ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਨੇ ਚੁਫੇਰਿਓ ਖਾਲਸਈ ਧੁੰਨਾਂ ਵਿੱਚ ਗੂੰਜਣ ਲਗਾ ਦਿੱਤਾ ਸ਼ਹਿਰ ਪੁਨਤੀਨੀਆਂ

ਰੋਮ  (ਗੁਰਸ਼ਰਨ ਸਿੰਘ ਸੋਨੀ) ਭਾਰਤੀ ਸਮਾਜ ਵਿੱਚੋਂ ਜਾਤ-ਪਾਤ ਰੂਪੀ ਕੌਹੜ,ਉੱਚ-ਨੀਚ,ਭਿੰਨ-ਭੇਦ ਤੇ ਗੈਰ-ਬਰਾਬਰਤਾ ਨੂੰ ਖਤਮ ਕਰਨ, ਸਿੱਖ ਸੰਗਤਾਂ ਨੂੰ ਵਿਲੱਖਣ ਤੇ ਨਿਰਾਲਾ ਰੁੱਤਬਾ ਦੇਣ ਲਈ ਮਹਾਨ ਸਿੱਖ ਧਰਮ ਦੇ ਦਸਮੇਸ਼ ਪਿਤਾ,ਸਰਬੰਸਦਾਨੀ,ਸੰਤ ਸਿਪਾਹੀ,ਸਾਹਿਬੇ-ਕਮਾਲ ਮਰਦ ਆਗੰਮਬੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਵੱਲੋਂ ਸਾਜੇ ਖਾਲਸਾ ਪੰਥ ਦੇ 327ਵੇਂ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲੀਆਰਾ ਰੋਡ ਨੰਬਰ 47 ਪੁਨਤੀਨੀਆ(ਲਾਤੀਨਾ)ਦੀ ਪ੍ਰਬੰਧਕ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ
ਸਿੱਖ ਪ੍ਰਮਪਰਾ ਤਹਿਤ ਬਹੁਤ ਹੀ ਸ਼ਰਧਾ,ਸਤਿਕਾਰ,ਜੋਸੋ਼ ਖਰੋਸ ਨਾਲ ਸਜਾਇਆ ਗਿਆ ਜਿਸ ਵਿੱਚ ਇਟਲੀ ਭਰ ਤੋਂ ਸਿੱਖ ਸੰਗਤਾਂ ਦੇ ਵੱਡੇ ਹਜੂਮ ਨੇ ਹਾਜ਼ਰੀ ਭਰਦਿਆਂ ਖਾਲਸੇ ਦੀ ਚੜ੍ਹਦੀ ਕਲਾ ਦੇ ਜੈਕਾਰੇ "ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ"ਲਗਾਉਂਦਿਆਂ ਸ਼ਹਿਰ ਪੁਨਤੀਨੀਆਂ ਚੁਫਰੇਰਿਓ ਖਾਲਸਈ ਧੁੰਨਾਂ ਵਿੱਚ ਗੂੰਜਣ ਲਗਾ ਦਿੱਤਾ।ਨਗਰ ਕੀਰਤਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰੇ ਤੇ ਪੰਜ ਨਿਸ਼ਾਨੀ ਸਿੰਘਾਂ ਦੀ ਅਗਵਾਈ ਵਿੱਚ ਸ਼ਹਿਰ ਪੁਨਤੀਨੀਆਂ ਦੀ ਦੁਪਿਹਰ ਤੋਂ ਪ੍ਰਕਰਮਾ ਕਰਦਾ ਆਥਣ ਵੇਲੇ ਸ਼ਹਿਰ ਦੇ ਵਿਚਕਾਰ ਵਾਲੇ ਚੌਂਕ ਵਿੱਚ ਸਮਾਪਤ ਹੋਇਆ।ਨਗਰ ਕੀਰਤਨ ਦੀਆਂ ਹਾਜ਼ਰੀਨ ਸੰਗਤਾਂ ਵਾਸਤੇ ਸੇਵਾਦਾਰਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਲੰਗਰ ਵਰਤਾਏ ਗਏ।ਇਸ ਮੌਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੀ ਸਵਾਰੀ ਪਲਾਕੀ ਜੋ ਕਿ ਫੁੱਲਾਂ ਨਾਲ ਸਜਾਈ ਹੋਈ ਸੀ ਦੇ ਮਗਰ ਚੱਲ ਰਿਹਾ ਸੰਗਤ ਦਾ ਹਜੂਮ ਖਾਲਸੇ ਦੀ ਚੜ੍ਹਦੀ ਕਲਾ ਦੇ ਜੈਕਾਰੇ ਲਗਾਉਂਦਾ ਅਲੌਕਿਕ ਨਜ਼ਾਰੇ ਪੇਸ਼ ਕਰ ਰਿਹਾ ਸੀ।