੇ ਵੱਡਾ ਹਮਲਾ"

ਤੇਲਅਵੀਵ: ਇਰਾਨ ਦੀ ਸਰਵਉੱਚ ਫ਼ੌਜੀ ਟੁਕੜੀ (ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ) ਨੇ ਅਮਰੀਕਾ ਨੂੰ ਸਿੱਧੇ ਟਕਰਾਅ ਦੀ ਚੇਤਾਵਨੀ ਦਿੱਤੀ ਹੈ। ਇਰਾਨੀ ਜਲ ਸੈਨਾ ਦੇ ਮੁਖੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਜੇਕਰ ਖਾੜੀ ਖੇਤਰ ਜਾਂ ਸਮੁੰਦਰੀ ਰਸਤਿਆਂ ਵਿੱਚ ਇਰਾਨ ਦੇ ਤੇਲ ਵਾਲੇ ਜਹਾਜ਼ਾਂ ਜਾਂ ਵਪਾਰਕ ਬੇੜਿਆਂ 'ਤੇ ਮੁੜ ਹਮਲਾ ਹੋਇਆ, ਤਾਂ ਅਮਰੀਕੀ ਫ਼ੌਜੀ ਟਿਕਾਣਿਆਂ ਅਤੇ ਉਨ੍ਹਾਂ ਦੇ ਜੰਗੀ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਕੇ ਵੱਡੀ ਜਵਾਬੀ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਇਰਾਨੀ ਹਵਾਈ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀਆਂ ਮਿਜ਼ਾਈਲਾਂ ਅਤੇ ਮਾਰੂ ਡਰੋਨ (ਬਿਨਾਂ ਚਾਲਕ ਵਾਲੇ ਜਹਾਜ਼) ਪਹਿਲਾਂ ਹੀ ਅਮਰੀਕੀ ਟਿਕਾਣਿਆਂ 'ਤੇ ਨਿਸ਼ਾਨਾ ਸਾਧ ਚੁੱਕੇ ਹਨ। ਉਨ੍ਹਾਂ ਅਨੁਸਾਰ ਫ਼ੌਜ ਹੁਣ ਸਿਰਫ਼ ਹਮਲੇ ਦਾ ਹੁਕਮ ਮਿਲਣ ਦੀ ਉਡੀਕ ਕਰ ਰਹੀ ਹੈ।
ਦੂਜੇ ਪਾਸੇ, ਵਿਦੇਸ਼ੀ ਅਖ਼ਬਾਰਾਂ ਦੀਆਂ ਰਿਪੋਰਟਾਂ ਮੁਤਾਬਕ ਅਮਰੀਕਾ ਨੇ ਇਸ ਵਿਵਾਦ ਨੂੰ ਸੁਲਝਾਉਣ ਲਈ ਇੱਕ 14 ਨੁਕਾਤੀ ਖਰੜਾ ਤਿਆਰ ਕੀਤਾ ਹੈ। ਇਰਾਨ ਇਸ ਵੇਲੇ ਉਸ ਪ੍ਰਸਤਾਵ 'ਤੇ ਵਿਚਾਰ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਬੀਤੇ ਦਿਨੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦ ਜਤਾਈ ਸੀ ਕਿ ਜਲਦੀ ਹੀ ਇਸ ਮਾਮਲੇ 'ਤੇ ਇਰਾਨ ਵੱਲੋਂ ਕੋਈ ਜਵਾਬ ਮਿਲ ਸਕਦਾ ਹੈ। ਫਿਲਹਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਸਿਖ਼ਰ 'ਤੇ ਹੈ ਅਤੇ ਖੇਤਰ ਵਿੱਚ ਜੰਗ ਦਾ ਖ਼ਤਰਾ ਬਣਿਆ ਹੋਇਆ ਹੈ।