ਇਟਲੀ ਦੇ ਪਿਆਂਚੇਂਸਾ ਰਹਿੰਦਾ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਬੱਗਾ ਯੂਰਪ ਲੈਵਲ ਦੇ ਪੇਂਟਿੰਗ ਮੁਕਾਬਲੇ 'ਚ ਸਨਮਾਨ ਪ੍ਰਾਪਤ ਕਰਕੇ ਆਇਆ ਫਿਰ ਚਰਚਾਂ ਵਿੱਚ

ਰੋਮ  (ਗੁਰਸ਼ਰਨ ਸਿੰਘ ਸੋਨੀ) ਇਟਲੀ ਦੀ ਧਰਤੀ ਤੇ ਪੰਜਾਬੀ ਇਨੀ ਦਿਨੀ ਛਾਏ ਹੋਏ ਹਨ ਅਤੇ ਵੱਖ ਵੱਖ ਕੰਮਾਂ ਰਾਹੀਂ ਜਿਵੇਂ ਕਿ ਸਰਕਾਰੀ ਨੌਕਰੀਆਂ ਵਿੱਚ ਭਰਤੀ ਹੋ ਕੇ,ਵਧੀਆ ਪੜ੍ਹਾਈਆਂ ਕਰਕੇ ਇੰਨੀ ਦਿਨੀ ਪੰਜਾਬੀਆਂ ਦੇ ਚਰਚੇ ਹਨ।ਇਟਲੀ ਦੇ ਪਿਆਚੇਸਾ ਜ਼ਿਲੇ ਦਾ ਰਹਿਣ ਵਾਲਾ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਬੱਗਾ ਆਪਣੇ ਵੱਖਰੇ ਹੁਨਰ ਨਾਲ ਚਰਚਾ ਵਿੱਚ ਰਹਿੰਦਾ ਹੈ ਅਤੇ ਪੰਜਾਬੀਆਂ ਦਾ ਮਾਣ ਵਧਾ ਰਿਹਾ ਹੈ। ਪ੍ਰੈਸ ਨਾਲ ਗੱਲਬਾਤ ਦੌਰਾਨ ਬੱਗਾ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਟਲੀ ਦਾ ਵਾਸੀ ਹੈ ਅਤੇ ਕੰਮ ਕਾਰ ਤੋਂ ਇਲਾਵਾ ਆਪਣੇ ਸ਼ੋਕ ਵੀ ਬਾਖੂਬੀ ਪੂਰੇ ਕਰ ਰਿਹਾ ਹੈ। ਉਹ ਇੱਕ ਆਰਟਿਸਟ ਹੈ, ਅਤੇ ਪੰਜਾਬੀ ਸੰਗੀਤ ਨਾਲ ਜੁੜਿਆ ਹੈ ਅਤੇ ਇਕ ਸਾਲ ਇਟਾਲੀਅਨ ਮਿਊਜ਼ੀਕਲ ਗਰੁੱਪ "ਈਓ ਵਾਗਾਬੋਂਦੀ" 'ਚ ਵੀ ਮਿਊਜਿਕ ਵਜਾ ਚੁੱਕਾ ਹੈ। ਇਸ ਤੋਂ ਇਲਾਵਾ ਫੋਟੋ ਪੇਂਟਿੰਗ, ਲੱਕੜ ਦੇ ਲੈਂਪ ਅਤੇ ਮਾਡਰਨ ਆਰਟ ਪੇਂਟਿੰਗ ਦੀਆਂ ਕਈ ਪ੍ਰਤੀਯੋਗਤਾਵਾਂ ਵਿੱਚ ਭਾਗ ਲੈ ਚੁੱਕਾ ਹੈ ਅਤੇ ਪਹਿਲਾ ਦੂਜਾ ਸਥਾਨ ਪ੍ਰਾਪਤ ਕਰ ਚੁੱਕਾ ਹੈ। ਇਸ ਵਾਰ ਯੂਰਪ ਪੇਂਟਿੰਗ ਆਰਟ 2025 ਵਿੱਚ ਪੂਰੇ ਯੂਰਪ ਵਿੱਚੋਂ 1000 ਆਰਟਿਸਟਾਂ ਨੇ ਭਾਗ ਲਿਆ। ਜਿਨਾਂ ਵਿੱਚੋਂ ਸੰਸਥਾ ਵੱਲੋਂ 400 ਲੋਕਾਂ ਦੀਆਂ ਪੇਂਟਿੰਗਸ ਚੁਣੀਆਂ ਗਈਆਂ ਸਨ। ਮਾਣ ਦੀ ਗੱਲ ਹੈ ਕਿ 400 ਵਿੱਚੋਂ ਅੰਮ੍ਰਿਤਪਾਲ ਬੱਗਾ ਦੀ ਪੇਂਟਿੰਗ ਸਮਾਨਾਂ ਨੂੰ 30ਵਾਂ ਸਥਾਨ ਪ੍ਰਾਪਤ ਹੋਇਆ। ਇਨਾਮ ਪ੍ਰਾਪਤ ਕਰਨ ਵਾਲੀਆਂ ਪੇਂਟਿੰਗ ਦੇ ਆਰਟਿਸਟਾਂ ਨੂੰ ਚਾਰ ਗਰੁੱਪਾਂ ਵਿੱਚ ਇਟਲੀ ਦੇ ਮਸ਼ਹੂਰ ਪਾਣੀ ਵਾਲੇ ਸ਼ਹਿਰ ਵਨੇਸ਼ੀਆ(ਵੀਨਸ) ਵਿਖੇ ਬੁਲਾ ਕੇ ਸਕੂਲ "ਆਰਤੇ ਗਰਾਂਦੇ ਦੀ ਸਨ ਜਵਾਨੀ ਏਵਾਂਜੇਲੀਸਤਾ" ਵਿਖੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਅੰਮ੍ਰਿਤਪਾਲ ਬੱਗਾ ਨੇ ਵੀ ਸੰਸਥਾ ਦੇ ਮੈਂਬਰਾਂ ਤੋਂ ਸਨਮਾਨ ਪ੍ਰਾਪਤ ਕੀਤਾ। &zwnj