ਇਸ ਮੌਕੇ ਸਜੇ ਦੀਵਾਨਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ,ਢਾਡੀ ਤੇ ਕੀਰਤਨੀਏ ਆਦਿ ਨੇ ਹਾਜ਼ਰੀ ਭਰੀ ਜਿਹਨਾਂ ਵਿੱਚ ਪ੍ਰਸਿੱਧ ਢਾਡੀ ਜੱਥਾ ਗਿਆਨੀ ਸੁਖਜਿੰਦਰ ਸਿੰਘ ਨੂਰ ਤੇ ਸਾਥੀਆਂ ਨੇ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਖਾਲਸੇ ਦਾ ਗੌਰਵਮਈ ਲਾਸਾਨੀ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਸਰਵਣ ਕਰਵਾਇਆ।ਇਸ ਮੌਕੇ ਗੁਰਦੁਆਰਾ ਸਿੰਘ ਸਭਾ ਨਵੀਂ ਇਮਾਰਤ ਪੁਨਤੀਨੀਆਂ(ਲਾਤੀਨਾ)ਦੀ ਪ੍ਰਬੰਧਕ ਕਮੇਟੀ ਪ੍ਰਧਾਨ ਦਲਜੀਤ ਸਿੰਘ ਸੋਢੀ ਤੇ ਸਮੂਹ ਮੈਂਬਰਾਂ ਸਾਂਝੈ ਤੌਰ ਤੇ ਸਿੱਖ ਸੰਗਤ ਨੂੰ ਖਾਲਸਾ ਦੇ ਸਾਜਨਾ ਦਿਵਸ ਦੇ 327ਵੇਂ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਟਲੀ ਵਿੱਚ ਖਾਲਸਾ ਪੰਥ ਦਾ ਸਾਜਨਾ ਦਿਵਸ ਅਹਿਮ ਦਿਵਸ ਹੈ ਸਿੱਖ ਸੰਗਤ ਲਈ ਇਸ ਮੌਕੇ ਨਗਰ ਕੀਰਤਨ ਸਜਾਉਣ ਨਾਲ ਅਸੀਂ ਇਟਾਲੀਅਨ ਤੇ ਨਵੀਂ ਸਿੱਖ ਪੀੜ੍ਹੀ ਨੂੰ ਖਾਲਸੇ ਦਾ ਕੁਰਬਾਨੀਆਂ ਨਾਲ ਭਰਿਆ ਗੌਰਵਮਈ ਇਤਿਹਾਸ ਸਮਝਾ ਸਕਦੇ ਹਾਂ ।ਉਹਨਾਂ ਕਿਹਾ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਇਟਲੀ ਦੀ ਸਿੱਖ ਸੰਗਤ ਨੂੰ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਇੱਕਠੇ ਹੋਣ ਦੀ ਅਪੀਲ ਵੀ ਕੀਤੀ ਹੈ।ਇਸ ਵਿਸ਼ਾਲ ਨਗਰ ਕੀਰਤਨ ਵਿੱਚ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਤੋਂ ਪਹੁੰਚੀਆਂ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਪ੍ਰਬੰਧਕਾਂ ਨੇ ਉਚੇਚਾ ਧੰਨਵਾਦ ਕਰਦਿਆਂ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖ਼ਸੀਸ ਸਿਰਪਾਓ ਨਾਲ ਵਿਸੇ਼ਸ ਸਨਮਾਨ ਵੀ ਕੀਤਾ।ਕਈ ਉੱਚ ਅਧਿਕਾਰੀਆਂ ਤੋਂ ਇਲਾਵਾ ਨਗਰ ਕੌਂਸਲ ਪੁਨਤੀਨੀਆਂ ਦੇ ਉੱਚ ਅਧਿਕਾਰੀਆਂ ਵੀ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰੀ ਤੇ ਸਭ ਨੂੰ ਵਿਸੇ਼ਸ ਵਧਾਈ ਵੀ ਦਿੱਤੀ।ਨਗਰ ਕੀਰਤਨ ਨੂੰ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਨੇ
ਗਹੂ ਨਾਲ ਦੇਖਿਆਂ ਹੀ ਨਹੀਂ ਸਗੋਂ ਸ਼ਰਧਾ ਤੇ ਅਦਬ ਨਾਲ ਗੁਰੂ ਸਾਹਿਬ ਨੂੰ ਸਿਜਦਾ ਵੀ ਕੀਤਾ।